ਅਗਵਾ ਹੋਏ ਬੱਚੇ ਦਾ ਹੋਇਆ ਕਤਲ, ਅਗਵਾਕਾਰ ਕਾਬੂ, ਲਾਸ਼ ਦੀ ਭਾਲ ਜਾਰੀ

Last Updated: Jan 11 2018 11:22

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੁਰਾਈਵਾਲਾ ਦੇ ਵਿੱਚ ਬੀਤੇ ਐਤਵਾਰ ਨੂੰ ਅਗਵਾ ਹੋਏ 14 ਸਾਲ ਦੇ ਲੜਕੇ ਸੁਰਿੰਦਰ ਸਿੰਘ ਦੇ ਕਤਲ ਦੀ ਪੁਸ਼ਟੀ ਹੋ ਗਈ ਹੈ। ਫਿਲਹਾਲ ਪੁਲਿਸ ਵੱਲੋਂ ਸਰਹਿੰਦ ਫੀਡਰ ਨਹਿਰ ਵਿੱਚੋਂ ਬੱਚੇ ਦੀ ਲਾਸ਼ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਇਸ ਕਤਲ ਦੀ ਪੁਸ਼ਟੀ ਅਗਵਾਕਾਰ ਸੋਨੀ ਸਿੰਘ ਦੀ ਗ੍ਰਿਫ਼ਤਾਰੀ ਦੇ ਬਾਅਦ ਉਸ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ਤੇ ਕੀਤੀ ਗਈ ਹੈ। ਗਿੱਦੜਬਾਹਾ ਪੁਲਿਸ ਦੇ ਡੀ.ਐੱਸ.ਪੀ. ਰਾਜਪਾਲ ਸਿੰਘ ਅਨੁਸਾਰ ਸੋਨੀ ਸਿੰਘ ਨੂੰ ਬੀਤੀ ਸ਼ਾਮ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ ਜਿਸ ਦੌਰਾਨ ਉਸਨੇ ਕਬੂਲ ਕੀਤਾ ਕਿ ਉਸਨੇ ਪੈਸੇ ਦੀ ਖਾਤਰ ਆਪਣੀ ਹੀ ਮਾਸੀ ਦੇ ਲੜਕੇ ਸੁਰਿੰਦਰ ਨੂੰ ਅਗਵਾ ਕੀਤਾ ਸੀ, ਪਰ ਪੈਸੇ ਨਾ ਮਿਲਦੇ ਵੇਖ ਉਸਨੇ ਸੁਰਿੰਦਰ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿੰਡ ਘੱਗਾ ਅਤੇ ਬੂਬਾਣੀਆਂ ਦੇ ਵਿਚਕਾਰ ਨਹਿਰ ਵਿੱਚ ਸੁੱਟ ਕੇ ਕਤਲ ਕਰ ਦਿੱਤਾ ਹੈ।

ਪੁਲਿਸ ਦੇ ਅਨੁਸਾਰ ਹਾਲੇ ਤੱਕ ਬੱਚੇ ਦੀ ਲਾਸ਼ ਬਰਾਮਦ ਨਹੀਂ ਹੋਈ ਹੈ ਅਤੇ ਗੋਤਾਖੋਰਾਂ ਵੱਲੋਂ ਭਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਬੀਤੇ ਐਤਵਾਰ ਨੂੰ ਸੁਰਿੰਦਰ ਸਿੰਘ ਨੂੰ ਅਗਵਾ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਪਰਿਵਾਰ ਕੋਲੋਂ ਚਾਰ ਲੱਖ ਫਿਰੌਤੀ ਦੀ ਮੰਗ ਹੋਈ ਸੀ। ਅਗਵਾ ਹੋਏ ਲੜਕੇ ਦੇ ਪਿਤਾ ਬੂਟਾ ਸਿੰਘ ਅਨੁਸਾਰ ਸੁਰਿੰਦਰ ਨੂੰ ਉਸਦੀ ਹੀ ਮਾਸੀ ਦੇ ਲੜਕੇ ਸੋਨੀ ਨੇ ਅਗਵਾ ਕੀਤਾ ਸੀ ਜਿਸਦੇ ਆਧਾਰ ਤੇ ਪੁਲਿਸ ਵੱਲੋਂ ਸੋਨੀ ਦੀ ਭਾਲ ਜਾਰੀ ਸੀ। ਪੁਲਿਸ ਵੱਲੋਂ ਬੀਤੀ ਸ਼ਾਮ ਸੋਨੀ ਸਿੰਘ ਨੂੰ ਕਾਬੂ ਕਰ ਮਾਮਲੇ ਨੂੰ ਸਾਫ ਕੀਤਾ ਗਿਆ ਹੈ, ਪਰ ਇਸ ਸਭ ਵਿੱਚ ਬੱਚੇ ਦਾ ਕਤਲ ਹੋ ਚੁੱਕਿਆ ਹੈ ਅਤੇ ਉਸਦੀ ਲਾਸ਼ ਹੁਣ ਤੱਕ ਬਰਾਮਦ ਨਹੀਂ ਹੋਈ ਹੈ। ਪੁਲਿਸ ਵੱਲੋਂ ਅੱਜ ਆਰੋਪੀ ਸੋਨੀ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਦੀ ਮੰਗ ਕੀਤੀ ਜਾਣੀ ਹੈ। ਮ੍ਰਿਤਕ ਲੜਕੇ ਦੇ ਪਰਿਵਾਰ ਅਨੁਸਾਰ ਉਨ੍ਹਾਂ ਦਾ ਸੋਨੀ ਸਿੰਘ ਦੇ ਪਰਿਵਾਰ ਨਾਲ ਜ਼ਿਆਦਾ ਵਰਤਾਵਾ ਨਹੀਂ ਹੈ।