ਕੈਪਟਨ ਸਰਕਾਰ ਨੇ 10 ਮਹੀਨਿਆਂ 'ਚ 10 ਵਾਅਦੇ ਵੀ ਨਾ ਕੀਤੇ ਪੂਰੇ: ਡਾ. ਥਿੰਦ

Last Updated: Jan 11 2018 18:08

ਪੰਜਾਬ ਵਿੱਚ ਝੂਠੇ ਵਾਅਦਿਆਂ ਅਤੇ ਲਾਰਿਆਂ ਨਾਲ ਹੋਂਦ ਵਿੱਚ ਆਈ ਕੈਪਟਨ ਸਰਕਾਰ ਤੋਂ ਪੰਜਾਬ ਦਾ ਹਰੇਕ ਵਰਗ ਖਫ਼ਾ ਹੈ। ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੋਟਰਾਂ ਨੂੰ ਭਰਮਾਉਣ ਦੇ ਲਈ ਝੂਠੀਆਂ ਕਸਮਾਂ ਖਾਧੀਆਂ ਸਨ ਕਿ ਸਰਕਾਰ ਬਣਨ 'ਤੇ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਅਤੇ ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਆੜ੍ਹਤੀਆਂ, ਬੈਂਕਾਂ ਅਤੇ ਹੋਰ ਫ਼ਸਲੀ ਕਰਜ਼ਿਆਂ 'ਤੇ ਪੂਰਨ ਤੌਰ 'ਤੇ ਲਕੀਰ ਫੇਰ ਦਿੱਤੀ ਜਾਵੇਗੀ। ਅੱਜ ਜਦੋਂ ਇਹ ਸਰਕਾਰ ਸੱਤਾ 'ਤੇ ਕਾਬਜ਼ ਹੋ ਗਈ ਹੈ ਤਾਂ ਸੱਤਾ ਸੰਭਾਲਦੇ ਹੀ ਕੀਤੇ ਗਏ ਵਾਅਦੇ ਹਵਾ ਸਾਬਤ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਮਲਕੀਤ ਥਿੰਦ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਉਮੀਦ ਸੀ ਉਸ ਦੇ ਉਲਟ ਕੈਪਟਨ ਸਰਕਾਰ ਕਰ ਰਹੀ ਹੈ। ਜਿਸ ਨਾਲ ਕਿਸਾਨੀ ਨੂੰ ਪੂਰਨ ਲਾਭ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਲਾਲ ਪੀਲੇ ਹੋਏ ਕਿਸਾਨ ਸੰਘਰਸ਼ਾਂ ਦੇ ਰਾਹ ਤੁਰ ਪਏ ਹਨ। ਪੰਜਾਬ ਵਿੱਚ ਅੱਜ ਵੀ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਪਹਿਲੋਂ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਮੌਤ ਨੂੰ ਗਲੇ ਲਗਾਉਂਦੇ ਸਨ, ਹੁਣ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਸਮੇਂ ਯੋਗ ਕਿਸਾਨਾਂ ਦੇ ਨਾਮ ਲਿਸਟਾਂ ਵਿੱਚ ਨਾ ਆਉਣ ਤੋਂ ਤੰਗ ਹੋਏ ਕਿਸਾਨ ਮੌਤ ਨੂੰ ਗਲੇ ਲਗਾ ਰਹੇ ਹਨ।

ਡਾ. ਥਿੰਦ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਫ਼ੈਸਲੇ ਲੋਕ ਹਿੱਤਾਂ ਤੋਂ ਉਲਟ ਸਾਬਤ ਹੋ ਰਹੇ ਹਨ। ਪੰਜਾਬ ਦਾ ਮੁਲਾਜ਼ਮ ਵਰਗ ਆਪਣੇ ਬੱਚਿਆਂ ਸਮੇਤ ਧਰਨਿਆਂ 'ਤੇ ਬੈਠਣ ਨੂੰ ਮਜਬੂਰ ਹੋ ਰਿਹਾ ਹੈ। ਉਨ੍ਹਾਂ ਬਠਿੰਡੇ ਦੇ ਥਰਮਲ ਪਲਾਟ ਨੂੰ ਬੰਦ ਕਰਨ ਦੇ ਫ਼ੈਸਲੇ 'ਤੇ ਪੰਜਾਬ ਸਰਕਾਰ ਨੂੰ ਮੁੜ ਗ਼ੌਰ ਕਰਨ ਲਈ ਆਖਦਿਆਂ ਕਿਹਾ ਕਿ ਜਿਹੜੇ ਮੁਲਾਜ਼ਮ ਠੇਕੇ 'ਤੇ ਹਨ, ਉਨ੍ਹਾਂ ਦੇ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਸਕਣ।