ਹੈਲਥ ਸਕਿੱਲ ਡਿਵੈਲਪਮੈਂਟ ਵਿਖੇ ਰੁਜ਼ਗਾਰ ਮੇਲਾ 19 ਜਨਵਰੀ ਨੂੰ: ਕੇਸ਼ਵ ਹਿੰਗੋਨੀਆ

Tarsem Chanana
Last Updated: Jan 11 2018 15:20

ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਉਣ ਲਈ 19 ਜਨਵਰੀ, 2018 ਨੂੰ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ( ਜਨਰਲ) ਕੇਸ਼ਵ ਹਿੰਗੋਨੀਆ ਨੇ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਟ੍ਰੇਨਿੰਗ ਦਫ਼ਤਰ ਅਤੇ ਪੰਜਾਬ ਸਕਿੱਲ ਡਿਪੈਲਪਮੈਂਟ ਮਿਸ਼ਨ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਹਿੰਗੋਨੀਆ ਨੇ ਦੱਸਿਆ ਕਿ ਇਹ ਮੇਲਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਸਥਿਤ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮੀਟਿੰਗ 'ਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਫਰੀਦਕੋਟ ਦੇ ਪ੍ਰਮੁੱਖ ਸ਼ਹਿਰ ਕੋਟਕਪੂਰਾ ਅਤੇ ਜੈਤੋ ਵਿਖੇ ਯੋਗ ਥਾਵਾਂ 'ਤੇ ਇਸ ਸਬੰਧੀ ਇਸ਼ਤਿਹਾਰੀ ਫਲੈਕਸ ਲਗਵਾਉਣ ਤੋਂ ਇਲਾਵਾ ਪੰਫਲੈਟ ਆਦਿ ਵੀ ਵੰਡੇ ਜਾਣ। 

ਉਨ੍ਹਾਂ ਕਿਹਾ ਕਿ ਇਸ ਰੁਜ਼ਗਾਰ ਮੇਲੇ 'ਚ ਘੱਟੋਂ-ਘੱਟ 50 ਨਿਯੋਜਕਾਂ ਨੂੰ ਬੁਲਾਇਆ ਜਾਵੇ ਅਤੇ ਵੱਧ ਤੋਂ ਵੱਧ ਉਮੀਦਵਾਰਾਂ ਦੇ ਨਾਂ ਰਜਿਸਟਰ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦਿਵਾਇਆ ਜਾਵੇ। ਇਸ ਸਬੰਧੀ ਸਮੀਖਿਆ ਮੀਟਿੰਗ 17 ਜਨਵਰੀ ਨੂੰ ਕੀਤੀ ਜਾਵੇਗੀ। ਇਸ ਮੌਕੇ ਮੈਨੇਜਰ ਪੀ.ਐਸ.ਡੀ.ਐਮ, ਡੀ.ਪੀ.ਐਮ.ਯੂ ਅਮਿਤ ਗੋਇਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਰੀਬ 40 ਕੰਪਨੀਆਂ ਨਾਲ ਤਾਲਮੇਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ 'ਚ ਸ਼ਾਮਿਲ ਹੋਣ ਵਾਲੇ ਉਮੀਦਵਾਰ ਆਪਣੀ ਵਿੱਦਿਅਕ ਯੋਗਤਾ ਅਤੇ ਪਹਿਚਾਣ ਪੱਤਰ ਦੀ ਫੋਟੋ ਕਾਪੀ ਸਮੇਤ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈਕੇ ਆਉਣ ਅਤੇ ਰਜਿਸਟ੍ਰੇਸ਼ਨ ਲਈ ਯੋਗਤਾ ਘੱਟੋ-ਘੱਟ ਦਸਵੀਂ ਪਾਸ ਹੋਣਾ ਚਾਹੀਦਾ ਹੈ।