ਕਾਰ ਸਵਾਰ ਦੋ ਵਿਅਕਤੀਆਂ ਕੋਲੋਂ ਪੁਲਿਸ ਨੇ ਬਰਾਮਦ ਕੀਤੀ ਇੱਕ ਕਿੱਲੋ ਸੋਨੇ ਦੀ ਇੱਟ

Last Updated: Jan 11 2018 20:14

ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਅਤੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਕਾਬੂ ਕਰਨ ਸਬੰਧੀ ਜ਼ਿਲ੍ਹਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਕੀਤੀ ਜਾ ਰਹੀ ਚੈਕਿੰਗ ਦੌਰਾਨ ਦੋਰਾਹਾ ਪੁਲਿਸ ਨੇ ਸਵਿਫ਼ਟ ਕਾਰ ਸਵਾਰ ਦੋ ਵਿਅਕਤੀਆਂ ਨੂੰ ਨਜਾਇਜ਼ ਤੌਰ 'ਤੇ ਲੈ ਜਾ ਰਹੇ ਇੱਕ ਕਿੱਲੋ ਸੋਨੇ ਦੀ ਇੱਟ ਸਮੇਤ ਕਾਬੂ ਕੀਤਾ ਹੈ। ਬਰਾਮਦ ਹੋਏ ਸੋਨੇ ਦੀ ਕੀਮਤ ਕਰੀਬ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਮਾਨਵ ਕਪੂਰ ਅਤੇ ਅਰੁਣ ਕੁਮਾਰ ਸ਼ਰਮਾ ਦੇ ਤੌਰ 'ਤੇ ਹੋਈ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ ਦੇ ਡੀ.ਐਸ.ਪੀ (ਆਈ) ਰਣਜੀਤ ਸਿੰਘ ਦੇਸ਼ਾਂ ਨੇ ਦੱਸਿਆ ਕਿ ਪੁਲਿਸ ਥਾਣਾ ਦੋਰਾਹਾ ਦੇ ਐਸ.ਐਚ.ਓ ਇੰਸਪੈਕਟਰ ਮਨਜੀਤ ਸਿੰਘ ਵੱਲੋਂ ਥਾਣੇਦਾਰ ਸੁਰਜੀਤ ਸਿੰਘ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵੀਰਵਾਰ ਦੁਪਹਿਰ ਤਿੰਨ ਵਜੇ ਦੋਰਾਹਾ ਜੀ.ਟੀ ਰੋਡ ਸਥਿਤ ਨਹਿਰ ਪੁਲ ਨਜ਼ਦੀਕ ਕੀਤੀ ਗਈ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਪਾਰਟੀ ਨੇ ਖੰਨਾ ਸ਼ਹਿਰ ਵਾਲੀ ਸਾਈਡ ਤੋਂ ਲੁਧਿਆਣਾ ਵੱਲ ਜਾ ਰਹੀ ਇੱਕ ਸਵਿਫ਼ਟ ਕਾਰ ਨੰ. ਪੀ.ਬੀ-10 ਐਫ.ਡਬਲਯੂ-4403 ਨੂੰ ਚੈਕਿੰਗ ਦੇ ਲਈ ਰੋਕਿਆ ਗਿਆ।

ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਕਾਰ 'ਚ ਸਵਾਰ ਮਾਨਵ ਕਪੂਰ ਅਤੇ ਅਰੁਣ ਕੁਮਾਰ ਸ਼ਰਮਾ ਦੀ ਤਲਾਸ਼ੀ ਲਈ ਗਈ ਤਾਂ ਮਾਨਵ ਕਪੂਰ ਦੇ ਪਹਿਨੇ ਹੋਏ ਕੋਟ ਦੀ ਜੇਬ ਚੋਂ ਸੋਨੇ ਦੀ ਬਣੀ ਇੱਕ ਕਿੱਲੋ ਵਜ਼ਨ ਦੀ ਇੱਟ ਬਰਾਮਦ ਹੋਈ।