ਪਿਛਲੇ 9 ਮਹੀਨਿਆਂ 'ਚ 350 ਤੋਂ ਵੱਧ ਕਿਸਾਨ ਮਜ਼ਦੂਰ ਕਰ ਚੁੱਕੇ ਨੇ ਖ਼ੁਦਕੁਸ਼ੀ..!!!

Last Updated: Jan 09 2018 13:28

ਕੈਪਟਨ ਸਰਕਾਰ ਵੱਲੋਂ 90 ਹਜ਼ਾਰ ਕਰੋੜ ਦੇ ਕਰਜ਼ੇ ਦੇ ਬੋਝ ਹੇਠ ਦੱਬੇ ਪਏ ਕਿਸਾਨਾਂ ਨਾਲ ਕੋਝਾ ਮਜ਼ਾਕ ਕਰਦਿਆਂ ਸਿਰਫ਼ ਸੁਸਾਇਟੀ ਦੇ ਫ਼ਸਲੀ ਕਰਜ਼ੇ ਅਮਨ ਰੂਪ ਵਿੱਚ ਕਈ ਸ਼ਰਤਾਂ ਲਗਾ ਕੇ ਮੁਆਫ਼ ਕਰਨ ਦੀ ਖਾਨਾਪੂਰਤੀ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਕਿਸਾਨ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਕੱਟ ਕੇ ਖ਼ੱਜਲ਼-ਖ਼ੁਆਰ ਹੋ ਰਹੇ ਹਨ ਤੇ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 9 ਮਹੀਨਿਆਂ ਵਿੱਚ ਸਮੁੱਚਾ ਕਰਜ਼ਾ ਖ਼ਤਮ ਹੋਣ ਦੀ ਆਸ ਟੁੱਟਣ ਨਾਲ 350 ਤੋਂ ਵੱਧ ਕਿਸਾਨ ਮਜ਼ਦੂਰ ਖ਼ੁਦਕੁਸ਼ੀ ਕਰ ਚੁੱਕੇ ਹਨ ਤੇ ਹੁਣ ਇਨ੍ਹਾਂ ਖੁਦਕੁਸ਼ੀਆਂ ਵਿੱਚ ਹੋਰ ਵਾਧਾ ਲਗਾਤਾਰ ਹੋਈ ਜਾ ਰਿਹਾ ਹੈ, ਜੋ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੱਥੇ ਉੱਤੇ ਨਾ ਮਿਟਣ ਵਾਲਾ ਕਲੰਕ ਹੈ।

ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਦਾ ਰਸਤਾ ਛੱਡਣ ਦੀ ਅਪੀਲ ਕਰਦਿਆਂ ਐਲਾਨ ਕੀਤਾ ਕਿ ਪਿੰਡਾਂ ਵਿੱਚ ਕਰਜ਼ਾ ਉਗਰਾਹੁਣ ਆਏ ਬੈਂਕ ਅਤੇ ਪੁਲਿਸ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਏ ਤੇ ਕਰਜ਼ੇ ਕਾਰਨ ਕਿਸੇ ਵੀ ਕਿਸਾਨ ਮਜ਼ਦੂਰ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਇਸ ਮੌਕੇ ਸਮੁੱਚਾ ਕਰਜ਼ਾ ਖ਼ਤਮ ਕਰਨ, ਡਾ.ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਖੇਤੀ ਮੰਡੀ ਬਚਾਉਣ ਲਈ ਕੇਂਦਰ ਸਰਕਾਰ ਡਬਲਯੂ.ਟੀ.ਓ. ਵਿੱਚੋਂ ਬਾਹਰ ਆਉਣ ਦੀ ਮੰਗ ਕੀਤੀ ਤੇ ਇਸ ਤੋਂ ਇਲਾਵਾ ਬਸਤੀ ਨਾਮਦੇਵ ਸਮੇਤ ਪੰਜਾਬ ਭਰ ਦੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਤੇ ਕਿਸਾਨਾਂ ਮਜ਼ਦੂਰਾਂ ਤੇ ਕੀਤੇ ਪਰਚੇ ਰੱਦ ਕਰਨ ਦੀ ਮੰਗ ਵੀ ਕੀਤੀ।