ਮੰਗਾਂ ਲਾਗੂ ਨਾ ਹੋਣ ਦੇ ਖਿਲਾਫ ਸਾਬਕਾ ਸੈਨਿਕਾਂ ਨੇ ਕੱਢੀ ਕੇਂਦਰ ਸਰਕਾਰ ਦੇ ਖਿਲਾਫ ਭੜਾਸ

Last Updated: Jan 11 2018 14:43

ਪਿਛਲੇ ਕਾਫੀ ਸਮੇਂ ਤੋਂ ਲਟਕ ਰਹੀਆਂ ਮੰਗਾਂ ਦਾ ਕੇਂਦਰ ਸਰਕਾਰ ਵੱਲੋਂ ਕੋਈ ਨਿਪਟਾਰਾ ਕਰਕੇ ਲਾਗੂ ਨਾ ਕੀਤੇ ਜਾਣ ਦੇ ਖਿਲਾਫ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ, ਖੰਨਾ ਵੱਲੋਂ ਸਥਾਨਕ ਜੀ.ਟੀ ਰੋਡ ਸਥਿਤ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਮੀਟਿੰਗ ਦਾ ਆਯੋਜਨ ਕੀਤਾ ਗਿਆ। ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੈਪਟਨ ਜਰਨੈਲ ਸਿੰਘ ਜਲਾਜਣ ਦੀਆਂ ਹਦਾਇਤਾਂ ਮੁਤਾਬਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਕੇਂਦਰ ਸਰਕਰਾ ਵੱਲੋਂ ਸਾਬਕਾ ਸੈਨਿਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਪੂਰਵਕ ਨਾ ਲੈਣ ਦੀ ਸਖਤ ਸਬਦਾਂ 'ਚ ਨਿੰਦਾ ਕੀਤੀ ਗਈ।  

ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਕੈਪਟਨ ਨੰਦ ਲਾਲ ਮਾਜਰੀ ਨੇ ਕਿਹਾ ਕਿ ਸਾਬਕਾ ਸੈਨਿਕਾਂ ਦੀ ਮੰਗਾਂ ਦਾ ਸਰਕਾਰ ਵੱਲੋਂ ਕੋਈ ਹੱਲ ਨਾ ਕਰਨ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਬਕਾ ਸੈਨਿਕਾਂ ਦੇ ਨਾਲ ਦਿਨੋਂ ਦਿਨ ਵਧੀਕੀਆਂ ਵੱਧਦੀਆਂ ਜਾ ਰਹੀਆਂ ਹਨ ਪਰ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸਾਬਕਾਂ ਸੈਨਿਕਾਂ ਦੀਆਂ ਮੁੱਖ ਮੰਗਾਂ 'ਚ ਵਨ ਰੈਂਕ-ਵਨ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ, ਅਧੂਰੇ ਪੇਅ-ਸਕੇਲ 'ਚ ਸੁਧਾਰ ਕਰਕੇ ਲਾਗੂ ਕੀਤਾ ਜਾਵੇ ਆਦਿ ਸ਼ਾਮਲ ਹਨ।

ਉਨ੍ਹਾਂ ਕੇਂਦਰ ਸਰਕਾਰ 'ਤੇ ਦੋਸ਼ ਲਗਾਉਂਦੇ ਕਿਹਾ ਕਿ ਕੇਂਦਰ ਸਰਕਾਰ ਸਾਬਕਾ ਸੈਨਿਕਾਂ ਦੇ ਨਾਲ ਧੋਖਾ ਕਰ ਰਹੀ ਅਤੇ ਸਰਕਾਰ ਦੀ ਕਹਿਣੀ ਤੇ ਕਰਨੀ 'ਚ ਫਰਕ ਹੈ। ਸਰਕਾਰ ਸਾਬਕਾ ਸੈਨਿਕਾਂ ਦੇ ਨਾਲ ਵਾਅਦੇ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਵੱਟ ਰਹੀ ਹੈ। ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਦੇ ਚੱਲਦੇ ਸਾਬਕਾ ਸੈਨਿਕ 2019 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਕੇਂਦਰ ਸਰਕਾਰ ਦੀ ਮੁਖਾਲਫਤ ਕਰਨਗੇ ਅਤੇ ਭਾਜਪਾ ਦਾ ਸਮਰਥਨ ਨਾ ਕਰਦੇ ਹੋਏ ਇਸਦਾ ਸਫਾਇਆ ਕੀਤਾ ਜਾਵੇਗਾ। ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਸਾਬਕਾ ਸੈਨਿਕਾਂ ਦੀਆਂ ਪੈਡਿੰਗ ਮੰਗਾਂ ਨੂੰ ਸਵੀਕਾਰ ਕਰਕੇ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਜੇਕਰ ਸਰਕਾਰ ਮੰਗਾਂ ਦਾ ਕੋਈ ਉਚਿਤ ਹੱਲ ਨਾ ਕੀਤਾ ਤਾਂ ਉਨ੍ਹਾਂ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।