ਚੋਰੀ ਦੇ ਮੋਟਰ ਸਾਈਕਲ ਸਮੇਤ ਤਿੰਨ ਕਾਬੂ

Last Updated: Jan 09 2018 15:57

ਜ਼ਿਲ੍ਹਾ ਪੁਲਿਸ ਨੇ ਚੋਰੀ ਦੇ ਮੋਟਰ ਸਾਈਕਲਾਂ ਨੂੰ ਬਾਜ਼ਾਰ ਤੋਂ ਘੱਟ ਮੁੱਲ ਤੇ ਵੇਚਣ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਤੋਂ ਚੋਰੀ ਦਾ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ ਜਿਸ 'ਤੇ ਉਹ ਖ਼ੁਦ ਸਵਾਰ ਸਨ। ਪੁਲਿਸ ਅਨੁਸਾਰ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਇਨ੍ਹਾਂ ਤੋਂ ਇਲਾਕੇ ਵਿੱਚ ਚੋਰੀ ਹੋਏ ਹੋਰ ਵਾਹਨਾਂ ਬਾਰੇ ਜਾਣਕਾਰੀ ਮਿਲੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਕਪਤਾਨ ਵੱਲੋਂ ਸ਼ੁਰੂ ਕੀਤੀ ਗਈ ਨਸ਼ਾਮੁਕਤੀ ਅਤੇ ਮਾੜੇ ਅਨਸਰਾਂ ਖ਼ਿਲਾਫ਼ ਮੁਹਿੰਮ ਤਹਿਤ ਨਗਰ ਥਾਣਾ 1 ਪੁਲਿਸ ਦੇ ਮੁਖੀ ਪਰਮਜੀਤ ਕੁਮਾਰ ਦੀ ਅਗਵਾਈ 'ਚ ਪੁਲਿਸ ਪਾਰਟੀ ਪਿੰਡ ਕਿਲਿਆਂਵਾਲੀ ਬਾਈਪਾਸ ਲਿੰਕ ਰੋਡ ਵੱਲ ਜਾ ਰਹੇ ਸਨ ਤਾਂ ਉਸ ਵੇਲੇ ਇੱਕ ਮੋਟਰ ਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਆਉਂਦੇ ਵੇਖੇ ਗਏ ਤੇ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਨੂੰ ਤੋੜਣ ਦੇ ਦੋਸ਼ 'ਚ ਰੋਕਿਆ ਗਿਆ ਤੇ ਮੋਟਰ ਸਾਈਕਲ ਦੇ ਕਾਗਜਾਤ ਅਤੇ ਡਰਾਈਵਿੰਗ ਲਾਇਸੈਂਸ ਵਿਖਾਉਣ ਬਾਰੇ ਕਿਹਾ ਤਾਂ ਉਨ੍ਹਾਂ ਕੋਲ ਕੁਝ ਵੀ ਨਹੀਂ ਸੀ।

ਥਾਣਾ ਮੁਖੀ ਅਨੁਸਾਰ ਜਦੋਂ ਨੌਜਵਾਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਬੂਲ ਕੀਤਾ ਕਿ ਜਿਸ ਮੋਟਰ ਸਾਈਕਲ ਤੇ ਉਹ ਸਵਾਰ ਸਨ ਉਹ ਚੋਰੀ ਦਾ ਹੈ ਤੇ ਉਹ ਉਸ ਨੂੰ ਵੇਚਣ ਲਈ ਜਾ ਰਹੇ ਸਨ। ਪੁਲਿਸ ਅਨੁਸਾਰ ਇਹ ਨੌਜਵਾਨ ਇਲਾਕੇ 'ਚੋਂ ਮੋਟਰ ਸਾਈਕਲ ਚੋਰੀ ਕਰਕੇ ਉਸ ਵਿੱਚ ਮਾੜਾ-ਮੋਟਾ ਬਦਲਾਉ ਕਰਕੇ ਲੋਕਾਂ ਨੂੰ ਸਸਤੇ ਮੁੱਲ 'ਤੇ ਵੇਚਦੇ ਹਨ। ਨੌਜਵਾਨਾ ਦੀ ਪਹਿਚਾਣ ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਢਾਣੀ ਚਿਰਾਗ ਅਤੇ ਸੁਰਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ, ਸੁਮਿਤ ਕੁਮਾਰ ਵਾਸੀ ਕਿਲਿਆਂਵਾਲੀ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮੋਟਰ ਸਾਈਕਲ ਕਬਜ਼ੇ 'ਚ ਲੈ ਕੇ ਨੌਜਵਾਨਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।