ਗਣਤੰਤਰ ਦਿਵਸ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ 'ਤੇ ਪੁਲਿਸ ਨੇ ਚਲਾਇਆ ਚੈਕਿੰਗ ਅਭਿਆਨ

Last Updated: Jan 11 2018 14:21

ਦੇਸ਼ ਭਰ 'ਚ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਖੰਨਾ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਦੇ ਉਦੇਸ਼ ਨਾਲ ਬੀਤੀ ਦੇਰ ਸ਼ਾਮ ਸਥਾਨਕ ਰੇਲਵੇ ਸਟੇਸ਼ਨ 'ਤੇ ਵਿਸ਼ੇਸ਼ ਤੌਰ 'ਤੇ ਚੈਕਿੰਗ ਅਭਿਆਨ ਚਲਾਇਆ ਗਿਆ। ਇਸਤੋਂ ਇਲਾਵਾ ਸ਼ਹਿਰ ਦੇ ਬੱਸ ਸਟੈਂਡ, ਪ੍ਰਮੁੱਖ ਬਜਾਰਾਂ ਅਤੇ ਹੋਰ ਭੀੜ ਭਰੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਡੀਐਸਪੀ (ਖੰਨਾ) ਜਗਵਿੰਦਰ ਸਿੰਘ ਚੀਮਾ ਅਤੇ ਐਸਐਚਓ ਸਿਟੀ ਰਜਨੀਸ਼ ਸੂਦ ਦੀ ਅਗਵਾਈ 'ਚ ਪੁਲਿਸ ਮੁਲਾਜ਼ਮਾਂ ਨੇ ਡਾਗ ਸੁਕੈਅਡ ਅਤੇ ਐਂਟੀ ਸਾਬੋਟਾਜ਼ ਟੀਮ ਦੇ ਨਾਲ ਰੇਲਵੇ ਸਟੇਸ਼ਨ 'ਤੇ ਪਹੁੰਚ ਕੇ ਜੀਆਰਪੀ ਅਤੇ ਆਰਪੀਐਫ ਮੁਲਾਜ਼ਮਾਂ ਦੇ ਨਾਲ ਸਟੇਸ਼ਨ 'ਤੇ ਮੌਜੂਦ ਯਾਤਰੀਆਂ ਅਤੇ ਉਨ੍ਹਾਂ ਦੇ ਸਮਾਨ ਦੀ ਬਾਰੀਕੀ ਨਾਲ ਜਾਂਚ ਕੀਤੀ।

ਮਿਲੀ ਜਾਣਕਾਰੀ ਦੇ ਮੁਤਾਬਕ ਡੀਐਸਪੀ ਜਗਵਿੰਦਰ ਸਿੰਘ ਚੀਮਾ, ਐਸਐੇਚਓ ਸਿਟੀ ਰਜਨੀਸ਼ ਸੂਦ, ਥਾਣੇਦਾਰ ਅਵਤਾਰ ਅਲੀ ਅਤੇ ਹੋਰ ਪੁਲਿਸ ਮੁਲਾਜਮ ਬੁੱਧਵਾਰ ਰਾਤ ਕਰੀਬ ਸਾਢੇ ਅੱਠ ਵਜੇ ਰੇਲਵੇ ਸਟੇਸ਼ਨ 'ਤੇ ਪਹੁੰਚੇ ਅਤੇ ਰੇਲਵੇ ਕੰਪਲੈਕਸ ਵਿੱਚ ਚੈਕਿੰਗ ਸ਼ੁਰੂ ਕੀਤੀ। ਸਟੇਸ਼ਨ ਦੇ ਮੁਸਾਫਿਰਖਾਨੇ 'ਚ ਬੈਠੇ ਯਾਤਰੀਆਂ ਦੇ ਸਾਮਾਨ ਦੀ ਪੁਲਿਸ ਮੁਲਾਜ਼ਮਾਂ ਨੇ ਮੈਟਲ ਡਿਟੈਕਟਰਾਂ ਦੇ ਨਾਲ ਜਾਂਚ ਕੀਤੀ। ਇਸਤੋਂ ਇਲਾਵਾ ਮਾਲ ਗੋਦਾਮ, ਪਲੇਟਫਾਰਮ, ਸਾਇਕਲ ਸਟੈਂਡ ਅਤੇ ਸਟੇਸ਼ਨ 'ਤੇ ਰੁਕਣ ਵਾਲੀਆਂ ਟ੍ਰੇਨਾਂ ਦੇ ਅੰਦਰ ਸਫਰ ਕਰ ਰਹੇ ਯਾਤਰੀਆਂ ਅਤੇ ਉਨ੍ਹਾਂ ਦੇ ਬੈਗ ਆਦਿ ਸਮਾਨ ਦੀ ਵੀ ਵਿਸ਼ੇਸ਼ ਤੌਰ 'ਤੇ ਜਾਂਚ ਕੀਤੀ।

ਹਾਲਾਂਕਿ, ਇਸ ਚੈਕਿੰਹ ਮੁਹਿੰਮ ਦੇ ਦੌਰਾਨ ਪੁਲਿਸ ਟੀਮ ਨੂੰ ਕਿਸੇ ਵੀ ਵਿਅਕਤੀ ਕੋਲੋਂ ਕੋਈ ਇਤਰਾਜ਼ਯੋਗ ਸਮਾਨ ਬਰਾਮਦ ਨਹੀਂ ਹੋਇਆ। ਕਰੀਬ ਇੱਕ ਘੰਟੇ ਤੱਕ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਰੇਲਵੇ ਸਟੇਸ਼ਨ 'ਤੇ ਚੈਕਿੰਗ ਅਭਿਆਨ ਚਲਾਇਆ। ਇਸਤੋਂ ਪਹਿਲਾਂ ਪੁਲਿਸ ਟੀਮ ਨੇ ਸਥਾਨਕ ਮੁੱਖ ਬੱਸ ਸਟੈਂਡ 'ਚ ਬੱਸਾਂ ਅਤੇ ਸਫਰ ਕਰਨ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ। ਇਸਦੇ ਬਾਅਦ ਪੁਲਿਸ ਵੱਲੋਂ ਸ਼ਹਿਰ ਦੇ ਪ੍ਰਮੁੱਖ ਬਜਾਰਾਂ 'ਚ ਪਹੁੰਚਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ। ਇਸ ਮੌਕੇ 'ਤੇ ਡੀਐਸਪੀ ਜਗਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਜਿਲਾ ਖੰਨਾ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਵੱਲੋਂ ਤਿਉਹਾਰਾਂ ਅਤੇ ਗਣਤੰਤਰ ਦਿਵਸ ਮੌਕੇ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹ ਨੂੰ ਦੇਖਦੇ ਹੋਏ ਚੈਕਿੰਗ ਸਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਖੰਨਾ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਸ਼ਰਾਰਤੀ ਅਨਸਰ ਕੋਈ ਅਣਹੋਣੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ।