ਟਰੇਨ ਚੋਂ ਕਣਕ ਚੋਰੀ ਦੇ ਮਾਮਲੇ ਦੇ ਆਰ.ਪੀ.ਐਫ. ਨੇ ਤੀਸਰਾ ਵਿਅਕਤੀ ਕੀਤਾ ਗਿਰਫਤਾਰ

Last Updated: Jan 09 2018 12:43

ਦੋਰਾਹਾ ਰੇਲਵੇ ਸਟੇਸ਼ਨ ਨਜ਼ਦੀਕ ਮਾਲ-ਗੱਡੀ ਚੋਂ ਸਰਕਾਰੀ ਕਣਕ ਚੋਰੀ ਕਰਨ ਦੇ ਦੋ ਮਹੀਨੇ ਪੁਰਾਣੇ ਮਾਮਲੇ ਸੰਬੰਧੀ ਆਰ.ਪੀ.ਐਫ ਨੇ ਲੋੜੀਂਦੇ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ। ਕਾਬੂ ਕੀਤੇ ਗਏ ਕਥਿਤ ਮੁਲਜ਼ਮ ਦੀ ਪਹਿਚਾਣ ਸੋਨੂੰ ਕੁਮਾਰ ਸ਼ਰਮਾ ਵਾਸੀ ਰੇਲਵੇ ਕਲੌਨੀ, ਦੋਰਾਹਾ ਦੇ ਤੌਰ 'ਤੇ ਹੋਈ ਹੈ। ਹਾਲਾਂਕਿ, ਕਣਕ ਚੋਰੀ ਦੇ ਦਰਜ ਹੋਏ ਮਾਮਲੇ ਸੰਬੰਧੀ ਆਰਪੀਐਫ ਨੇ ਚੋਰੀ ਸ਼ੁਦਾ ਬੋਰੀਆਂ ਬਰਾਮਦ ਕਰਕੇ ਦੋ ਕਥਿਤ ਦੋਸ਼ੀਆਂ ਰਾਜੇਸ਼ ਕੁਮਾਰ ਅਤੇ ਮਨਦੀਪ ਸਿੰਘ ਵਾਸੀ ਦੋਰਾਹਾ ਨੂੰ ਪਹਿਲਾਂ ਕਾਬੂ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ। ਜਦਕਿ ਇਸ ਮਾਮਲੇ 'ਚ ਸੋਨੂੰ ਕੁਮਾਰ ਸ਼ਰਮਾ ਫ਼ਰਾਰ ਚੱਲ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ.ਪੀ.ਐਫ.) ਚੌਂਕੀ ਖੰਨਾ ਦੇ ਇੰਚਾਰਜ ਸਬ-ਇੰਸਪੈਕਟਰ ਮਨੀਸ਼ ਕੁਮਾਰ ਨੇ ਦੱਸਿਆ ਕਿ ਬੀਤੀ 25 ਨਵੰਬਰ 2017 ਨੂੰ ਦੋਰਾਹਾ ਰੇਲਵੇ ਯਾਰਡ 'ਚ ਲੋਡ ਹੋ ਰਹੀ ਸਪੈਸ਼ਲ ਮਾਲ-ਗੱਡੀ ਚੋਂ ਚੋਰ ਗਿਰੋਹ ਦੇ ਅਣਪਛਾਤੇ ਮੈਂਬਰਾਂ ਨੇ ਕਣਕ ਦੀਆਂ ਭਰੀਆਂ ਬੋਰੀਆਂ ਚੋਰੀ ਕਰ ਲਈਆਂ ਸਨ। ਜਿਸ ਸਬੰਧੀ ਆਰਪੀਐਫ ਵੱਲੋਂ ਅਣਜਾਣ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਤਫ਼ਤੀਸ਼ ਦੇ ਬਾਦ ਆਰ.ਪੀ.ਐਫ. ਨੇ ਕਾਰਵਾਈ ਕਰਦੇ ਹੋਏ ਕਣਕ ਚੋਰੀ ਦੇ ਮਾਮਲੇ ਸਬੰਧੀ ਰਾਜੇਸ਼ ਕੁਮਾਰ, ਮਨਦੀਪ ਸਿੰਘ ਅਤੇ ਸੋਨੂੰ ਕੁਮਾਰ ਤਿੰਨੋਂ ਵਾਸੀ ਦੋਰਾਹਾ ਦੇ ਖ਼ਿਲਾਫ਼ ਆਰ.ਪੀ.ਐਫ ਪੁਲਿਸ ਚੌਂਕੀ ਖੰਨਾ ਚ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪਹਿਲਾਂ ਕਥਿਤ ਦੋਸ਼ੀ ਰਾਜੇਸ਼ ਕੁਮਾਰ ਨੂੰ ਗਿਰਫਤਾਰ ਕਰਕੇ ਚੋਰੀ ਸ਼ੁਦਾ ਕਣਕ ਸਮੇਤ ਗਿਰਫਤਾਰ ਕਰ ਲਿਆ ਸੀ। ਇਸ ਮਾਮਲੇ ਸਬੰਧੀ 27 ਦਸੰਬਰ ਨੂੰ ਦੂਸਰੇ ਕਥਿਤ ਦੋਸ਼ੀ ਮਨਦੀਪ ਸਿੰਘ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਗਿਆ ਸੀ। ਜਦਕਿ ਤੀਸਰੇ ਮੁਲਜ਼ਮ ਸੋਨੂੰ ਕੁਮਾਰ ਦੀ ਤਲਾਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਣ ਦੇ ਬਾਦ ਆਰਪੀਐਫ ਨੇ ਕਾਰਵਾਈ ਕਰਦੇ ਹੋਏ ਚੋਰੀ ਦੇ ਇਸ ਮਾਮਲੇ ਸੰਬੰਧੀ ਲੋੜੀਂਦੇ ਮੁਲਜ਼ਮ ਸੋਨੂੰ ਕੁਮਾਰ ਨੂੰ ਦੋਰਾਹਾ ਇਲਾਕੇ ਚੋਂ ਗਿਰਫਤਾਰ ਕਰ ਲਿਆ ਗਿਆ ਹੈ। ਜਿਸ ਨੂੰ ਲੁਧਿਆਣਾ ਸਥਿਤ ਅਦਾਲਤ ਚ ਪੇਸ਼ ਕਰਕੇ ਜੁਡੀਸ਼ੀਅਲ ਰਿਮਾਂਡ ਤੇ ਸੈਂਟਰਲ ਜੇਲ੍ਹ ਭੇਜ ਦਿੱਤਾ ਹੈ।