ਦਿਨ-ਦਿਹਾੜੇ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰਾਂ ਨੇ ਉਡਾਏ ਗਹਿਣੇ ਅਤੇ ਨਗਦੀ

Last Updated: Jan 10 2018 12:30

ਅਣਪਛਾਤੇ ਵਿਅਕਤੀਆਂ ਨੇ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਦਿਨ-ਦਿਹਾੜੇ ਮਕਾਨ ਦੇ ਤਾਲੇ ਤੋੜ ਕੇ ਕਮਰੇ ਅੰਦਰ ਅਲਮਾਰੀ 'ਚੋਂ ਸੋਨੇ, ਚਾਂਦੀ ਦੇ ਗਹਿਣੇ, 35 ਹਜ਼ਾਰ ਰੁਪਏ ਨਗਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਸਮੇਂ ਮਕਾਨ ਮਾਲਕ ਅਤੇ ਉਸਦੀ ਪਤਨੀ ਆਪਣੇ ਕੰਮ ਤੇ ਗਏ ਹੋਏ ਸਨ। ਦੁਪਹਿਰ ਨੂੰ ਖਾਣਾ ਖਾਣ ਪਹੁੰਚੀ ਮਕਾਨ ਮਾਲਕਣ ਡਾਕਟਰ ਨੇ ਘਰ 'ਚ ਚੋਰੀ ਹੋਈ ਦੇਖ ਪੁਲਿਸ ਨੂੰ ਸੂਚਨਾ ਦਿੱਤੀ। ਚੋਰੀ ਦੀ ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਅਦ ਥਾਣਾ ਦੋਰਾਹਾ ਤੋਂ ਪੁਲਿਸ ਮੁਲਾਜ਼ਮਾਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜਾਂਚ ਸ਼ੁਰੂ ਕੀਤੀ। ਚੋਰੀ ਦੀ ਵਾਰਦਾਤ ਸਬੰਧੀ ਸਮਾਚਾਰ ਲਿਖੇ ਜਾਣ ਤੱਕ ਮਾਮਲਾ ਦਰਜ ਨਹੀਂ ਹੋਇਆ ਸੀ।

ਮਿਲੀ ਜਾਣਕਾਰੀ ਦੇ ਮੁਤਾਬਕ ਨਜ਼ਦੀਕੀ ਪਿੰਡ ਰਾਮਪੁਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਸਰਬਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ ਕਿ ਉਸਦੀ ਪਤਨੀ ਪਿੰਡ ਦੇ ਨਜ਼ਦੀਕ ਸਥਿਤ ਹਸਪਤਾਲ 'ਚ ਡਾਕਟਰ ਲੱਗੀ ਹੋਈ ਹੈ, ਜੋ ਕਿ ਆਪਣੀ ਡਿਊਟੀ ਤੇ ਗਈ ਹੋਈ ਸੀ। ਦੁਪਹਿਰ ਸਮੇਂ ਉਹ ਵੀ ਆਪਣੇ ਕੰਮ ਸਬੰਧੀ ਗਿਆ ਹੋਇਆ ਸੀ ਅਤੇ ਪਿੰਡ ਦੇ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਨਜ਼ਦੀਕ ਖੇਤਾਂ 'ਚ ਬਣੇ ਉਸਦੇ ਮਕਾਨ ਨੂੰ ਤਾਲਾ ਲੱਗਾ ਹੋਇਆ ਸੀ। ਉਸਦੀ ਪਤਨੀ ਦੁਪਹਿਰ ਕਰੀਬ 2 ਵਜੇ ਹਸਪਤਾਲ ਤੋਂ ਆਪਣੇ ਘਰ ਖਾਣਾ ਖਾਣ ਲਈ ਪਹੁੰਚੀ ਸੀ। ਜਦੋਂ ਉਹ ਘਰ ਪਹੁੰਚੀ ਤਾਂ ਦੇਖਿਆ ਕਿ ਮਕਾਨ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰੇ ਅੰਦਰ ਅਲਮਾਰੀ ਦਾ ਲਾਕ ਵੀ ਟੁੱਟਿਆ ਪਿਆ ਸੀ। ਕਮਰੇ ਅੰਦਰ ਸਾਮਾਨ ਖਿਲਰਿਆ ਹੋਇਆ ਸੀ।

ਇਸਦੇ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਅਲਮਾਰੀ ਵਿੱਚੋਂ ਇੱਕ ਸੋਨੇ ਦਾ ਸੈਟ, 2 ਸੋਨੇ ਦੀ ਅੰਗੂਠੀਆਂ, ਇੱਕ ਸੋਨੇ ਦੀ ਲੇਡੀਜ਼ ਅੰਗੂਠੀ, 35 ਹਜ਼ਾਰ ਰੁਪਏ ਨਗਦੀ ਅਤੇ ਹੋਰ ਕੀਮਤੀ ਸਾਮਾਨ ਗਾਇਬ ਸੀ, ਜਿਸਨੂੰ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ ਹਨ। ਚੋਰਾਂ ਨੇ ਚੋਰੀ ਦੀ ਘਟਨਾ ਨੂੰ ਦੁਪਹਿਰ ਕਰੀਬ ਸਾਢੇ 12 ਵਜੇ ਤੋਂ ਲੈ ਕੇ 2 ਵਜੇ ਵਿਚਕਾਰ ਅੰਜਾਮ ਦਿੱਤਾ ਹੈ। ਇਸਦੇ ਬਾਅਦ ਪਤਨੀ ਨੇ ਘਟਨਾ ਸਬੰਧੀ ਉਸਨੂੰ ਸੂਚਨਾ ਦਿੱਤੀ। ਜਿਸਦੇ ਉਪਰੰਤ ਉਸਨੇ ਘਰ ਪਹੁੰਚਣ ਦੇ ਬਾਅਦ ਘਟਨਾ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ। ਜਿਸਦੇ ਬਾਅਦ ਪੁਲਿਸ ਮੁਲਾਜ਼ਮਾਂ ਨੇ ਘਟਨਾ ਵਾਲੀ ਥਾਂ ਪਹੁੰਚ ਕੇ ਮੌਕਾ ਮੁਆਇਨਾ ਕਰਨ ਬਾਅਦ ਤਫਤੀਸ਼ ਸ਼ੁਰੂ ਕੀਤੀ।

ਇਸ ਮਾਮਲੇ ਸਬੰਧੀ ਪੁਲਿਸ ਥਾਣਾ ਦੋਰਾਹਾ ਦੇ ਏ.ਐਸ.ਆਈ ਬਰਜਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਸਬੰਧੀ ਸੂਚਨਾ ਮਿਲਣ ਦੇ ਬਾਅਦ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹੈ। ਚੋਰੀ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਦਾ ਸੁਰਾਗ ਲਗਾਉਣ ਲਈ ਆਸਪਾਸ ਦੇ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਨੂੰ ਚੈਕ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।