ਲੱਗਦੈ ਮਨੁੱਖੀ ਜਾਨਾਂ ਨਾਲੋਂ ਜ਼ਿਆਦਾ ਕੀਮਤੀ ਜਾਨਾਂ ਨੇ ਕੁੱਤਿਆਂ ਦੀਆਂ.!!!

Last Updated: Jan 11 2018 17:24

ਵਿਸ਼ਵ ਭਰ ਵਿੱਚ ਪਾਲਤੂ ਕੁੱਤਿਆਂ ਦੀਆਂ ਆਪਣੇ ਮਾਲਕਾਂ ਪ੍ਰਤੀ ਕੀਤੀ ਵਫ਼ਾਦਾਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ। ਮਨੁੱਖ ਅਤੇ ਕੁੱਤਿਆਂ ਦੀ ਆਪਸੀ ਵਫਾਦਾਰੀ ਦੀ ਪ੍ਰਸ਼ੰਸਾ ਕਰਨਾ ਅਤੇ ਹੋਰ ਪਸ਼ੂਆਂ ਪ੍ਰਤੀ ਹਮਦਰਦੀ ਅਤੇ ਪਿਆਰ ਰੱਖਣਾ ਚੰਗੀ ਗੱਲ ਹੈ, ਪਰ ਜਦੋਂ ਇਹੀ ਜਾਨਵਰ ਮਨੁੱਖੀ ਜ਼ਿੰਦਗੀ ਲਈ ਖ਼ਤਰਾ ਬਣ ਜਾਣ ਤਾਂ ਇਸ ਖ਼ਤਰੇ ਤੋਂ ਅੱਖਾਂ ਮੀਚਣਾ ਵੀ ਕੋਈ ਅਕਲਮੰਦੀ ਵਾਲੀ ਗੱਲ ਨਹੀਂ। ਅੱਜ ਕੱਲ੍ਹ ਪੰਜ ਦਰਿਆਵਾਂ ਦੀ ਧਰਤੀ ਨਾਲ ਜਾਣੇ ਜਾਂਦੇ 'ਪੰਜਾਬ' ਦੇ ਲੋਕੀਂ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਹੇ ਵਾਧੇ ਤੋਂ ਬਹੁਤ ਖੌਫਜ਼ਦਾ ਹਨ। ਉਨ੍ਹਾਂ ਦਾ ਡਰ ਵੀ ਸੱਚਾ ਹੈ, ਕਿਉਂਕਿ ਦਿਨੋਂ ਦਿਨ ਵਾਪਰ ਰਹੀਆਂ ਘਟਨਾਵਾਂ ਖਾਸ ਕਰਕੇ ਛੋਟੇ ਬੱਚੇ ਇਨ੍ਹਾਂ ਦੇ ਜ਼ਿਆਦਾ ਸ਼ਿਕਾਰ ਬਣ ਰਹੇ ਹਨ ਅਤੇ ਅਣ-ਆਈਆਂ ਮੌਤਾਂ ਦਾ ਸ਼ਿਕਾਰ ਹੋ ਰਹੇ ਹਨ।

ਵੇਖਿਆ ਜਾਵੇ ਤਾਂ ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਸ਼ਹਿਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਅਵਾਰਾ ਕੁੱਤਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਗਈ ਹੈ ਅਤੇ ਵੱਖ-ਵੱਖ ਥਾਵਾਂ ਤੇ ਅਜਿਹੇ ਅਵਾਰਾ ਕੁੱਤਿਆਂ ਦੇ ਝੁੰਡਾਂ ਦੇ ਝੁੰਡ ਆਮ ਘੁੰਮਦੇ ਦੇਖੇ ਜਾ ਸਕਦੇ ਹਨ, ਜਿਹੜੇ ਨਾ ਸਿਰਫ ਲੋਕਾਂ ਨੂੰ ਵੱਢਦੇ ਹਨ ਬਲਕਿ ਇਹ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕੇ ਹਨ। ਕੁੱਤਿਆਂ ਦੇ ਇਹ ਝੁੰਡ ਉਨ੍ਹਾਂ ਖੇਤਰਾਂ ਵਿੱਚ ਹੋਰ ਵੀ ਜ਼ਿਆਦਾ ਦੇਖੇ ਜਾਂਦੇ ਹਨ, ਜਿੱਥੇ ਮੀਟ ਮੱਛੀ ਅਤੇ ਖਾਣ-ਪੀਣ ਦਾ ਅਜਿਹਾ ਹੋਰ ਸਾਮਾਨ ਵਿਕਦਾ ਹੈ ਅਤੇ ਜਿੱਥੇ ਇਨ੍ਹਾਂ ਕੁੱਤਿਆਂ ਨੂੰ ਪੇਟ ਭਰਨ ਲਈ ਅਜਿਹੇ ਸਾਮਾਨ ਦੀ ਰਹਿੰਦ-ਖੂੰਹਦ ਆਸਾਨੀ ਨਾਲ ਹਾਸਿਲ ਹੋ ਜਾਂਦੀ ਹੈ।

ਮਿੱਤਰੋਂ, ਜੇਕਰ ਪਿਛਲੇ ਸਮੇਂ ਤੇ ਝਾਤ ਮਾਰੀ ਜਾਵੇ ਤਾਂ ਪਿਛਲੇ ਕੁਝ ਸਾਲਾਂ ਦੌਰਾਨ ਅਵਾਰਾ ਕੁੱਤਿਆਂ ਨੇ ਆਪਣਾ ਬਹੁਤ ਭਿਆਨਕ ਖੂਨੀ ਰੂਪ ਦਿਖਾਇਆ ਹੈ। ਇੰਟਰਨੈਟ ਤੋਂ ਪ੍ਰਾਪਤ ਕੀਤੇ ਨੈਸ਼ਨਲ ਰੈਬੀਜ਼ ਕੰਟਰੋਲ ਪ੍ਰੋਗਰਾਮ ਪੰਜਾਬ ਦੇ ਸਰਵੇ ਮੁਤਾਬਿਕ ਅਵਾਰਾ ਕੁੱਤੇ ਰੋਜ਼ਾਨਾ 50 ਤੋਂ ਵੱਧ ਲੋਕਾਂ ਨੂੰ ਵੱਢਦੇ ਹਨ, ਪਰ ਜਦੋਂ ਅਵਾਰਾ ਕੁੱਤਿਆਂ ਦੀ ਗਿਣਤੀ ਕੰਟਰੋਲ ਕਰਨ ਦੀ ਗੱਲ ਆਉਂਦੀ ਹੈ ਤਾਂ ਲੱਗਦੈ ਕਿ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਪੰਜਾਬ ਵਿੱਚ ਹਰ ਸਾਲ ਅਵਾਰਾ ਕੁੱਤਿਆਂ ਵੱਲੋਂ ਲਗਭਗ 20 ਹਜ਼ਾਰ ਲੋਕਾਂ ਨੂੰ ਵੱਢਿਆ ਜਾਂਦਾ ਹੈ। ਅਵਾਰਾ ਕੁੱਤਿਆਂ ਦੇ ਖ਼ਤਰੇ ਦਾ ਮੁੱਦਾ ਸਮੇਂ-ਸਮੇਂ 'ਤੇ ਕਈ ਸਿਆਸੀ ਨੇਤਾ ਚੁੱਕਦੇ ਵੀ ਰਹੇ ਹਨ, ਪਰ ਹਾਲੇ ਤੱਕ ਇਸ ਦਾ ਕੋਈ ਮਸਲਾ ਹੱਲ ਨਹੀਂ ਹੋਇਆ। ਪਿਛਲੇ ਸਾਲ ਸਰਕਾਰ ਨੇ ਅਸੈਂਬਲੀ ਵਿੱਚ ਮੰਨਿਆ ਸੀ ਕਿ ਪਿਛਲੇ ਦੋ ਸਾਲਾਂ ਵਿੱਚ ਕੁੱਤਿਆਂ ਨੇ ਲਗਭਗ 38 ਹਜ਼ਾਰ ਲੋਕਾਂ ਨੂੰ ਕੱਟਿਆ ਹੈ। ਪਿਛਲੇ ਦੋ ਸਾਲਾਂ ਵਿੱਚ ਸੂਬੇ ਦੇ ਇਕੱਲੇ ਪੇਂਡੂ ਇਲਾਕਿਆਂ ਵਿੱਚ 36 ਹਜ਼ਾਰ ਤੋਂ ਵੱਧ ਵਿਅਕਤੀਆਂ ਤੇ ਅਵਾਰਾ ਕੁੱਤਿਆਂ ਨੇ ਹਮਲੇ ਕੀਤੇ ਹਨ।

ਦੱਸਣਯੋਗ ਹੈ ਕਿ ਤਰਨਤਾਰਨ ਦੇ ਨਜ਼ਦੀਕੀ ਪਿੰਡ ਕੈਰੋਂਵਾਲ ਵਿਖੇ ਬੀਤੇ ਕੁਝ ਮਹੀਨੇ ਪਹਿਲੋਂ ਪਿੰਡ ਦੇ ਬਾਹਰਵਾਰ ਖੂੰਖਾਰ ਅਵਾਰਾ ਕੁੱਤਿਆਂ ਦੇ ਝੁੰਡ ਨੇ ਨਰਸਰੀ ਕਲਾਸ ਵਿੱਚ ਪੜ੍ਹਦੇ (ਸਾਢੇ 4 ਸਾਲ) ਦੇ ਬੱਚੇ ਨੂੰ ਘੇਰ ਕੇ ਨੋਚ-ਨੋਚ ਕੇ ਖਾ ਲਿਆ ਤੇ ਇਹ ਖੂੰਖਾਰ ਅਵਾਰਾ ਕੁੱਤੇ ਬੱਚੇ ਦੀ ਮੌਤ ਤੋਂ ਬਾਅਦ ਵੀ ਉਸ ਨੂੰ ਘਸੀਟਦੇ ਹੋਏ ਪਿੰਡ ਤੱਕ ਲੈ ਆਏ। ਇਸੇ ਤਰ੍ਹਾਂ ਮੋਹਾਲੀ ਨਜ਼ਦੀਕ ਇੱਕ ਅੱਠ ਸਾਲਾਂ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ। ਬੀਤੇ ਨਵੰਬਰ ਮਹੀਨੇ ਵਿੱਚ ਸੰਦੋੜ ਦੇ ਇਲਾਕੇ ਵਿੱਚ ਇਨ੍ਹਾਂ ਖੂੰਖਾਰ ਅਵਾਰਾ ਕੁੱਤਿਆਂ ਵੱਲੋਂ ਅਵਾਰਾ ਪਸ਼ੂਆਂ ਤੇ ਹਮਲਾ ਕਰਕੇ ਉਨ੍ਹਾਂ ਗੰਭੀਰ ਜ਼ਖਮੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਬਣੀਆ ਹੱਡਾ ਰੋੜੀ ਇਨ੍ਹਾਂ ਖੂੰਖਾਰ ਅਵਾਰਾ ਕੁੱਤਿਆਂ ਦਾ ਰੈਣ ਬਸੇਰਾ ਬਣਿਆ ਹੋਇਆ ਹੈ। ਪਿੰਡਾਂ ਅਤੇ ਸ਼ਹਿਰਾਂ ਵਿੱਚ ਅਵਾਰਾ ਤੇ ਖੂੰਖਾਰ ਕੁੱਤਿਆਂ ਦੀ ਭਰਮਾਰ ਹੋਣ ਕਾਰਨ ਇਹ ਜਾਨਵਰ ਆਮ ਹੀ ਲੋਕਾਂ ਤੇ ਹਮਲਾਵਰ ਹੋ ਰਹੇ ਹਨ। 

ਦੋਸਤੋਂ, ਜੇਕਰ ਗੱਲ ਸਾਲ 1998-1999 ਤੋਂ ਪਹਿਲੋਂ ਦੇ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਵਿੱਚੋਂ ਗਿਰਝਾਂ ਅਲੋਪ ਹੋ ਜਾਣ ਕਾਰਨ ਹੱਡਾ ਰੋਡੀਆਂ ਵਿੱਚ ਮੁਰਦਾਰ ਖਾਣ ਵਾਲੇ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਇਆ ਹੈ। ਇਨ੍ਹਾਂ ਦੇ ਮੂੰਹ ਨੂੰ ਲਹੂ ਮਾਸ ਲੱਗਣ ਕਰਕੇ ਇਹ ਹੋਰ ਖੂੰਖਾਰ ਹੋ ਗਏ ਹਨ। ਹਲਕਾਅ ਦੇ ਵਾਇਰਸ (ਰੇਬੀਜ਼) ਇਨ੍ਹਾਂ ਵਿੱਚ ਦਾਖਲ ਹੋਣ ਦੀ ਵੱਧ ਸੰਭਾਵਨਾ ਹੁੰਦੀ ਹੈ, ਜੋ ਅੱਗੇ ਵੱਢਣ ਰਾਹੀਂ ਮਨੁੱਖਾਂ, ਦੂਜੇ ਅਵਾਰਾ ਕੁੱਤਿਆਂ ਅਤੇ ਹੋਰ ਪਸ਼ੂਆਂ ਵਿੱਚ ਚੱਲੇ ਜਾਂਦੇ ਹਨ। ਅੱਜ ਤੋਂ ਕਰੀਬ 13-14 ਸਾਲ ਪਹਿਲੋਂ ਗ੍ਰਾਮ ਪੰਚਾਇਤਾਂ ਅਤੇ ਨਗਰ ਕੌਂਸਲਾਂ ਆਪਣੇ ਕਾਰਜ ਖੇਤਰਾਂ ਵਿੱਚ ਸਿਹਤ ਵਿਭਾਗ ਦੀ ਸਹਾਇਤਾ ਨਾਲ ਗੋਲੀਆਂ ਪੁਆ ਕੇ ਅਵਾਰਾ ਕੁੱਤਿਆਂ ਨੂੰ ਮਰਵਾ ਕੇ ਡੂੰਘਾ ਦੱਬ ਦਿੰਦੀਆਂ ਸਨ। ਇਨ੍ਹਾਂ ਨੂੰ ਮਾਰਨ ਤੇ ਪਾਬੰਦੀ ਲੱਗਣ ਨਾਲ ਇਨ੍ਹਾਂ ਦੀ ਸਮੱਸਿਆ ਗੰਭੀਰ ਹੁੰਦੀ ਗਈ।

ਮਿੱਤਰੋਂ, ਤੁਹਾਨੂੰ ਇਹ ਵੀ ਦੱਸ ਦਈਏ ਕਿ ਪਿਛਲੇ ਡੇਢ ਦਹਾਕੇ ਵਿੱਚ ਹਰ ਵਰ੍ਹੇ ਕਰੋੜਾਂ ਰੁਪਏ ਖਰਚ ਕੇ ਸਿਹਤ ਵਿਭਾਗ ਵੱਲੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਅਸਰਦਾਰ ਸਾਬਤ ਨਹੀਂ ਹੋਈ। ਕੁਦਰਤੀ ਜੀਵ ਜੰਤੂਆਂ ਦੀ ਰਾਖੀ ਵਾਲੇ ਕਾਨੂੰਨ ਦਾ ਠੋਸ ਸਿੱਟਾ ਇਹ ਹੈ ਕਿ ਇਹ ਅਵਾਰਾ ਕੁੱਤੇ ਨੂੰ ਜਿਊਣ ਦੇ ਹੱਕ ਦੀ ਗਾਰੰਟੀ ਕਰਦਾ ਹੈ, ਪਰ ਦੂਜੇ ਪਾਸੇ ਕੁਦਰਤ ਦੀ ਵਿਲੱਖਣ ਪੈਦਾਇਸ਼ ਮਾਨਵ ਜਾਤੀ ਨੂੰ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਕੁੱਤਿਆਂ ਤੋਂ ਮਰਨ ਤੇ ਲੱਖਾਂ ਦੀ ਗਿਣਤੀ ਵਿੱਚ ਲਹੂ ਲੁਹਾਨ ਕੀਤੇ ਜਾਣ ਦੀ ਖੁੱਲ੍ਹ ਦਿੰਦਾ ਹੈ ਅਤੇ ਮਨੁੱਖੀ ਸਮਾਜ ਅੰਦਰ ਮਨੁੱਖ ਦੇ ਜਿਊਣ ਦੇ ਮੁੱਢਲੇ ਤੇ ਬੁਨਿਆਦੀ ਮਨੁੱਖੀ ਅਧਿਕਾਰ ਨਾਲ ਇਹ ਸ਼ਰ੍ਹੇਆਮ ਖਿਲਵਾੜ ਹੈ। ਸੂਬਾਈ ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਲਹੂ ਲੁਹਾਨ ਮਨੁੱਖਤਾ ਨੂੰ ਦੇਖ ਕੇ ਅੱਖਾਂ ਮੀਚੀ ਬੈਠੇ ਹਨ।

ਇਸ ਬਾਰੇ ਕੇਂਦਰ ਤੇ ਸੂਬਾ ਸਰਕਾਰਾਂ ਨੇ ਚੁੱਪੀ ਧਾਰੀ ਹੋਈ ਹੈ? ਇੱਕ ਸੱਭਿਅਕ ਸਮਾਜ ਵਿੱਚ ਅਵਾਰਾ ਕੁੱਤਿਆਂ ਨੂੰ ਬੰਦੇ ਮਾਰਨ ਲਈ ਖੁੱਲ੍ਹੇ ਛੱਡਣ ਵਾਲਾ ਕਾਨੂੰਨ ਕੀ ਜੰਗਲ ਦਾ ਕਾਨੂੰਨ ਨਹੀਂ? ਦੂਜੇ ਪਾਸੇ ਮਨੁੱਖਾਂ ਨੂੰ ਅਵਾਰਾ ਕੁੱਤੇ ਨੂੰ ਮਾਰਨ ਤੋਂ ਰੋਕਣ ਵਾਲਾ ਕਾਨੂੰਨ ਕੀ ਮਾਨਵਤਾ ਦੀ ਬਰਬਾਦੀ ਵਾਲਾ ਸਾਬਤ ਨਹੀਂ ਹੋ ਰਿਹਾ? ਸਾਡੇ ਦੇਸ਼ ਵਿੱਚ ਜੋ ਸੰਗਠਨ ਇਨ੍ਹਾਂ ਅਵਾਰਾ ਜਾਨਵਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਉਨ੍ਹਾਂ ਲਈ ਇਨ੍ਹਾਂ ਜਾਨਵਰਾਂ ਕਾਰਨ ਵਾਪਰਦੇ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਮਨੁੱਖੀ ਜਾਨਾਂ ਪ੍ਰਤੀ ਵੀ ਸੋਚ ਕੇ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਕਾਬੂ ਹੇਠ ਰੱਖਣ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਪ੍ਰਤੀ ਵੀ ਗੰਭੀਰ ਹੋਣ ਦੀ ਲੋੜ ਹੈ। ਸੋ, ਦੋਸਤੋਂ ਹੁਣ ਵੇਖਣਾ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਨੇੜੇ ਹਨ ਕੀ ਕੇਂਦਰ ਦੀ ਮੋਦੀ ਸਰਕਾਰ ਇਸ ਤੇ ਸ਼ਿਕੰਜਾ ਕੱਸ ਪਾਏਗੀ ਜਾਂ ਫਿਰ..

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।