ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਕੋਲੋਂ ਜੀ.ਆਰ.ਪੀ ਨੂੰ ਮਿਲੀ ਅਣਜਾਣ ਵਿਅਕਤੀ ਦੀ ਲਾਸ਼

Jatinder Singh
Last Updated: Jan 11 2018 12:04

ਰੇਲਵੇ ਸਟੇਸ਼ਨ ਦੇ ਮਾਲ ਗੋਦਾਮ ਕੋਲੋਂ ਰੇਲਵੇ ਪੁਲਿਸ ਨੂੰ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮਾਲ ਗੋਦਾਮ ਨਜ਼ਦੀਕ ਲਾਸ਼ ਪਏ ਹੋਣ ਸਬੰਧੀ ਸੂਚਨਾ ਮਿਲਣ ਦੇ ਬਾਅਦ ਜੀ.ਆਰ.ਪੀ ਮੁਲਾਜ਼ਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ਨਾਖਤ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤਾ ਗਿਆ ਹੈ।

ਇਸ ਮਾਮਲੇ ਸਬੰਧੀ ਰੇਲਵੇ ਪੁਲਿਸ ਥਾਣਾ ਦੇ ਐਸ.ਐਚ.ਓ ਸਬ ਇੰਸਪੈਕਟਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਸਟੇਸ਼ਨ ਮਾਸਟਰ ਤੋਂ ਜੀ.ਆਰ.ਪੀ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਕੰਪਲੈਕਸ 'ਚ ਮਾਲ ਗੋਦਾਮ ਨਜ਼ਦੀਕ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਮੀਮੋ ਮਿਲਣ ਦੇ ਬਾਅਦ ਜੀ.ਆਰ.ਪੀ ਦੇ ਏ.ਐਸ.ਆਈ ਜਸਵੀਰ ਸਿੰਘ ਨੇ ਪੁਲਿਸ ਮੁਲਾਜ਼ਮਾਂ ਦੇ ਨਾਲ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਦੇ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੜਤਾਲ ਸ਼ੁਰੂ ਕੀਤੀ।

ਕਰੀਬ 40-45 ਸਾਲ ਉਮਰ ਦੇ ਜਾਪਦੇ ਮ੍ਰਿਤਕ ਵਿਅਕਤੀ ਦੇ ਪਹਿਨੇ ਹੋਏ ਕੱਪੜਿਆਂ 'ਚੋਂ ਉਸਦੀ ਸ਼ਨਾਖਤ ਸਬੰਧੀ ਕੋਈ ਪਹਿਚਾਣ ਪੱਤਰ ਜਾਂ ਕਾਗਜਾਤ ਬਰਾਮਦ ਨਾ ਹੋਣ ਕਾਰਨ ਉਸਦੀ ਪਹਿਚਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੀ ਇੱਕ ਬਾਂਹ ਉੱਪਰ ਸੁਰਮੇ ਨਾਲ ਗੌਰੀ ਸ਼ੰਕਰ ਨਾਮ ਖੁਦਿਆ ਹੋਇਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਦੀ ਮੌਤ ਹੋਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗਾ ਹੈ। ਮੌਤ ਹੋਣ ਦੇ ਅਸਲ ਕਾਰਨਾਂ ਸਬੰਧੀ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਪਤਾ ਲੱਗ ਸਕੇਗਾ। ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਦੀ ਮੌਤ ਠੰਡ ਦੇ ਕਾਰਨ ਤਾਂ ਫਿਰ ਕਿਸੇ ਬਿਮਾਰੀ ਕਾਰਨ ਨਾ ਹੋਈ ਹੋਵੇ। ਮ੍ਰਿਤਕ ਦੀ ਲਾਸ਼ ਨੂੰ ਪਹਿਚਾਣ ਅਤੇ ਪੋਸਟਮਾਰਟਮ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਡੈੱਡਹਾਊਸ 'ਚ ਰਖਵਾਇਆ ਗਿਆ ਹੈ। ਮ੍ਰਿਤਕ ਦੀ ਪਹਿਚਾਣ ਨਾ ਹੋਣ ਦੇ ਬਾਅਦ ਲਾਸ਼ ਨੂੰ ਲਵਾਰਸ ਕਰਾਰ ਦੇ ਕੇ ਅੰਤਿਮ ਸੰਸਕਾਰ ਕਰਵਾ ਦਿੱਤਾ ਜਾਵੇਗਾ।