ਨੌਜਵਾਨੀ ਨਾਲ ਧ੍ਰੋਹ ਕਮਾ ਰਹੇ ਹਨ ਘਟੀਆ ਗਾਇਕ ਤੇ ਉਹਨਾਂ ਦੀ ਗਾਇਕੀ.!!!

Kulwant Singh
Last Updated: Jan 10 2018 15:17

ਸੰਗੀਤ ਦੀਆਂ ਧੁੰਨਾਂ ਕੇਵਲ ਇਨਸਾਨਾਂ ਨੂੰ ਹੀ ਨਹੀਂ ਬਲਕਿ ਇਹ ਪਸ਼ੂ-ਪੰਛੀਆਂ ਨੂੰ ਵੀ ਕੀਲ ਲੈਂਦੀਆਂ ਹਨ, ਉਹਨਾਂ ਨੂੰ ਮੰਤਰ ਮੁਘਧ ਕਰ ਦਿੰਦੀਆਂ ਹਨ। ਇਹ ਸੰਗੀਤ ਹੀ ਹੈ ਜਿਸਨੂੰ ਸੁਣਦਿਆਂ ਹੀ ਬਿਮਾਰ ਇਨਸਾਨ ਵੀ ਝੂਮਣ ਲੱਗਦਾ ਹੈ, ਉਸਦੇ ਅੰਦਰ ਇੱਕ ਵੱਖਰੇ ਹੀ ਕਿਸਮ ਦੀ ਉਮੰਗ, ਖ਼ੁਸ਼ੀ ਅਤੇ ਖੇੜਿਆਂ ਦੀਆਂ ਤਰੰਗਾਂ ਪੈਦਾ ਹੋ ਜਾਂਦੀਆਂ ਹਨ। ਹੁਣ ਤੱਕ ਸੰਗੀਤ ਤੇ ਹੋਈਆਂ ਖੋਜਾਂ ਨੇ ਵੀ ਸਾਬਤ ਕਰ ਦਿੱਤਾ ਹੈ ਕਿ ਇਨਸਾਨ ਜਿਹੋ ਜਿਹਾ ਸੰਗੀਤ ਸੁਣਦਾ ਹੈ, ਉਸਦੀ ਮਾਨਸਿਕਤਾ ਤੇ ਅਸਰ ਵੀ ਉਹੋ ਜਿਹਾ ਹੀ ਹੁੰਦਾ ਹੈ।

ਮਸਲਨ ਜਦੋਂ ਇਨਸਾਨ ਵੈਰਾਗਮਈ ਤੇ ਵਿਛੋੜੇ ਦੇ ਗਾਣੇ ਸੁਣਦਾ ਹੈ ਤਾਂ ਉਹ ਉਦਾਸ ਹੋ ਜਾਂਦਾ ਹੈ, ਜਦੋਂ ਖੁਸ਼ੀਆਂ ਖੇੜਿਆਂ ਵਾਲੇ ਅਤੇ ਨੱਚਣ ਟੱਪਣ ਵਾਲੇ ਗਾਣੇ ਸੁਣਦਾ ਤਾਂ ਉਸਦੇ ਪੈਰ ਆਪ ਮੁਹਾਰੇ ਹੀ ਥਿਰਕਣ ਲੱਗ ਪੈਂਦੇ ਹਨ, ਦਿਲ ਖੁਦ-ਬ-ਖੁਦ ਹੀ ਨੱਚਣ ਗਾਣ ਨੂੰ ਕਰਦਾ ਹੈ ਅਤੇ ਜੇਕਰ ਇਨਸਾਨ ਦੇਸ਼ ਭਗਤੀ ਦੇ ਗਾਣੇ ਸੁਣਦਾ ਹੈ ਤਾਂ ਉਸਦੇ ਅੰਦਰ ਦੇਸ਼ ਲਈ ਅਥਾਹ ਪਿਆਰ ਅਤੇ ਜੋਸ਼ ਉਤਪੰਨ ਹੋ ਜਾਂਦਾ ਹੈ। ਖੋਜਾਂ ਤਾਂ ਇੱਥੋਂ ਤੱਕ ਵੀ ਸਾਬਤ ਕਰਦੀਆਂ ਹਨ ਕਿ ਸੰਗੀਤ ਸੁਣਾ ਕੇ ਦੁਧਾਰੂ ਪਸ਼ੂਆਂ ਤੋਂ ਵਧੇਰੇ ਦੁੱਧ ਹਾਸਲ ਕੀਤਾ ਜਾ ਸਕਦਾ ਹੈ। ਇਤਿਹਾਸ ਵਿੱਚ ਤਾਂ ਪ੍ਰਸਿੱਧ ਸੰਗੀਤਕਾਰ ਤਾਨਸੈਨ ਵੱਲੋਂ ਆਪਣੇ ਸੰਗੀਤ ਯਾਨੀ ਕਿ ਰਾਗ ਦੀਪਕ ਰਾਹੀਂ ਦੀਪਕ ਜਲਾਉਣ ਅਤੇ ਰਾਗ ਮਲਹਾਰ ਰਾਹੀਂ ਮੀਂਹ ਪੁਆਉਣ ਤੱਕ ਦਾ ਵਰਨਣ ਆਉਂਦਾ ਹੈ।

ਦੋਸਤੋ, ਅਗਰ ਸੰਗੀਤ ਕੁਦਰਤ, ਇਨਸਾਨਾਂ ਅਤੇ ਪਸ਼ੂਆਂ ਦੀਆਂ ਜ਼ਿੰਦਗੀਆਂ ਤੇ ਇਸ ਕਦਰ ਹਾਂ ਪੱਖੀ ਅਸਰ ਛੱਡਦਾ ਹੈ ਤਾਂ ਜਾਹਿਰ ਹੈ ਕਿ ਸੰਗੀਤ ਦਾ ਉਨ੍ਹਾਂ ਦੀ ਜ਼ਿੰਦਗੀ ਤੇ ਨਾਂਹ ਪੱਖੀ ਯਾਨੀ ਕਿ ਨੈਗਟਿਵ ਪ੍ਰਭਾਵ ਵੀ ਜ਼ਰੂਰ ਪੈਂਦਾ ਹੋਵੇਗਾ। ਜੀ ਹਾਂ!!! ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿਆਹ-ਸ਼ਾਦੀਆਂ ਤੇ ਖ਼ੁਸ਼ੀ ਦੇ ਹੋਰ ਸਮਾਗਮਾਂ ਮੌਕੇ ਮੈਰਿਜ ਪੈਲੇਸਾਂ ਅਤੇ ਘਰਾਂ ਵਿਚ ਚੱਲਦੇ ਲੱਚਰਤਾ ਭਰਪੂਰ ਅਤੇ ਗੰਦੇ ਮੰਦੇ ਗਾਣਿਆਂ ਦੀ ਅਤੇ ਬੋਲੀਆਂ ਟੱਪਿਆਂ ਦੀ। 

ਗਾਇਕ ਲੋਕ ਆਪਣੀ ਟੀ.ਆਰ.ਪੀ. ਵਧਾਉਣ, ਪ੍ਰੋਗਰਾਮ ਕਰਕੇ ਸਟੇਜ਼ਾਂ ਤੇ ਲੋਕਾਂ ਦੀ ਵਾਹ-ਵਾਹ ਖ਼ੱਟਣ ਅਤੇ ਛੇਤੀ ਤੋਂ ਛੇਤੀ ਕਾਮਯਾਬ ਹੋਣ ਲਈ ਅਜਿਹੇ ਗਾਣੇ ਗਾਉਂਦੇ ਹਨ, ਜਿਹੜੇ ਕਿ ਨੌਜਵਾਨਾਂ ਨੂੰ ਮਾੜੇ ਰਸਤੇ ਤੇ ਪੈਣ ਲਈ ਪ੍ਰੇਰਿਤ ਕਰਦੇ ਹਨ। ਸ਼ਰਾਬ ਅਤੇ ਹਥਿਆਰਾਂ ਦੇ ਗਾਣਿਆਂ ਉੱਪਰ ਅਕਸਰ ਹੀ ਨੌਜਵਾਨ ਆਪਣੇ ਮਾਰੂ ਹਥਿਆਰਾਂ ਨਾਲ ਗੋਲੀਆਂ ਚਲਾਉਣ ਲਈ ਉਤਸ਼ਾਹਿਤ ਹੋ ਜਾਂਦੇ ਹਨ ਅਤੇ ਇਨ੍ਹਾਂ ਵੱਲੋਂ ਚਲਾਈਆਂ ਗੋਲੀਆਂ ਜਿੱਥੇ ਕਈ ਪਰਿਵਾਰ ਉਜਾੜ ਰਹੀਆਂ ਹਨ, ਉੱਥੇ ਖ਼ੁਸ਼ੀ ਦੇ ਮਾਹੌਲ ਵਿੱਚ ਰੰਗ 'ਚ ਭੰਗ ਵੀ ਪੈਦਾ ਹੋ ਰਿਹਾ ਹੈ। 

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਗਏ ਸਖ਼ਤ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਵਿਆਹ-ਸ਼ਾਦੀਆਂ ਦੇ ਸਮੇਂ ਪੈਲੇਸਾਂ 'ਚ ਅਜਿਹੇ ਗੀਤਕਾਰਾਂ ਦੇ ਗਾਏ ਗਾਣਿਆਂ ਦੇ ਬਹਿਕਾਵੇ ਵਿੱਚ ਆ ਕੇ ਨੌਜਵਾਨ ਗੋਲੀਆਂ ਚਲਾਉਂਦੇ ਹਨ, ਹੱਥਾਂ ਵਿੱਚ ਹਥਿਆਰ ਚੁੱਕ ਕੇ ਲਲਕਾਰੇ ਮਾਰਦੇ ਹਨ, ਕੁੜੀਆਂ ਨਾਲ ਛੇੜਛਾੜ ਕਰਦੇ ਹਨ ਤੇ ਉਹਨਾਂ ਲਈ ਲੜਾਈ ਝਗੜੇ ਕਰਦੇ ਹਨ। ਅਜਿਹੀਆਂ ਦਰਜਨਾਂ ਹੀ ਵਾਰਦਾਤਾਂ ਵਾਪਰ ਚੁੱਕੀਆਂ ਹਨ, ਜਿਹਨਾਂ ਵਿੱਚ ਅਜਿਹੇ ਫ਼ੁਕਰੇ ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ, ਕੀਤੇ ਗਏ ਹਵਾਈ ਫ਼ਾਇਰਾਂ ਕਾਰਨ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ।

ਲੰਘੇ ਦਿਨ ਵੀ ਤਰਨਤਾਰਨ ਦੇ ਇੱਕ ਮੈਰਿਜ ਪੈਲੇਸ ਵਿੱਚ ਚੱਲ ਰਹੇ ਵਿਆਹ ਪ੍ਰੋਗਰਾਮ ਦੇ ਦੌਰਾਨ ਗੋਲੀ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਮਾਰਿਆ ਗਿਆ ਨੌਜਵਾਨ ਨਾ ਤਾਂ ਸ਼ਰਾਬੀ ਸੀ ਅਤੇ ਨਾ ਹੀ ਉਸ ਨਾਲ ਕਿਸੇ ਦਾ ਕੋਈ ਵੈਰ ਵਿਰੋਧ ਸੀ, ਉਹ ਤਾਂ ਬੱਸ ਵਿਆਹ ਸਮਾਗਮ ਵਿੱਚ ਸ਼ਰੀਕ ਹੋਣ ਲਈ ਹੀ ਉੱਥੇ ਪੁੱਜਾ ਸੀ। ਪਰ ਪ੍ਰੋਗਰਾਮ ਵਿੱਚ ਆਏ ਕਿਸੇ ਗਾਇਕ ਨੇ ਗੋਲੀਆਂ ਚਲਾਉਣ ਲਈ ਉਕਸਾਉਣ ਵਾਲਾ ਅਜਿਹਾ ਗਾਣਾ ਗਾਇਆ ਜਿਸ ਨੂੰ ਸੁਣ ਕੇ ਕਈਆਂ ਨੇ ਆਪਣੇ ਪਿਸਟਲ ਤੇ ਰਿਵਾਲਵਰ ਕੱਢ ਲਏ ਤੇ ਡਾਂਸ ਫਲੋਰ ਤੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਨਤੀਜੇ ਵਜੋਂ ਇਸ ਲੜੀ ਵਿੱਚ ਜਾ ਰਹੀਆਂ ਜਾਨਾਂ ਤਹਿਤ ਇੱਕ ਹੋਰ ਬੇਕਸੂਰ ਦੀ ਜਾਨ ਚਲੀ ਗਈ। 

ਹੁਣ ਗੱਲ ਕਰੀਏ ਸਾਡੇ ਪ੍ਰਸ਼ਾਸਨ ਦੀ ਤਾਂ ਸੂਬੇ ਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਡਿਪਟੀ ਕਮਿਸ਼ਨਰ ਸਾਲ ਵਿੱਚ ਪਤਾ ਨਹੀਂ ਕਿੰਨੀ ਕੁ ਵਾਰ ਮੈਰਿਜ ਪੈਲੇਸਾਂ ਵਿੱਚ ਹਥਿਆਰ ਨਾ ਲੈ ਕੇ ਜਾਣ ਅਤੇ ਫ਼ਾਇਰਿੰਗ ਨਾ ਕਰਨ ਸਬੰਧੀ ਚੇਤਾਵਨੀਆਂ ਦਿੰਦੇ ਹਨ ਜਿਹੜੀਆਂ ਕਿ ਮਹਿਜ਼ ਖ਼ਾਨਾਪੂਰਤੀਆਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀਆਂ ਹਨ। ਦੂਜੇ ਪਾਸੇ ਗੱਲ ਅਗਰ ਪੁਲਿਸ ਦੀ ਕਰੀਏ ਤਾਂ ਉਹ ਵੀ ਕੇਵਲ ਗੋਲੀ ਚਲਾਉਣ ਵਾਲੇ ਦੇ ਖ਼ਿਲਾਫ਼ ਹੀ ਪਰਚਾ ਦੇ ਕੇ ਬੁੱਤਾ ਸਾਰ ਦਿੰਦੇ ਹਨ। 

ਜਾਣਕਾਰਾਂ ਦੀ ਮੰਨੀਏ ਤਾਂ ਪੁਲਿਸ ਨੇ ਅਜਿਹੇ ਕੁਝ ਮਾਮਲਿਆਂ ਵਿੱਚ ਮੈਰਿਜ ਪੈਲੇਸ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਹਨਾਂ ਦੇ ਖ਼ਿਲਾਫ਼ ਪਰਚੇ ਦਿੱਤੇ ਹਨ, ਪਰ ਇੱਕਾ ਦੁੱਕਾ ਇਨ੍ਹਾਂ ਮਾਮਲਿਆਂ ਨਾਲ ਕੁਝ ਸੁਧਾਰ ਹੋਇਆ ਹੋਵੇਗਾ ਇਹ ਕਹਿਣਾ ਮੁਸ਼ਕਲ ਹੈ ਕਿਉਂਕਿ ਸਚਾਈ ਇਹ ਹੈ ਕਿ ਖੁਸ਼ੀ ਦੇ ਉਸ ਮਾਹੌਲ ਵਿੱਚ ਮੈਰਿਜ ਪੈਲੇਸ ਵਾਲੇ ਪਹਿਲਾਂ ਤਾਂ ਸਾਰਾ ਸਮਾਂ ਸਟੇਜ ਦੇ ਨੇੜੇ ਖੜ੍ਹੇ ਨਹੀਂ ਰਹਿੰਦੇ ਤੇ ਜੇਕਰ ਕੋਈ ਨਿਗ੍ਹਾ ਰੱਖ ਵੀ ਲੈਂਦਾ ਹੈ ਤਾਂ ਨਸ਼ੇ 'ਚ ਟੁੰਨ ਹੋਏ ਬਰਾਤੀ ਤੇ ਹੋਰ ਲੋਕ ਪੈਲਸਾਂ ਵਾਲਿਆਂ ਦੇ ਗਲ੍ਹ ਪੈਣ ਨੂੰ ਜਾਂਦੇ ਨੇ ਤੇ ਪੁਲਿਸ ਦੀਆਂ ਹਦਾਇਤਾਂ ਅਨੁਸਾਰ ਜੇ ਪੈਲੇਸ ਵਾਲੇ ਪੁਲਿਸ ਨੂੰ ਸੂਚਿਤ ਕਰਦੇ ਹਨ ਤਾਂ ਦੁਬਾਰਾ ਉਨ੍ਹਾਂ ਦੇ ਪੈਲੇਸ ਦੀ ਇੰਨੀਂ ਬਦਨਾਮੀ ਹੋ ਜਾਂਦੀ ਹੈ ਕਿ ਮੁੜ ਪੈਲੇਸ ਦੀ ਬੁਕਿੰਗ ਤੇ ਵੀ ਅਸਰ ਪੈਂਦਾ ਹੈ, ਕਿਉਂਕਿ ਲੋਕੀਂ ਅਜਿਹੇ ਪੈਲੇਸ 'ਚ ਜਾਣਾ ਪਸੰਦ ਨਹੀਂ ਕਰਦੇ ਜਿਸਦੇ ਮਾਲਕ ਆਪਣੇ ਗ੍ਰਾਹਕਾਂ ਨੂੰ ਪੁਲਿਸ 'ਚ ਫਸਾ ਦੇਣ। ਇੰਝ ਗੋਲੀ ਚੱਲਣ ਦੀਆਂ ਇਹ ਵਾਰਦਾਤਾਂ ਅੱਜ ਵੀ ਬਾਦਸਤੂਰ ਜਾਰੀ ਹਨ ਤੇ ਹੁਣ ਤੱਕ ਇਹਨਾਂ ਦੀ ਗਿਣਤੀ ਹਜ਼ਾਰਾਂ ਵਿੱਚ ਪਹੁੰਚ ਚੱਕੀ ਹੈ। 

ਕਾਬਿਲ-ਏ-ਗੌਰ ਹੈ ਕਿ ਮੈਰਿਜ ਪੈਲੇਸਾਂ ਵਿੱਚ ਗੋਲੀਆਂ ਚੱਲਣ ਅਤੇ ਉਹਨਾਂ ਗੋਲੀਆਂ ਨਾਲ ਹੋ ਰਹੀਆਂ ਮੌਤਾਂ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵੀ ਬਕਾਇਦਾ ਤੌਰ ਤੇ ਇੱਕ ਜਨ ਹਿੱਤ ਅਰਜ਼ੀ ਦਾਇਰ ਹੋ ਚੁੱਕੀ ਹੈ। ਪ੍ਰੋਫ਼ੈਸਰ ਪੰਡਿਤ ਰਾਓ ਧਰਇੰਦਰ ਨਾਮ ਦੇ ਇੱਕ ਸਮਾਜ ਸੇਵੀ ਨੇ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਅਰਜ਼ੀ ਵਿੱਚ ਬਕਾਇਦਾ ਤੌਰ ਤੇ ਪੰਜਾਬ ਵਿੱਚ ਵਿਆਹ ਸਮਾਗਮਾਂ ਵਿੱਚ ਚੱਲਣ ਵਾਲੀਆਂ ਗੋਲੀਆਂ ਨਾਲ ਹੋ ਚੁੱਕੀਆਂ ਮੌਤਾਂ ਦਾ ਜ਼ਿਕਰ ਕੀਤਾ ਹੈ। ਇਸਦੇ ਨਾਲ ਹੀ ਉਕਤ ਸਮਾਜ ਸੇਵੀ ਨੇ ਆਪਣੀ ਅਰਜ਼ੀ ਰਾਹੀਂ ਪ੍ਰਿੰਸੀਪਲ ਸਕੱਤਰ ਸੱਭਿਆਚਾਰ ਵਿਭਾਗ ਪੰਜਾਬ ਤੋਂ ਇਲਾਵਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। 

ਇਸਦੇ ਨਾਲ ਹੀ ਉਹਨਾਂ ਨੇ ਚੰਡੀਗੜ੍ਹ ਸਾਈਬਰ ਸੈੱਲ 'ਚ ਇੱਕ ਲਿਖਤੀ ਸ਼ਿਕਾਇਤ ਦੇ ਕੇ ਸ਼ਰਾਬ ਅਤੇ ਹਥਿਆਰਾਂ ਉੱਪਰ ਗਾਣੇ ਗਾਉਣ ਵਾਲਿਆਂ ਗਾਇਕਾਂ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ, ਜਿਸ ਦੀ ਤਫਤੀਸ਼ ਚੱਲ ਰਹੀ ਹੈ। ਪੰਡਿਤ ਜੀ ਦਾ ਮੰਨਣਾ ਹੈ ਕਿ ਸ਼ਰਾਬ, ਹਥਿਆਰ ਅਤੇ ਲੱਚਰ ਗਾਇਕੀ ਕਾਰਨ ਲੋਕ ਉਤਸ਼ਾਹਿਤ ਹੋ ਕੇ ਗੋਲੀਆਂ ਚਲਾਉਂਦੇ ਹਨ, ਜਿਸ ਨਾਲ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਉਨਾਂ ਵੱਲੋਂ ਇਸ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ, ਮੁਸਲਿਮ ਭਾਈਚਾਰੇ ਦੇ ਮੁਖੀ, ਲੇਖਕ ਸਭਾਵਾਂ, ਸਤਿਕਾਰ ਕਮੇਟੀਆਂ ਨੂੰ ਮਿਲ ਕੇ ਲੋਕਾਂ ਦੀਆਂ ਹਥਿਆਰਾਂ ਨਾਲ ਹੋ ਰਹੀਆਂ ਬੇਵਕਤ ਮੌਤਾਂ ਨੂੰ ਰੋਕਣ ਦੀ ਵੀ ਅਪੀਲ ਕੀਤੀ ਹੈ।

ਦੋਸਤੋ, ਖਾਸ ਕਰਕੇ ਪੰਜਾਬ ਦੇ ਲੋਕ ਇੱਥੇ ਨਿੱਤ ਖੁੰਬਾਂ ਦੀ ਤਰ੍ਹਾਂ ਫ਼ੁੱਟ ਰਹੇ ਨਵੇਂ-ਨਵੇਂ ਗਾਇਕਾ ਦੇ ਗਾਣੇ ਸੁਣ-ਸੁਣ ਕੇ ਪੰਜਾਬ ਦੇ ਨੌਜਵਾਨ ਸ਼ਰਾਬ, ਭੁੱਕੀ, ਅਫ਼ੀਮ ਅਤੇ ਤਰ੍ਹਾਂ-ਤਰ੍ਹਾਂ ਦੇ ਸੰਥੈਟਿਕ ਨਸ਼ੇ ਕਰਨ, ਕੁੜੀਆਂ ਨਾਲ ਛੇੜਛਾੜ ਕਰਨ, ਉਹਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਨਾਉਣ ਅਤੇ ਹਥਿਆਰ ਚਲਾਉਣ ਲਈ ਪ੍ਰੇਰਿਤ ਹੋ ਰਹੇ ਹਨ। ਇਸ ਤੋਂ ਵੀ ਸੌਖੇ ਸ਼ਬਦਾਂ ਵਿੱਚ ਅਗਰ ਕਿਹਾ ਜਾਏ ਕਿ ਗਾਇਕ ਲੋਕ ਅੱਜ ਦੀ ਨੌਜਵਾਨ ਪੀੜੀ ਨੂੰ ਜੁਰਮ ਦੀਆਂ ਦੁਨੀਆ ਵਿੱਚ ਪੈਰ ਧਰਨ ਲਈ ਉਕਸਾ ਰਹੇ ਹਨ ਤਾਂ ਇਸ ਵਿੱਚ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਯਾਨੀ ਕਿ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਦੇ ਬਹੁਤੇ ਗਾਇਕ ਆਪਣੀ ਘਟੀਆ ਗਾਇਕੀ ਨਾਲ ਪੰਜਾਬ ਦੀ ਨੌਜਵਾਨ ਪੀੜੀ ਨਾਲ ਧ੍ਰੋਹ ਕਮਾ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।