ਹੁਣ ਆਧੁਨਿਕ ਮਸ਼ੀਨ ਨਾਲ ਹੋਵੇਗੀ ਟੀ.ਬੀ ਰੋਗ ਦੇ ਮਰੀਜ਼ਾਂ ਦੀ ਜਾਂਚ: ਸਿਵਲ ਸਰਜਨ

Last Updated: Jan 11 2018 20:26

ਟੀ.ਬੀ ਰੋਗ ਦੇ ਮਰੀਜ਼ਾਂ ਦੀ ਹੁਣ ਜ਼ਿਲ੍ਹਾ ਟੀ.ਬੀ ਸੈਂਟਰ ਵਿਖੇ ਆਧੁਨਿਕ ਮਸ਼ੀਨ ਦੇ ਨਾਲ ਮਰੀਜ਼ਾਂ ਦਾ ਕਲਚਰ ਅਤੇ ਡਰੱਗ ਸੈਂਸਟੀਵਿਟੀ ਦੀ ਜਾਂਚ ਹੋਵੇਗੀ। ਜਿਸ ਨਾਲ ਟੀ.ਬੀ ਰੋਗ ਦੇ ਮਰੀਜ਼ਾਂ ਦਾ ਇਲਾਜ ਕਰਨਾ ਸੌਖਾ ਹੋ ਜਾਵੇਗਾ ਅਤੇ ਜਾਂਚ 'ਚ ਸਮਾਂ ਨਹੀਂ ਲੱਗੇਗਾ। ਹਸਪਤਾਲ 'ਚ ਨਵੀਂ ਆਧੁਨਿਕ ਮਸ਼ੀਨ ਸਥਾਪਿਤ ਹੋਣ ਸਬੰਧੀ ਸਿਵਲ ਸਰਜਨ ਡਾ. ਹਰਮਿੰਦਰ ਕੌਰ ਸੋਢੀ ਵੱਲੋਂ ਜ਼ਿਲ੍ਹਾ ਹਸਪਤਾਲ ਵਿਖੇ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਡਾਕਟਰ ਮੈਂਬਰਾਂ ਨਾਲ ਵਿਸ਼ੇਸ਼ ਤੌਰ 'ਤੇ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਮੀਟਿੰਗ ਉਪਰੰਤ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਹਰਮਿੰਦਰ ਕੌਰ ਸੋਢੀ ਨੇ ਦੱਸਿਆ ਕਿ ਟੀ.ਬੀ ਕੰਟਰੋਲ ਪ੍ਰੋਗਰਾਮ ਅਧੀਨ ਜ਼ਿਲ੍ਹੇ 'ਚ 6 ਮਾਈਕਰੋਸਕੋਪੀ ਸੈਂਟਰ ਹਨ। ਜਿਨ੍ਹਾਂ 'ਚ ਫ਼ਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਅਮਲੋਹ, ਚਨਾਰਥਲ ਕਲਾਂ, ਨੰਦਪੁਰ ਕਲੌੜ ਅਤੇ ਸੰਘੋਲ 'ਚ ਚੱਲ ਰਹੇ ਮਾਈਕਰੋਸਕੋਪੀ ਸੈਂਟਰਾਂ 'ਚ ਟੀ.ਬੀ ਰੋਗ ਦੇ ਸ਼ੱਕੀ ਮਰੀਜ਼ਾਂ ਦੀ ਬਲਗਮ ਦੀ ਜਾਂਚ ਕੀਤੀ ਜਾਂਦੀ ਹੈ। 31 ਦਸੰਬਰ 2017 ਤੱਕ 624 ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ ਜਾ ਚੁੱਕਾ ਹੈ।

ਸਿਵਲ ਸਰਜਨ ਡਾ.ਸੋਢੀ ਨੇ ਦੱਸਿਆ ਕਿ ਡਾਕਟਰ ਦੀ ਸਲਾਹ ਨਾਲ ਲਗਾਤਾਰ ਦਵਾਈ ਲੈਣ ਅਤੇ ਸਮੇਂ-ਸਮੇਂ 'ਤੇ ਟੈੱਸਟ ਕਰਵਾਉਣ ਨਾਲ ਮਰੀਜ਼ ਇਸ ਬਿਮਾਰੀ ਤੋਂ ਪੂਰੀ ਤਰਾਂ ਠੀਕ ਹੋ ਜਾਂਦਾ ਹੈ। ਉਨ੍ਹਾਂ ਆਈ.ਐਮ.ਏ ਦੇ ਮੈਂਬਰ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਜ ਅਧੀਨ ਟੀ.ਬੀ ਦੇ ਮਰੀਜ਼ਾਂ ਨੂੰ ਨੋਟੀਫਾਈ ਕਰਨ ਅਤੇ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਭੇਜਣੀ ਯਕੀਨੀ ਬਣਾਉਣ ਤਾਂ ਕਿ ਜ਼ਿਲ੍ਹੇ ਵਿੱਚ ਟੀ.ਬੀ ਦੇ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ਦੀ ਸਹੀ ਗਿਣਤੀ ਸਾਹਮਣੇ ਆ ਸਕੇ।

ਇਸ ਮੌਕੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ 2 ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ ਅਤੇ ਟੀ.ਬੀ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਟੀ.ਬੀ ਦੀ ਜਾਂਚ ਅਤੇ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਮੰਡੀ ਗੋਬਿੰਦਗੜ੍ਹ ਵਿੱਚ ਟੀ.ਬੀ ਦੇ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਸਰਵੇ ਵੀ ਕਰਵਾਇਆ ਜਾ ਰਿਹਾ ਹੈ।

ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਕਿਰਪਾਲ ਸਿੰਘ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਪ੍ਰਸ਼ੋਤਮ ਦਾਸ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਨਵਜੋਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਗਦੀਸ਼ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸ਼ੈਲੀ ਜੇਤਲੀ, ਜ਼ਿਲ੍ਹਾ ਡੈਂਟਲ ਹੈਲਥ ਅਫ਼ਸਰ ਡਾ. ਸੁਦਰਸ਼ਨ ਕੌਰ, ਜ਼ਿਲ੍ਹਾ ਸਕੂਲ ਹੈਲਥ ਮੈਡੀਕਲ ਅਫ਼ਸਰ ਡਾ. ਨਵਨੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਅਮਰਜੀਤ ਸਿੰਘ ਸੋਹੀ, ਡਿਪਟੀ ਐਮ.ਈ.ਆਈ.ਓ ਬਲਜਿੰਦਰ ਸਿੰਘ ਆਦਿ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।