ਵਿਨੋਦ ਖੰਨਾ ਦੀ ਖਾਲੀ ਕੋਠੀ ਦੀ ਸੁਰੱਖਿਆ ਵਿੱਚ 3 ਮੁਲਾਜ਼ਮ ਤੈਨਾਤ

Last Updated: Jan 11 2018 19:38

ਗੁਰਦਾਸਪੁਰ ਹਲਕੇ ਦੇ ਸਾਂਸਦ ਰਹੇ ਸਿਨੇ ਸਟਾਰ ਵਿਨੋਦ ਖੰਨਾ ਦੀ ਮੌਤ 8 ਮਹੀਨੇ ਪਹਿਲੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਹੋਈ ਸੀ। ਉਸ ਦੇ ਬਾਅਦ ਨਵੀਂ ਚੋਣ ਹੋਈ ਅਤੇ ਹੁਣ ਕਾਂਗਰਸ ਦੇ ਸੁਨੀਲ ਜਾਖੜ ਨਵੇਂ ਸਾਂਸਦ ਬਣ ਗਏ ਹਨ। ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਮੁੰਬਈ ਵਿੱਚ ਰਹਿੰਦੀ ਹੈ, ਪਰ ਖੰਨਾ ਦੀ ਪਠਾਨਕੋਟ ਦੇ ਸ਼ੈਲੀ ਰੋਡ ਸਥਿਤ ਕੋਠੀ ਉਪਰ ਅਜੇ ਵੀ 3 ਪੁਲਿਸ ਮੁਲਾਜ਼ਮ ਡਿਊਟੀ ਦੇ ਰਹੇ ਹਨ, ਜਦਕਿ ਕੋਠੀ ਪੂਰੀ ਤਰ੍ਹਾਂ ਨਾਲ ਖਾਲੀ ਪਈ ਹੈ। ਉਨ੍ਹਾਂ ਦਾ ਕੋਈ ਕਰੀਬੀ ਵੀ ਉੱਥੇ ਨਹੀਂ ਰਹਿੰਦਾ ਹੈ। ਵਿਨੋਦ ਖੰਨਾ ਦੇ ਸਾਂਸਦ ਰਹਿੰਦੇ ਉਨ੍ਹਾਂ ਦੇ ਹਲਕੇ ਵਿੱਚ ਰਹਿਣ ਉਪਰ 6 ਪੁਲਿਸ ਕਰਮੀਆਂ ਦੀ ਟੀਮ ਉਨ੍ਹਾਂ ਦੀ ਸੁਰੱਖਿਆ ਦੇ ਲਈ ਲਗਾਈ ਜਾਂਦੀ ਸੀ।

ਵਿਨੋਦ ਖੰਨਾ ਵੀ ਜਿਆਦਾਤਰ ਸਮੇਂ ਮੁੰਬਈ ਰਹਿੰਦੇ ਸਨ ਅਤੇ ਸੁਰੱਖਿਆ ਕਰਮੀਂ ਉਨ੍ਹਾਂ ਦੀ ਕੋਠੀ ਦੀ ਰਖਵਾਲੀ ਵਿੱਚ ਤੈਨਾਤ ਰਹਿੰਦੇ ਸਨ। ਅਪ੍ਰੈਲ 2017 ਵਿੱਚ ਵਿਨੋਦ ਖੰਨਾ ਦੀ ਮੌਤ ਦੇ ਬਾਅਦ ਸੁਨੀਲ ਜਾਖੜ ਦਾ ਮੁਕਾਬਲਾ ਭਾਜਪਾ ਦੇ ਸਵਰਨ ਸਲਾਰਿਆ ਨੇ ਕੀਤਾ ਸੀ। ਸਲਾਰਿਆ ਨੂੰ ਵੀ ਸੁਰੱਖਿਆ ਦੇ ਲਈ ਪੁਲਿਸ ਕਰਮੀਂ ਮਿਲੇ ਹਨ। ਗੁਰਦਾਸਪੁਰ ਵਿੱਚ ਖੰਨਾ ਦੀ ਪਛਾਣ ਦੇ ਤੌਰ ਉਪਰ ਪਠਾਨਕੋਟ ਦੇ ਸ਼ੈਲੀ ਰੋਡ ਉਪਰ ਉਨ੍ਹਾਂ ਦੀ ਕੋਠੀ ਹੈ ਜਿੱਥੇ ਅਜੇ ਵੀ ਇੱਕ ਅਸਿਸਟੈਂਟ ਸਬ ਇੰਸਪੈਕਟਰ ਅਤੇ 2 ਕਾਂਸਟੇਬਲ ਸੁਰੱਖਿਆ ਵਿੱਚ ਤੈਨਾਤ ਹਨ। ਵਿਨੋਦ ਖੰਨਾ ਦੀ ਪਤਨੀ ਕਵਿਤਾ ਵੀ ਮੁੰਬਈ ਵਿੱਚ ਹੀ ਰਹਿੰਦੀ ਹੈ ਜੋ ਕੁਝ ਮਹੀਨਿਆਂ ਵਿੱਚ ਇੱਕ-ਦੋ ਦਿਨ ਦੇ ਲਈ ਆ ਕੇ ਫਿਰ ਮੁੰਬਈ ਚਲੀ ਜਾਂਦੀ ਹੈ।

ਫਿਰ ਵੀ ਦੱਸਿਆ ਜਾ ਰਿਹਾ ਹੈ ਕਿ ਲੋਕ-ਸਭਾ ਚੋਣਾਂ ਦੇ ਦੌਰਾਨ ਵਿਨੋਦ ਖੰਨਾ ਦੀ ਸੁਰੱਖਿਆ ਦਾ ਸਟਾਫ਼ ਕਵਿਤਾ ਖੰਨਾ ਦੇ ਨਾਮ 'ਤੇ ਟਰਾਂਸਫ਼ਰ ਕਰ ਦਿੱਤਾ ਗਿਆ ਸੀ। ਹਾਲਾਂਕਿ ਭਾਜਪਾ ਵਿੱਚ ਉਹ ਕਿਸੇ ਪੋਸਟ ਉਪਰ ਨਹੀਂ ਹਨ। ਗੁਰਦਾਸਪੁਰ ਵਿੱਚ ਭਾਜਪਾ ਦੀ ਰਿਕਾਰਡ ਹਾਰ ਦੇ ਬਾਅਦ ਕਵਿਤਾ ਖੰਨਾ ਨੇ ਸਮੀਖਿਆ ਦੀ ਮੰਗ ਚੁੱਕਦੇ ਹੋਏ 2019 ਵਿੱਚ ਹੋਣ ਵਾਲੇ ਲੋਕ-ਸਭਾ ਚੋਣਾਂ ਵਿੱਚ ਦਾਅਵੇਦਾਰੀ ਜਤਾਈ ਹੈ। ਪੰਜਾਬ ਪੁਲਿਸ ਨੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ, ਰਮਨ ਭਲਾ ਅਤੇ ਸ਼ਿਵ ਸੈਨਾ ਆਗੂਆਂ ਨੂੰ ਵੀ ਸੁਰੱਖਿਆ ਦਿੱਤੀ ਹੈ।

ਮੌਜੂਦਾ ਸਾਂਸਦ ਸੁਨੀਲ ਜਾਖੜ ਅਬੋਹਰ ਤੋਂ ਹਨ। ਲੋਕ-ਸਭਾ ਵਿੱਚ ਉਨ੍ਹਾਂ ਦਾ ਘਰ ਨਹੀਂ ਹੈ ਅਤੇ ਅਜੇ ਤੱਕ ਸਾਂਸਦ ਦਾ ਕੋਈ ਦਫ਼ਤਰ ਤੱਕ ਨਹੀਂ ਖੋਲਿਆ ਗਿਆ। ਇਸ ਬਾਰੇ ਜਦ ਪਠਾਨਕੋਟ ਦੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵੀ.ਆਈ.ਪੀ ਨੂੰ ਸੁਰੱਖਿਆ ਏ.ਡੀ.ਜੀ.ਪੀ ਸਕਿਉਰਿਟੀ ਦੇ ਪੱਧਰ ਤੋਂ ਪ੍ਰੋਵਾਇਡ ਕਰਵਾਈ ਜਾਂਦੀ ਹੈ, ਉਨ੍ਹਾਂ ਦੇ ਪੱਧਰ ਤੋਂ ਨਹੀਂ।