ਦੇਸ਼, ਲੋਹੜੀ, ਬਾਜ਼ਾਰ ਤੇ ਟੈਕਸ

Last Updated: Jan 11 2018 14:55

ਕਾਫ਼ੀ ਸਮੇਂ ਬਾਅਦ ਇਸ ਵਾਰ ਲੋਹੜੀ ਦੇ ਤਿਉਹਾਰ ਕਾਰਨ ਬਾਜ਼ਾਰਾਂ ਵਿੱਚ ਰੌਣਕਾਂ ਲੱਗੀਆਂ ਦਿੱਖ ਰਹੀਆਂ ਹਨ। ਇਸਦਾ ਇੱਕ ਵੱਡਾ ਕਾਰਨ ਹੈ ਨੋਟਬੰਦੀ ਦਾ ਅਸਰ ਹੁਣ ਥੋੜ੍ਹਾ ਲੱਥ ਚੁੱਕਾ ਹੈ। ਲੋਹੜੀ ਕਾਰਨ ਜਿੱਥੇ ਛੋਟੇ ਵਪਾਰੀਆਂ ਨੂੰ ਥੋੜ੍ਹੀ ਰਾਹਤ ਮਿਲੀ ਹੈ ਉੱਥੇ ਹੀ ਦੁਕਾਨਦਾਰਾਂ ਨੂੰ ਵੀ ਕੁਝ ਸੁੱਖ ਦਾ ਸਾਹ ਆਇਆ ਹੈ।

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਰੋਜ਼ ਕਮਾ ਕੇ ਖਾਣ ਵਾਲਿਆਂ ਲਈ ਵੀ ਇਹ ਤਿਉਹਾਰ ਮਿੱਤਰਾਂ ਦੀ ਛਤਰੀ ਵਰਗਾ ਆਇਆ ਹੈ ਕਿਉਂਕਿ ਇਸ ਵਿੱਚ ਨਾ ਤਾਂ ਹਿੰਦੂ ਸੰਗਠਨ ਰੌਲਾ ਪਾਉਂਦੇ ਨੇ ਕਿ ਜੀ ਇਹ ਸਾਡੀ ਸੰਸਕ੍ਰਿਤੀ ਨੂੰ ਕੁਚਲਣ ਦੀ ਕੋਸ਼ਿਸ਼ ਹੈ, ਨਾ ਸਿੱਖ ਜੱਥੇਬੰਦੀਆਂ ਰੌਲਾ ਪਾਉਂਦੀਆਂ ਹਨ ਕਿ ਉਨ੍ਹਾਂ ਦੇ ਕਿਸੇ ਗੁਰੂ ਦੇ ਤਿਉਹਾਰ ਨੂੰ ਭੁਲਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਨਾ ਹੀ ਭਾਰਤ ਮਾਂ ਦੇ ਮੌਸਮੀ ਲਾਲ ਰੌਲਾ ਪਾਉਂਦੇ ਹਨ ਕਿ ਇਹ ਵਿਦੇਸ਼ੀ ਤਿਉਹਾਰ ਹੈ ਜਾਂ ਇਸ ਵਿੱਚ ਵਿਦੇਸ਼ੀ ਮਾਲ ਸਪਲਾਈ ਹੁੰਦਾ ਹੈ।

ਅਜਿਹੇ ਵਿੱਚ ਮਾਰਕਿਟ ਵਿੱਚ ਥੋੜ੍ਹਾ ਪੈਸਾ ਆਇਆ ਹੈ ਅਤੇ ਲੋਕਾਂ ਨੂੰ ਥੋੜ੍ਹੀ ਸ਼ਾਂਤੀ ਮਿਲੀ ਹੈ। ਅਕਸਰ ਲੋਕ ਕੀ ਕਰਦੇ ਹਨ ਕਿ ਜਿਵੇਂ ਕਿ ਸਾਨੂੰ ਪਤਾ ਹੈ ਲੋਹੜੀ ਵਿੱਚ ਪੋਪਕੋਰਨ ਲਿਆਉਣ ਦਾ ਵੀ ਇੱਕ ਰਿਵਾਜ਼ ਹੀ ਬਣ ਗਿਆ ਹੈ ਤਾਂ ਲੋਕੀ ਪਹਿਲਾਂ ਹੀ ਖੇਤਾਂ ਵਿੱਚ ਥੋੜ੍ਹੀ ਮੱਕੀ ਬੀਜ ਲੈਂਦੇ ਹਨ ਹੁਣ ਇਹ ਚੀਨੀ ਮੱਕੀ ਨਾ ਹੋਣ ਕਾਰਨ ਕੋਈ ਰੌਲਾ ਵੀ ਨਹੀਂ ਪਾਉਂਦਾ ਅਤੇ ਇਹ ਮੱਕੀ ਵਾਲੇ ਫੁੱਲਿਆਂ ਦੇ 10-20 ਰੁਪਏ ਦੇ ਪੈਕਟ ਵੇਚ ਕੇ ਆਪਣਾ ਮੌਸਮੀ ਗੁਜ਼ਾਰਾ ਕਰ ਲੈਂਦੇ ਹਨ।

ਗੱਲ ਕਰੀਏ ਰਿਉੜੀਆਂ-ਗਚਕਾਂ ਵਾਲਿਆਂ ਦੀ ਤਾਂ ਠੰਡ ਵਿੱਚ ਵੈਸੇ ਵੀ ਇਨ੍ਹਾਂ ਦਾ ਗੁਜ਼ਾਰਾ ਹੋ ਹੀ ਰਿਹਾ ਹੁੰਦਾ ਹੈ ਕਿਉਂਕਿ ਉੱਤਰ ਭਾਰਤ ਵਿੱਚ ਇਹ ਠੰਡ ਦੇ ਸਨੈਕਸ ਹਨ ਪਰ ਲੋਹੜੀ ਦੇ ਤਿਉਹਾਰ ਵਿੱਚ ਇਨ੍ਹਾਂ ਨੂੰ ਇੱਕ ਰਸਮ ਵਾਂਗੂ ਲਿਆਉਂਦਾ ਜਾਂਦਾ ਹੈ ਜਿਸ ਨਾਲ ਇਸ ਕੰਮ ਵਿੱਚ ਵੀ ਥੋੜ੍ਹੀ ਤੇਜੀ ਆਉਂਦੀ ਹੀ ਹੈ।

ਕੁੱਲ ਮਿਲਾ ਕੇ ਪੰਜਾਬ ਦੇ ਵਪਾਰੀ ਦੇ ਮੂੰਹ 'ਤੇ ਥੋੜ੍ਹੀ ਚਮਕ ਆ ਗਈ ਹੈ, ਬਸ ਇਹੀ ਦੁਆ ਹੈ ਕਿ ਹੁਕਮਰਾਨ ਇਸ ਤੇ ਕਿਸੇ ਕਿਸਮ ਦਾ ਕੋਈ ਟੂਣਾ ਨਾ ਕਰ ਦੇਣ, ਕਿਉਂਕਿ ਜਿੱਦਾਂ ਕਿ ਪਿਛਲੇ ਸਾਲਾਂ ਵਿੱਚ ਅਸੀਂ ਦੇਖਦੇ ਆਏ ਹਾਂ ਜਦੋਂ ਵੀ ਵਪਾਰੀਆਂ ਨੂੰ ਕੋਈ ਫ਼ਾਇਦਾ ਹੋਣ ਲਗਦਾ ਹੈ ਤਾਂ ਸਰਕਾਰ ਆਪਣਾ ਫ਼ਾਇਦਾ ਪਹਿਲਾਂ ਕੱਢ ਲੈਂਦੀ ਹੈ ਚਾਹੇ ਉਹ ਜੀ.ਐਸ.ਟੀ ਹੋਵੇ ਚਾਹੇ ਉਹ ਨੋਟਬੰਦੀ ਹੋਵੇ। ਦੋਵਾਂ ਦਾ ਕਿਹਰ ਵਪਾਰੀਆਂ ਤੇ ਕਿੱਦਾਂ ਟੁੱਟਿਆ ਹੈ ਇਸਦਾ ਸਬੂਤ ਸਾਨੂੰ ਮਿਲਦਾ ਹੈ ਦੇਹਰਾਦੂਨ ਵਿੱਚ ਭਾਜਪਾ ਦੇ ਜਨਤਾ ਦਰਬਾਰ ਵਿੱਚ ਜ਼ਹਿਰ ਨਿਗਲ ਕੇ ਆਪਣੀ ਜਾਨ ਦੇਣ ਵਾਲੇ ਪ੍ਰਕਾਸ਼ ਪਾਂਡੇ ਤੋਂ।

ਪ੍ਰਕਾਸ਼ ਪਾਂਡੇ ਉੱਤਰਾਖੰਡ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਅਤੇ ਪਿਛਲੇ 5 ਸਾਲਾਂ ਤੋਂ ਟਰਾਂਸਪੋਰਟ ਦਾ ਕੰਮ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਉਹ ਉਤਰਾਖੰਡ ਦੇ ਖੇਤੀਬਾੜੀ ਮੰਤਰੀ ਸੁਬੋਧ ਉਨਿਯਲ ਦੇ 'ਜਨਤਾ ਦਰਬਾਰ' ਵਿੱਚ ਗਿਆ ਅਤੇ ਦੱਸਿਆ ਕਿ ਜੀ.ਐਸ.ਟੀ ਅਤੇ ਨੋਟਬੰਦੀ ਨੇ ਉਸਦਾ ਧੰਦਾ ਚੌਪਟ ਕਰ ਦਿੱਤਾ ਹੈ ਜਿਸ ਕਰਕੇ ਉਹ ਕਰਜ਼ਾਈ ਹੋ ਗਿਆ ਹੈ, ਇਹ ਕਹਿਣ ਤੋਂ ਬਾਅਦ ਉਸ ਨੇ ਜ਼ਹਿਰ ਨਿਗਲ ਲਿਆ ਅਤੇ ਬੇਹੋਸ਼ ਹੋ ਕੇ ਡਿੱਗ ਗਿਆ।

ਸੁਬੋਧ ਉਨਿਯਲ ਦਾ ਇਸ ਬਾਰੇ ਕਹਿਣਾ ਹੈ ਕਿ ਪਾਂਡੇ ਕਹਿੰਦਾ ਹੈ ਕਿ ਉਸ ਨੇ ਕਰਜ਼ਿਆਂ ਤੋਂ ਦੁਖੀ ਆ ਕੇ ਜ਼ਹਿਰ ਪੀਤਾ ਹੈ ਪਰ ਇਸ ਵਿੱਚ ਰਾਜਨੀਤੀ ਕਿਤੇ ਨਾ ਕਿਤੇ ਜੁੜੀ ਹੋਈ ਹੈ। ਪ੍ਰਕਾਸ਼ ਨੂੰ ਅੱਜ ਹਸਪਤਾਲ ਨੇ ਮਰਿਆ ਘੋਸ਼ਿਤ ਕਰ ਦਿੱਤਾ ਹੈ, ਪਰ ਕੀ ਇਸ ਮੌਤ ਨਾਲ ਕੁਝ ਬਦਲੇਗਾ? ਮੇਰਾ ਇਸ਼ਾਰਾ ਸਰਕਾਰ ਦੇ ਨਾਲ-ਨਾਲ ਦੇਸ਼ ਦੀ ਸੋਚ ਅਤੇ ਹਾਲਾਤਾਂ ਤੇ ਵੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।