ਪਟਿਆਲਾ ਨੂੰ ਵਸਾਉਣ ਵਾਲੇ ਨੂੰ ਵਿਸਾਰ ਗਿਆ ਸ਼ਾਹੀ ਪਰਿਵਾਰ

Last Updated: Jan 10 2018 16:38

ਪਟਿਆਲਾ ਸ਼ਹਿਰ ਨੂੰ ਵਸਾਉਣ ਵਾਲੇ ਬਾਬਾ ਆਲਾ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਸ਼ਾਹੀ ਪਰਿਵਾਰ ਸ਼ਾਇਦ ਪੂਰੀ ਤਰਾਂ ਨਾਲ ਵਿਸਾਰ ਚੁੱਕਾ ਹੈ। ਅਗਰ ਅਜਿਹਾ ਨਾ ਹੁੰਦਾ ਤਾਂ ਇਸ ਵਾਰ ਪਟਿਆਲਾ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਦਾ ਜਨਮ ਦਿਨ ਪਹਿਲਾਂ ਵਾਂਗ ਹੀ ਪੂਰੀ ਧੁੰਮ ਧਾਮ ਨਾਲ ਮਨਾਇਆ ਜਾਣਾ ਸੀ। ਇਸ ਨੂੰ ਭਾਵੇਂ ਹੁਣ ਕੋਈ ਸੱਤਾ ਦਾ ਨਸ਼ਾ ਕਹਿ ਲਓ ਜਾਂ ਸ਼ਾਹੀ ਪਰਿਵਾਰ ਦੀ ਕੋਈ ਹੋਰ ਮਜਬੂਰੀ ਪਰ ਇਸ ਵਾਰ ਹੋਇਆ ਕੁਝ ਅਜਿਹਾ ਹੀ। 

ਇਸ ਤੋਂ ਪਹਿਲਾਂ ਬਾਬਾ ਆਲਾ ਸਿੰਘ ਦਾ ਜਨਮ ਦਿਨ ਹਰ ਸਾਲ 7 ਜਨਵਰੀ ਨੂੰ ਉਨ੍ਹਾਂ ਦੇ ਸ਼ਾਹੀ ਪਰਿਵਾਰ ਵੱਲੋਂ ਤਾਂ ਮਨਾਇਆ ਹੀ ਜਾਂਦਾ ਸੀ, ਪੰਜਾਬ ਸਰਕਾਰ ਵੱਲੋਂ ਵੀ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਸੀ। ਇਸ ਵਾਰ ਸ਼ਾਹੀ ਸਮਾਧਾਂ 'ਤੇ ਰਹਿਣ ਵਾਲੇ ਕੁਝ ਲੋਕਾਂ ਨੇ ਆਪਣੇ ਤੌਰ 'ਤੇ ਹੀ ਉਨ੍ਹਾਂ ਦਾ ਜਨਮ ਦਿਨ ਮਨਾਇਆ ਪਰ ਇਸ ਸਮੇਂ ਦੇ ਦੌਰਾਨ ਸ਼ਾਹੀ ਪਰਿਵਾਰ ਵੱਲੋਂ ਅੱਜ ਪੂਰੇ ਤਿੰਨ ਦਿਨ ਲੰਘ ਜਾਣ ਦੇ ਬਾਵਜੂਦ ਵੀ ਕੋਈ ਹਿਲਜੁਲ ਨਜ਼ਰ ਨਹੀਂ ਆਈ। ਪਟਿਆਲਵੀਆਂ ਨੂੰ ਵੀ ਜਾਪਦਾ ਸੀ ਕਿ ਸ਼ਾਇਦ ਰੁਝੇਵਿਆਂ ਕਾਰਨ ਸ਼ਾਹੀ ਪਰਿਵਾਰ ਇੱਕ ਦੋ ਦਿਨ ਬਾਅਦ ਹੀ ਆਪਣੇ ਪੁਰਖਾਂ ਦੀਆਂ ਸਮਾਧਾਂ 'ਤੇ ਸਜਦਾ ਕਰਨ ਆ ਜਾਣ ਪਰ ਅਜਿਹਾ ਨਹੀਂ ਹੋਇਆ। 

ਕਾਬਿਲ-ਏ-ਗ਼ੌਰ ਹੈ ਕਿ 1691 ਨੂੰ ਜੰਮੇ ਬਾਬਾ ਆਲਾ ਸਿੰਘ ਨੇ 1757 'ਚ ਕੱਚੀ ਗੜੀ ਦੀ ਤੇ 1763 'ਚ ਪਟਿਆਲਾ ਕਿਲ੍ਹੇ ਦੀ ਨੀਂਹ ਰੱਖੀ। ਬਾਅਦ 'ਚ ਪਟਿਆਲਾ ਰਿਆਸਤ ਦੀ ਰਾਜਧਾਨੀ ਵਜੋਂ ਰਹੇ ਇਸ ਸ਼ਹਿਰ ਦੀਆਂ ਵਿਰਾਸਤੀ ਨਿਸ਼ਾਨੀਆਂ ਦੀ ਸਥਾਪਤੀ ਨਾਲ ਇਸ ਸ਼ਹਿਰ ਦੀ ਵਿਰਾਸਤੀ ਪਹਿਚਾਣ ਪੂਰੀ ਦੁਨੀਆ 'ਚ ਚਮਕ ਉੱਠੀ। ਇਸ ਇਤਿਹਾਸਕ ਸ਼ਹਿਰ 'ਚ ਸਥਾਪਿਤ ਨਿਊ ਮੋਤੀ ਮਹਿਲ 'ਚ ਉਨ੍ਹਾਂ ਦੀ ਪੀੜੀ ਦੇ ਵਾਰਸ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੀ ਪਤਨੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਤੇ ਉਨ੍ਹਾਂ ਦਾ ਪਰਿਵਾਰ ਰਹਿੰਦਾ ਹੈ।

ਇਸ ਪਰਿਵਾਰ ਵੱਲੋਂ ਪਹਿਲਾਂ ਜਿੱਥੇ ਬੜੇ ਠਾਠ ਬਾਠ ਨਾਲ ਬਾਬਾ ਆਲਾ ਸਿੰਘ ਦਾ ਜਨਮ ਦਿਨ ਮਨਾਇਆ ਜਾਂਦਾ ਸੀ ਫਿਰ ਹੌਲੀ-ਹੌਲੀ ਇਹ ਨਿਸ਼ਾਨੀ ਵਜੋਂ ਮਨਾਇਆ ਜਾਣ ਲੱਗਾ ਅਤੇ ਹੁਣ ਇਸ ਪਰਿਵਾਰ ਨੇ ਇਸ ਨੂੰ ਬਿਲਕੁਲ ਹੀ ਮਨਾਉਣਾ ਬੰਦ ਕਰ ਦਿੱਤਾ ਹੈ ਪਰ ਇਸ ਵਾਰ ਤਾਂ ਸ਼ਾਇਦ ਸ਼ਾਹੀ ਪਰਿਵਾਰ ਬਿਲਕੁਲ ਹੀ ਭੁੱਲ ਬੈਠਾ। ਉਕਤ ਮਾਮਲੇ 'ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦਾ ਹੀ ਕੋਈ ਪ੍ਰਤੀਕਰਮ ਮਿਲ ਸਕਿਆ ਅਤੇ ਨਾ ਹੀ ਪ੍ਰਨੀਤ ਕੌਰ ਦਾ। ਅਗਰ ਗੱਲ ਮੋਤੀ ਮਹਿਲ ਦੇ ਅਹਿਲਕਾਰਾਂ ਦੀ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਮਹਿਲਾ ਸੁੰਨਸਾਨ ਪਿਆ ਹੋਇਆ ਹੈ। ਕੌਣ ਕਿੱਥੇ ਹੈ ਇਸ ਬਾਰੇ ਕਿਸੇ ਨੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ।