ਪੁਲਿਸ ਬੱਚਾ ਚੋਰ ਮਹਿਲਾ ਨੂੰ ਫੜਨ 'ਚ ਹੋ ਰਹੀ ਨਾਕਾਮ

Last Updated: Jan 11 2018 11:48

ਮਾਤਾ ਕੋਸ਼ਲਯਾ ਹਸਪਤਾਲ ਵਿੱਚੋਂ ਜਦੋਂ ਦੀ ਨਵਜਾਤ ਬੱਚੇ ਦੀ ਚੋਰੀ ਹੋਈ ਹੈ, ਉਦੋਂ ਦਾ ਹੀ ਪੁਲਿਸ ਵਿਭਾਗ ਮੁਲਜ਼ਮ ਔਰਤ ਦੀ ਭਾਲ 'ਚ ਲੱਗਿਆ ਹੋਇਆ ਹੈ, ਪਰ ਹੁਣ ਲੱਗਦਾ ਹੈ ਕਿ ਪੁਲਿਸ ਵਾਲਿਆਂ ਦੀ ਵੀ ਇਸ ਬੱਚਾ ਚੋਰ ਔਰਤ ਨੂੰ ਕਾਬੂ ਕਰਨ ਵਿੱਚ ਨਾ ਹੋ ਗਈ ਹੈ। ਭਾਵੇਂ ਕਿ ਪੁਲਿਸ ਹੁਣ ਵੀ ਇਹ ਦਾਅਵਾ ਕਰ ਰਹੀ ਹੈ ਕਿ ਬੱਚੇ ਨੂੰ ਜਲਦ ਉਸਦੀ ਮਾਤਾ ਦੇ ਹਵਾਲੇ ਕੀਤਾ ਜਾਵੇਗਾ, ਪਰ ਪੁਲਿਸ ਦੀ ਜਾਂਚ ਠੰਢੀ ਪੈਂਦੀ ਜਾ ਰਹੀ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਦੀ ਸੀ.ਸੀ.ਟੀ.ਵੀ ਕੈਮਰਾ ਫੁਟੇਜ ਤੋਂ ਕੋਈ ਵੀ ਸੁਰਾਗ ਪੁਲਿਸ ਦੇ ਹੱਥੀਂ ਨਹੀਂ ਚੜ੍ਹਿਆ, ਜਿਸ ਕਰਕੇ ਪੁਲਿਸ ਹਲੇ ਤੱਕ ਕਿਸੇ ਮੰਜ਼ਲ ਤੇ ਨਹੀਂ ਪਹੁੰਚ ਸਕੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਹੁਣ ਮੁਲਜ਼ਮ ਔਰਤ ਨੂੰ ਕਾਬੂ ਕਰਨ ਲਈ ਪੁਰਾਣੇ ਮੁਲਜ਼ਮ ਰਿਕਾਰਡਾਂ ਨੂੰ ਫਰੋਲ ਰਹੀ ਹੈ ਤਾਂਕਿ ਕੋਈ ਮਦਦ ਮਿਲ ਸਕੇ। ਦੂਜੇ ਪਾਸੇ ਚੋਰੀ ਹੋਏ ਬੱਚੇ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਪਹਿਲੇ ਦਿਨ ਪੁਲਿਸ ਨੇ ਬੱਚਾ ਚੋਰ ਔਰਤ ਨੂੰ ਕਾਬੂ ਕਰਨ ਲਈ ਸਰਗਰਮੀ ਵਿਖਾਈ ਸੀ, ਪਰ ਹੁਣ ਪੁਲਿਸ ਇਸ ਮਾਮਲੇ ਵਿੱਚ ਟਾਲਮਟੋਲ ਕਰ ਰਹੀ ਹੈ।