ਕੈਪਟਨ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਫੇਰਿਆ ਮੁੱਖ..!!

Last Updated: Jan 09 2018 12:50

ਸ਼ਹਿਰ ਦੇ ਰੇਲਵੇ ਪਾਰਕ ਵਿਖੇ ਪੰਜਾਬ ਫ਼ੀਲਡ ਐਂਡ ਵਰਕਸ਼ਾਪ ਯੂਨੀਅਨ ਦੀ ਸਥਾਨਕ ਇਕਾਈ ਦੀ ਮੀਟਿੰਗ ਬਰਾਂਚ ਪ੍ਰਧਾਨ ਹਰਭਜਨ ਸਿੰਘ ਠਠੇਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਜਨਰਲ ਸਕੱਤਰ ਹਰਜਿੰਦਰ ਸਿੰਘ ਕੁੱਟੀ, ਸੀਨੀਅਰ ਮੀਤ ਪ੍ਰਧਾਨ ਬਲਬੀਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਤਨਖ਼ਾਹ ਕਮਿਸ਼ਨ ਬਿਨਾਂ ਦੇਰੀ ਤੋਂ ਲਾਗੂ ਕੀਤਾ ਜਾਵੇ, ਡੀ.ਏ. ਦੀਆਂ ਕਿਸ਼ਤਾਂ ਦਿੱਤੀਆਂ ਜਾਣ, ਰਹਿੰਦਾ ਬਕਾਇਆ ਜਾਰੀ ਕੀਤਾ ਜਾਵੇ, ਜੇ.ਈ. ਟੈੱਸਟ ਪਾਸ ਪੰਪ ਅਪਰੇਟਰਾਂ ਅਤੇ ਫਿਟਰਾਂ ਨੂੰ ਕੋਟੇ ਅਨੁਸਾਰ ਜੇ.ਈ. ਪ੍ਰਮੋਟ ਕੀਤਾ ਜਾਵੇ, ਸੀ.ਪੀ.ਐਫ ਦੀ ਕਟੌਤੀ ਕਰਮਚਾਰੀਆਂ ਦੇ ਖਾਤੇ 'ਚ ਜਮ੍ਹਾ ਕੀਤੀ ਜਾਵੇ।

ਇਸ ਮੌਕੇ 'ਤੇ ਉਪ-ਮੰਡਲ ਇੰਜੀਨੀਅਰ ਗੁਰੂਹਰਸਹਾਏ ਤੋਂ ਮੰਗ ਕੀਤੀ ਗਈ ਕਿ ਜਲ ਘਰਾਂ ਤੇ ਲੋੜੀਂਦਾ ਸਾਮਾਨ ਦਿੱਤਾ ਜਾਵੇ, ਮੁਲਾਜ਼ਮਾਂ ਦੀਆਂ 2017 ਦੀਆਂ ਠੰਢੀਆਂ ਅਤੇ ਗਰਮ ਵਰਦੀਆਂ ਦਿੱਤੀਆਂ ਜਾਣ, ਜਲ ਘਰਾਂ ਦੀ ਮੁਰੰਮਤ ਕਰਵਾ ਕੇ ਸਕੀਮਾਂ ਚਾਲੂ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਮੁਲਾਜ਼ਮਾਂ ਨੂੰ ਕਾਫ਼ੀ ਉਮੀਦਾਂ ਸਨ, ਪਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਥੇਬੰਦੀ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਕਤ ਮੰਗਾਂ ਨਾ ਮੰਨਣ 'ਤੇ ਮਜਬੂਰਨ ਉਨ੍ਹਾਂ ਨੂੰ ਸਰਕਾਰ ਵਿਰੁੱਧ ਸੰਘਰਸ਼ ਦੇ ਰਾਹ 'ਤੇ ਜਾਣਾ ਪਵੇਗਾ।