ਚੈਕਿੰਗ ਦੌਰਾਨ ਬੱਸ ਯਾਤਰੀ ਕੋਲੋਂ ਬਰਾਮਦ ਹੋਈ 28 ਲੱਖ ਰੁਪਏ ਨਗਦੀ

Last Updated: Jan 10 2018 18:06

ਸ਼ਹਿਰ ਦੇ ਮੇਨ ਬੱਸ ਸਟੈਂਡ ਕੋਲ ਥਾਣਾ ਸਿਟੀ ਪੁਲਿਸ ਨੇ ਚੈਕਿੰਗ ਕਰਦੇ ਹੋਏ ਦਿੱਲੀ ਤੋਂ ਲੁਧਿਆਣਾ ਜਾ ਰਹੀ ਇੱਕ ਬੱਸ 'ਚ ਸਵਾਰ ਇੱਕ ਵਿਅਕਤੀ ਦੇ ਕਬਜ਼ੇ ਚੋਂ 28 ਲੱਖ ਰੁਪਏ ਦੀ ਨਵੀਂ ਕਰੰਸੀ ਬਰਾਮਦ ਕੀਤੀ ਹੈ। ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਗੁਰਮੇਜ਼ ਸਿੰਘ ਦੇ ਤੌਰ 'ਤੇ ਹੋਈ ਹੈ। ਉਕਤ ਵਿਅਕਤੀ ਵੱਲੋਂ ਬਰਾਮਦ ਨਗਦੀ ਸਬੰਧੀ ਕੋਈ ਦਸਤਾਵੇਜ਼ੀ ਸਬੂਤ ਪੇਸ਼ ਨਾ ਕੀਤੇ ਜਾਣ ਦੇ ਚੱਲਦੇ ਮਾਮਲੇ ਨੂੰ ਜਾਂਚ ਲਈ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।

ਇਸ ਮਾਮਲੇ ਸਬੰਧੀ ਪੁਲਿਸ ਥਾਣਾ ਸਿਟੀ ਖੰਨਾ ਦੇ ਐਸ.ਐਚ.ਓ ਰਜਨੀਸ਼ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਵੱਲੋਂ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਸਬੰਧੀ ਵਾਹਨਾਂ ਦੀ ਚੈਕਿੰਗ ਕਰਨ ਬਾਰੇ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਸਥਾਨਕ ਮੁੱਖ ਬੱਸ ਸਟੈਂਡ ਕੋਲ ਬੀਤੀ ਸ਼ਾਮ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।

ਇਸੇ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਰਾਜਪੁਰਾ ਤੋਂ ਲੁਧਿਆਣਾ ਜਾ ਰਹੀ ਇੱਕ ਬੱਸ ਨੂੰ ਰੋਕ ਕੇ ਯਾਤਰੀਆਂ ਦੀ ਚੈਕਿੰਗ ਕੀਤੀ ਤਾਂ ਬੱਸ 'ਚ ਸਵਾਰ ਗੁਰਮੇਜ ਸਿੰਘ ਵਾਸੀ ਗੁਰੂ ਹਰਸਹਾਏ ਦੇ ਕੋਲ ਚੁੱਕੇ ਹੋਏ ਬੈਗ ਚੋਂ 28 ਲੱਖ ਰੁਪਏ ਨਗਦੀ ਬਰਾਮਦ ਹੋਈ। ਜਦੋਂ ਉਕਤ ਵਿਅਕਤੀ ਤੋਂ ਬਰਾਮਦ ਹੋਈ ਕਰੰਸੀ ਸਬੰਧੀ ਬਿਲ ਜਾਂ ਦਸਤਾਵੇਜ਼ ਮੰਗੇ ਗਏ ਤਾਂ ਉਹ ਨਗਦੀ ਸਬੰਧੀ ਕੋਈ ਸੰਤੁਸ਼ਟ ਨਹੀਂ ਦੇ ਸਕਿਆ।

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਵਿਅਕਤੀ ਨੇ ਪੁੱਛ-ਗਿੱਛ ਕਰਨ 'ਤੇ ਦੱਸਿਆ ਹੈ ਕਿ ਉਸ ਨੂੰ ਇਹ ਨਗਦੀ ਰਾਜਪੁਰਾ ਵਿਖੇ ਇੱਕ ਅਨਿਲ ਕੁਮਾਰ ਨਾਮਕ ਵਿਅਕਤੀ ਨੇ ਦਿੱਤੀ ਸੀ, ਜਿਸ ਨੂੰ ਉਸ ਨੇ ਗੁਰੂ ਹਰਸਹਾਏ ਪਹੁੰਚਾਇਆ ਜਾਣਾ ਸੀ। ਪਰ ਉਹ ਪੇਮੈਂਟ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਜਿਸ ਦੇ ਚੱਲਦੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾਕੇ ਬਰਾਮਦ ਨਗਦੀ ਦੇ ਮਾਮਲੇ ਦੀ ਜਾਂਚ ਕਰਨ ਲਈ ਅਧਿਕਾਰੀਆਂ ਹਵਾਲੇ ਕਰ ਦਿੱਤਾ ਗਿਆ ਹੈ।