ਪਾਸਪੋਰਟ ਵੈਰੀਫਿਕੇਸ਼ਨ ਨਾਲ ਸੰਬੰਧਿਤ ਦਰਖਾਸਤਾਂ ਦਾ ਸਮੇਂ ਸਿਰ ਕੀਤਾ ਗਿਆ ਨਿਪਟਾਰਾ: ਡਾ.ਨਾਨਕ ਸਿੰਘ

Tarsem Chanana
Last Updated: Jan 10 2018 19:55

ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਆਮ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕਾਰਜਸ਼ੀਲ ਸਾਂਝ ਕੇਂਦਰ ਲੋਕਾਂ ਨੂੰ ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਤੈਅ ਸਮਾਂ ਹੱਦ ਅੰਦਰ ਸੇਵਾਵਾਂ ਉਪਲਬੱਧ ਕਰਵਾ ਰਹੇ ਹਨ। ਮਹੀਨਾ ਦਸੰਬਰ 2017 ਦੌਰਾਨ ਜ਼ਿਲ੍ਹਾ ਫ਼ਰੀਦਕੋਟ 'ਚ 4458 ਲੋਕਾਂ ਨੇ ਸਾਂਝ ਕੇਂਦਰਾਂ ਰਾਹੀਂ ਗ੍ਰਹਿ ਵਿਭਾਗ ਦੀਆਂ ਸੇਵਾਵਾਂ ਲੈਣ ਲਈ ਪੁਲਿਸ ਨਾਲ ਸਾਂਝ ਪਾਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ, ਆਈ.ਪੀ.ਐਸ. ਨੇ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਸਾਂਝ ਕੇਂਦਰਾਂ ਰਾਹੀਂ ਪੁਲਿਸ ਦਾ ਆਮ ਲੋਕਾਂ ਨਾਲ  ਸੰਪਰਕ ਵਧਿਆ ਹੈ ਅਤੇ ਲੋਕ ਬੇਝਿਜਕ ਇੰਨਾ ਸਾਂਝ ਕੇਂਦਰਾਂ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਸ਼ਹਿਰਾਂ ਤੋਂ ਇਲਾਵਾ ਹਰ ਥਾਣੇ ਵਿੱਚ ਆਉਟਰੀਚ ਸੈਂਟਰ ਚੱਲ ਰਹੇ ਹਨ, ਜੋ ਕਿ ਸਫ਼ਲਤਾ ਪੂਰਵਕ ਆਮ ਲੋਕਾਂ ਨੂੰ ਵਧੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੋ ਰਹੇ ਹਨ। 
  
ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਕੁੱਲ 7996 ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਸੇਵਾਵਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿਚੋਂ 4458 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਜਦਕਿ 3538 'ਤੇ ਕਾਰਵਾਈ ਚੱਲ ਰਹੀ ਹੈ। ਜਿਨ੍ਹਾਂ ਅਰਜ਼ੀਆਂ 'ਤੇ ਕਾਰਵਾਈ ਚੱਲ ਰਹੀ ਹੈ ਉਹ ਵੀ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਹੀ ਹੈ। ਉਨ੍ਹਾਂ ਦੱਸਿਆ ਕਿ ਮਹੀਨਾ ਦਸੰਬਰ 2017 ਦੌਰਾਨ 4474 ਅਰਜ਼ੀਆਂ ਜ਼ਿਲ੍ਹੇ ਵਿੱਚ ਇਨ੍ਹਾਂ ਸਾਂਝ ਕੇਂਦਰਾਂ ਰਾਹੀਂ ਪ੍ਰਾਪਤ ਕੀਤੀਆਂ ਗਈਆਂ। ਇਸ ਅਰਸੇ ਦੌਰਾਨ ਪ੍ਰਾਪਤ ਹੋਈਆਂ ਦਰਖਾਸਤਾਂ ਜਿਨ੍ਹਾਂ 'ਚੋ ਵਿਸ਼ੇਸ਼ ਤੌਰ 'ਤੇ 688 ਐਫ.ਆਈ.ਆਰ/ਡੀ.ਡੀ.ਆਰ ਮਾਮਲੇ ਨਾਲ ਸਬੰਧਿਤ, 2017 ਪਾਸਪੋਰਟ ਵੈਰੀਫਿਕੇਸ਼ਨ ਨਾਲ ਸੰਬੰਧਿਤ ਦਰਖਾਸਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਗਿਆ ਹੈ। 

ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਪੁਲਿਸ ਸਾਂਝ ਕੇਂਦਰਾਂ ਰਾਹੀਂ ਵੱਧ ਤੋਂ ਵੱਧ ਸੇਵਾਵਾਂ ਦਾ ਲਾਭ ਲੈਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਦਾ ਕੰਮ ਪਾਰਦਰਸ਼ੀ ਅਤੇ ਵਧੀਆਂ ਤਰੀਕੇ ਨਾਲ ਚਲਾਉਣ ਲਈ ਹਰ ਵਰਗ ਦੇ ਸੂਝਵਾਨ, ਰਾਜਸੀ, ਸਮਾਜ ਸੇਵੀ ਅਤੇ ਬੁੱਧੀਜੀਵੀ ਵਿਅਕਤੀਆਂ ਦੇ ਅਧਾਰਿਤ ਬਣਾਈਆਂ ਸੁਸਾਇਟੀਆਂ ਵੱਲੋਂ ਘਰੇਲੂ ਝਗੜੇ, ਮਾਰਕੁੱਟ, ਦਾਜ ਦੀ ਮੰਗ ਅਤੇ ਵਿਆਹੀਆਂ ਲੜਕੀਆਂ ਦੇ ਘਰੇਲੂ ਮਾਮਲੇ, ਔਰਤਾਂ ਅਤੇ ਬੱਚਿਆਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਸੁਲਝਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸਾਂਝ ਕੇਂਦਰਾਂ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਲਈ ਕਰਮਚਾਰੀਆਂ ਦਾ ਪਹਿਰਾਵਾ ਵੀ ਸਿਵਲ ਡਰੈੱਸ ਵਿੱਚ ਕੀਤਾ ਗਿਆ ਹੈ।