ਕੇਂਦਰ ਤੇ ਸੂਬਾ ਸਰਕਾਰ ਨਰੇਗਾ ਵਿਰੋਧੀ: ਸੁਰਜੀਤ ਢੁੱਡੀ

Tarsem Chanana
Last Updated: Jan 11 2018 16:10

ਸਰਕਾਰਾਂ ਕਾਨੂੰਨ ਅਤੇ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਗੰਭੀਰਤਾ ਨਾਲ ਲਾਗੂ ਕਰਨ ਦੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛਡਾਉਂਦੀਆਂ ਨਜ਼ਰ ਆਉਂਦੀਆਂ ਹਨ। ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਦਰਪੇਸ਼ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ। 

ਕਿਰਤੀ ਜਮਾਤ ਵਾਸਤੇ ਖੱਬੀ ਧਿਰ ਵੱਲੋਂ ਲੜ ਕੇ ਪ੍ਰਾਪਤ ਕੀਤਾ ਕੰਮ ਦੀ 100 ਦਿਨਾਂ ਦੀ ਗਰੰਟੀ ਦਾ ਕਾਨੂੰਨੀ ਹੱਕ ਬੁਰੀ ਤਰਾਂ ਰੋਲ ਕੇ ਨਰੇਗਾ ਕਾਮਿਆਂ ਨੂੰ ਭੁੱਖੇ ਮਰਨ ਕਿਨਾਰੇ ਕਰ ਦਿੱਤਾ ਹੈ ਨਾ ਤਾਂ ਕੰਮ ਮੰਗ ਦੀਆਂ ਅਰਜ਼ੀਆਂ ਲੈ ਕੇ ਰਸੀਦਾਂ ਦਿੱਤੀਆਂ ਜਾਂਦੀਆਂ ਹਨ ਤੇ ਨਾ ਹੀ ਕੰਮ ਕਾਨੂੰਨ ਅਨੁਸਾਰ ਘੱਟ ਤੋਂ ਘੱਟ 15 ਦਿਨ ਕੰਮ ਦਿੱਤਾ ਜਾਂਦਾ ਹੈ। ਕੀਤੇ ਕੰਮ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੂਬਾਈ ਆਗੂ ਕਾਮਰੇਡ ਸੁਰਜੀਤ ਢੁੱਡੀ ਅਤੇ ਸਾਬਕਾ ਸਰਪੰਚ ਜਗਤਾਰ ਸਿੰਘ ਭਾਣਾ ਨੇ ਪਿੰਡ ਭਾਣਾ ਵਿਖੇ ਨਰੇਗਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕੀਤਾ। 

ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਧੜਾਧੜ ਨਿੱਜੀਕਰਨ ਦੀਆਂ ਨੀਤੀਆਂ ਅਪਣਾ ਰਹੀ ਹੈ। ਜਿਸ ਨਾਲ ਕਾਮਿਆਂ ਤੋਂ ਕੰਮ ਤੇ ਰੁਜ਼ਗਾਰ ਖੁੱਸਦਾ ਜਾ ਰਿਹਾ ਹੈ ਤੇ ਦਿਨ ਬ ਦਿਨ ਬੇਰੁਜ਼ਗਾਰਾਂ ਦੀ ਗਿਣਤੀ ਵਧ ਰਹੀ ਹੈ। ਇਸ ਮੌਕੇ ਸੁਖਬੀਰ ਸਿੰਘ, ਮੁਖਤਾਰ ਸਿੰਘ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ ਤੇ ਸੁਰਜੀਤ ਕੌਰ ਵੀ ਹਾਜ਼ਰ ਸਨ।