ਜ਼ਿਲ੍ਹਾ ਯੂਥ ਕਨਵੈਨਸ਼ਨ ਵਿੱਚ 320 ਨੌਜਵਾਨਾਂ ਨੇ ਲਿਆ ਭਾਗ

Last Updated: Jan 09 2018 20:36

ਅੱਜ ਪਟਿਆਲਾ ਯੁਵਾ ਕੇਂਦਰ ਵੱਲੋਂ ਜ਼ਿਲ੍ਹਾ ਯੂਥ ਕਨਵੈਨਸ਼ਨ ਕਰਵਾਈ ਗਈ, ਜਿਸ 'ਚ 320 ਨੌਜਵਾਨਾਂ ਨੇ ਭਾਗ ਲਿਆ ਅਤੇ ਇਸ ਕਨਵੈਨਸ਼ਨ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ। ਕਨਵੈਨਸ਼ਨ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੌਕਤ ਅਹਿਮਦ ਅਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਪੂਨਮਦੀਪ ਕੌਰ ਨੇ ਸ਼ਿਰਕਤ ਕੀਤੀ। ਕਨਵੈਨਸ਼ਨ ਦਾ ਮੁੱਖ ਮੋਟੋ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਤਿਆਗ ਕੇ ਵਿੱਦਿਆ ਨੂੰ ਪਰਮੋਟ ਕਰਨ ਲਈ ਅਤੇ ਸਮਾਜਿਕ ਕੁਰੀਤੀਆਂ ਨੂੰ ਵਿੱਦਿਆ ਨਾਲ ਦੂਰ ਭਜਾਉਣ ਲਈ ਪ੍ਰੇਰਿਤ ਕਰਨ ਨੂੰ ਦੱਸਿਆ ਗਿਆ।

ਇੱਥੇ ਪੂਨਮਦੀਪ ਕੌਰ ਨੇ ਕਿਹਾ ਕਿ ਜੇਕਰ ਅਸੀਂ ਬਦਲਾਅ ਲਿਆਉਣਾ ਚਾਹੁੰਦੇ ਹਾਂ ਤਾਂ ਇਹ ਆਪਣੇ ਆਪ ਤੋਂ ਹੀ ਸ਼ੁਰੂ ਕਰਨ ਦੀ ਲੋੜ ਹੈ। ਬਦਲਾਅ ਵਿੱਚ ਨੌਜਵਾਨ ਸਭ ਤੋਂ ਵੱਧ ਹਿੱਸਾ ਪਾ ਸਕਦੇ ਹਨ ਅਤੇ ਇਸ ਵਿੱਚ ਸਭ ਨਾਲੋਂ ਮੁੱਖ ਰੋਲ ਸਿੱਖਿਆ ਹੀ ਨਿਭਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਰ-ਇੱਕ ਨੌਜਵਾਨ ਨੂੰ ਇੱਕਜੁੱਟ ਹੋ ਕੇ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ ਤਾਂ ਜੋ ਰਾਸ਼ਟਰ ਦਾ ਸਹੀ ਨਿਰਮਾਣ ਹੋ ਸਕੇ। ਵਧੀਕ ਕਮਿਸ਼ਨਰ ਅਹਿਮਦ ਨੇ ਕਿਹਾ ਕਿ ਸਾਰੇ ਨੌਜਵਾਨ ਇੱਕ ਸ਼ਪਥ ਲੈਣ ਕਿ ਉਹ ਆਪਣੀ ਸਿੱਖਿਆ ਦੀ ਤਾਕਤ ਨਾਲ ਪੰਜਾਬ ਦੇ ਭਵਿੱਖ ਨੂੰ ਸੁਧਾਰਨ ਲਈ ਹਰ ਕੋਸ਼ਿਸ਼ ਕਰਨਗੇ ਅਤੇ ਜਿਹੜੇ ਨੌਜਵਾਨ ਨਸ਼ਿਆਂ ਦੇ ਵੱਲ ਜਾ ਰਹੇ ਹਨ ਉਨ੍ਹਾਂ ਨੂੰ ਵੀ ਆਪਣੀ ਸਿੱਖਿਆ ਨਾਲ ਮੁੜ ਸਹੀ ਰਸਤੇ ਪਾਉਣਗੇ।

ਇਸ ਕਨਵੈਨਸ਼ਨ ਤੋਂ ਬਾਅਦ ਨੌਜਵਾਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਯੁਵਾ ਕੇਂਦਰ ਵੱਲੋਂ ਕੀਤੀ ਗਈ ਇਹ ਪਹਿਲ ਸੱਚ-ਮੁੱਚ ਨੌਜਵਾਨਾਂ ਨੂੰ ਜੋੜਨ ਦਾ ਕੰਮ ਕਰ ਗਈ ਹੈ। ਮੁੰਡੇ-ਕੁੜੀਆਂ ਨੇ ਮਿਲ ਕੇ ਇਹ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਫ੍ਰੀ ਸਮੇਂ ਦੌਰਾਨ ਗਰੀਬ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਨਗੇ ਅਤੇ ਨਸ਼ੇ ਦੇ ਦਰਿਆ ਵਿੱਚ ਡੁੱਬੇ ਹੋਏ ਨੌਜਵਾਨਾਂ ਨੂੰ ਵੀ ਜਾਗਰੂਕ ਕਰਕੇ ਚੰਗੇ ਰਾਹ ਪਾਉਣਗੇ।