ਕੁੱਲ ਹਿੰਦ ਅੰਤਰਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ 'ਚ ਪੰਜਾਬੀ ਯੂਨੀਵਰਸਿਟੀ ਨੇ ਜਿੱਤਿਆ ਸਿਲਵਰ ਮੈਡਲ

Kajal Kaushik
Last Updated: Jan 09 2018 17:57

ਖੇਡਾਂ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖਿਡਾਰੀ ਹਮੇਸ਼ਾ ਹੀ ਵਧੀਆ ਪ੍ਰਦਰਸ਼ਨ ਵਿਖਾਉਂਦੇ ਆਏ ਹਨ। ਇਸ ਵਾਰ ਵੀ ਪਿਛਲੇ ਇੱਕ ਦਹਾਕੇ ਤੋਂ ਅੱਵਲ ਸਥਾਨ 'ਤੇ ਚੱਲ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਫੁੱਟਬਾਲ ਪੁਰਸ਼ ਟੀਮ ਨੇ ਕਾਲੀਕਟ ਯੂਨੀਵਰਸਿਟੀ ਕੇਰਲਾ ਵਿਖੇ ਹੋਈ ਕੁੱਲ ਹਿੰਦ ਅੰਤਰਵਰਸਿਟੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਆਪਣੀ ਯੂਨੀਵਰਸਿਟੀ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਭਾਵੇਂ ਕਿ ਯੂਨੀਵਰਸਿਟੀ ਦੇ ਖਿਡਾਰੀ ਦੂਜੇ ਸਥਾਨ ਨੂੰ ਹੀ ਆਪਣੇ ਨਾਮ ਕਰ ਸਕੇ ਪਰ ਫਿਰ ਵੀ ਯੂਨੀਵਰਸਿਟੀ ਦੇ ਖਿਡਾਰੀ ਗੁਰਿੰਦਰਪਾਲ ਸਿੰਘ ਨੂੰ ਚੈਂਪੀਅਨਸ਼ਿਪ ਦਾ ਸਰਵੋਤਮ ਰੱਖਿਅਕ ਖਿਡਾਰੀ ਚੁਣਿਆ ਗਿਆ, ਜੋਕਿ ਖਿਡਾਰੀਆਂ ਦੇ ਚੰਗੇ ਪ੍ਰਦਰਸ਼ਨ ਨੂੰ ਸਾਬਤ ਕਰਨ ਲਈ ਕਾਫ਼ੀ ਹੈ।

ਅੱਜ ਟੀਮ ਦੇ ਖਿਡਾਰੀਆਂ ਅਤੇ ਅਧਿਕਾਰੀਆਂ ਦੇ ਯੂਨੀਵਰਸਿਟੀ ਵਿਖੇ ਪੁੱਜਣ 'ਤੇ ਮਾਣਯੋਗ ਵਾਈਸ ਚਾਂਸਲਰ ਡਾ. ਬੀ.ਐਸ. ਘੁੰਮਣ, ਖੇਡ ਨਿਰਦੇਸ਼ਕਾਂ ਡਾ. ਗੁਰਦੀਪ ਕੌਰ ਅਤੇ ਕੋਚਿੰਗ ਸਟਾਫ਼ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਮੂਹ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ ਗਈ। ਡਾ. ਦਲਬੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਫਾਈਨਲ ਮੁਕਾਬਲਾ ਪੂਰੇ ਸਮੇਂ ਦੌਰਾਨ ਗੋਲ ਰਹਿਤ ਰਿਹਾ ਅਤੇ ਵਾਧੂ ਸਮੇਂ ਦੇ ਆਖਰੀ ਪਲਾਂ ਵਿੱਚ ਮੇਜ਼ਬਾਨ ਕਾਲੀਕਟ ਯੂਨੀਵਰਸਿਟੀ ਨੂੰ ਮਿਲੀ ਪੈਨਲਟੀ ਕਿੱਕ, ਮੈਚ ਦਾ ਫ਼ੈਸਲਾਕੁਨ ਗੋਲ ਸਾਬਤ ਹੋਈ। ਇਸ ਤੋਂ ਪਹਿਲਾਂ ਸੈਮੀਫਾਈਨਲ ਮੈਚ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਕੰਨੂਰ ਯੂਨੀਵਰਸਿਟੀ ਦੀ ਟੀਮ ਨੂੰ ਲਵਪ੍ਰੀਤ ਸਿੰਘ ਦੇ ਇਕਲੌਤੇ ਗੋਲ ਸਦਕਾ ਹਰਾ ਕੇ, ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ 25 ਵਾਰ ਕੁੱਲ ਹਿੰਦ ਅੰਤਰਵਰਸਿਟੀ ਮੁਕਾਬਲਿਆਂ ਵਿੱਚ ਖੇਡ ਚੁੱਕੀ ਹੈ ਅਤੇ 18 ਵਾਰ ਤਗਮੇ ਜਿੱਤ ਚੁੱਕੀ ਹੈ। ਕਾਬਿਲੇ ਗੌਰ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਇਸ ਤੋਂ ਪਹਿਲਾਂ ਉੱਤਰ ਖੇਤਰੀ ਅੰਤਰਵਰਸਿਟੀ ਮੁਕਾਬਲਿਆਂ ਵਿੱਚ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਨੂੰ 5-0 ਨਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 3-0 ਨਾਲ ਹਰਾ ਕੇ ਪਹਿਲੇ ਸਥਾਨ ਤੇ ਰਹਿਣ ਦਾ ਮਾਣ ਪ੍ਰਾਪਤ ਕੀਤਾ ਸੀ। ਇਸ ਮੌਕੇ ਪੰਜਾਬੀ ਵਰਸਿਟੀ ਦੇ ਚਾਰ ਖਿਡਾਰੀਆਂ ਸਰਤਾਜ ਸਿੰਘ, ਤਰਨਜੀਤ ਸਿੰਘ, ਗੁਰਿੰਦਰਪਾਲ ਸਿੰਘ ਅਤੇ ਭੋਲਾ ਸਿੰਘ ਦੀ ਚੋਣ ਕੌਮੀ ਅੰਡਰ-23 ਟੀਮ ਲਈ ਕੀਤੀ ਗਈ।