ਪੁਲਿਸ ਨੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

Last Updated: Jan 10 2018 20:17

ਕਸਬਾ ਜੈਤੋ ਵਿਖੇ ਲੁੱਟ ਖੋਹ ਦੀਆਂ ਦੋ ਵੱਡੀਆਂ ਵਾਰਦਾਤਾਂ ਜਿਨ੍ਹਾਂ ਵਿੱਚ ਦਿਨ ਦਿਹਾੜੇ ਬੰਦੂਕ  ਦੀ ਨੋਕ ਤੇ ਲੱਖਾਂ ਰੁਪਏ ਦੀ ਨਕਦੀ ਅਤੇ ਲਾਇਸੰਸੀ ਹਥਿਆਰਾਂ ਦੀ ਲੁੱਟ ਕੀਤੀ ਗਈ। ਇਨ੍ਹਾਂ ਵਾਰਦਾਤਾਂ ਦੇ ਹੋਣ ਤੋਂ ਬਾਅਦ ਜਦ ਜੈਤੋ ਵਾਸੀਆਂ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਨੇ ਆਪਣੀ ਚੌਕਸੀ ਨੂੰ ਵਧਾਉਂਦੇ ਹੋਏ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਅਪਰਾਧੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਜਿਸ ਦੇ ਨਤੀਜੇ ਵਜੋਂ  ਦੋ ਮਹਿਲਾਵਾਂ ਸਮੇਤ ਅੱਠ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਏ। ਜਿਨ੍ਹਾਂ ਦੇ ਬਾਰੇ ਅੱਜ ਪੁਲਿਸ ਦੇ ਪਹੁੰਚੇ ਆਲਾ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਅਤੇ ਮਾਮਲੇ ਦਾ ਖ਼ੁਲਾਸਾ ਕੀਤਾ। 

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਠਿੰਡਾ ਜ਼ੋਨ ਦੇ ਆਈ.ਜੀ ਮੁਖਵਿੰਦਰ ਸਿੰਘ ਛੀਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਨਗਦੀ ਅਤੇ ਗਹਿਣਿਆਂ ਸਮੇਤ ਕਾਬੂ ਕਰਕੇ ਪੁਲਿਸ ਨੇ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ। ਜੈਤੋ ਦੇ ਦੋਹਾਂ ਡਾਕੇ ਦੀਆਂ ਵਾਰਦਾਤਾਂ 'ਚ ਸ਼ਾਮਿਲ ਅਰੋਪੀ ਪਲਵਿੰਦਰ ਸਿੰਘ ਉਰਫ਼ ਗੋਪੀ, ਦਿਲਦਾਰ ਸਿੰਘ, ਪਰਮਜੀਤ ਸਿੰਘ ਉਰਫ਼ ਪੰਮਾ, ਕਿਰਨ ਕੁਮਾਰ ਉਰਫ਼ ਕਰਨ, ਹੀਰਾ ਸਿੰਘ, ਵਿਕਰਮਜੀਤ ਸਿੰਘ, ਸਵਿਤਾ ਅਤੇ ਦਵਿੰਦਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
 
ਉਨ੍ਹਾਂ ਨੇ ਦੱਸਿਆ ਕਿ ਅਰੋਪੀਆਂ ਪਾਸੋਂ 4,19,000 ਰੁਪਏ ਦੀ ਨਗਦੀ, 170 ਗਰਾਮ ਸੋਨਾ, 3 ਕਿੱਲੋ 400 ਚਾਂਦੀ, ਇੱਕ ਚਾਂਦੀ ਦੀ ਚੈਨ, ਚਾਂਦੀ ਦਾ ਬਰੈਸਲੈਟ, ਦੋ ਸੋਨੇ ਦੀਆਂ ਮੁਰਕੀਆਂ, ਸਵਿਫ਼ਟ ਕਾਰ, ਕਾਰ ਮਾਈਕਰਾ ਅਤੇ ਹਥਿਆਰਾਂ ਦੀ ਬਰਾਮਦਗੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਅਰੋਪੀਆਂ ਖ਼ਿਲਾਫ਼ ਧਾਰਾ 379 ਬੀ, 307, 341, 454, 506 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 

ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ.ਨਾਨਕ ਸਿੰਘ, ਐਸ.ਪੀ.ਡੀ ਸੇਵਾ ਸਿੰਘ ਮੱਲੀ, ਐਸ.ਪੀ ਬਹਾਦਰ ਸਿੰਘ, ਸੀ.ਆਈ.ਏ ਸਟਾਫ਼ ਅੰਮ੍ਰਿਤਪਾਲ ਸਿੰਘ ਭਾਟੀ ਨੇ ਆਦਿ ਹਾਜ਼ਰ ਸਨ।