ਹਰ ਤਿੰਨ ਬੰਦਿਆਂ ਪਿੱਛੇ ਇੱਕ ਕੁੱਤਾ ਤੁਰਿਆ ਫਿਰਦੇ ਪੰਜਾਬ 'ਚ : ਰੱਬ ਖ਼ੈਰ ਕਰੇ !!!

Last Updated: Jan 09 2018 10:42

ਇਨ੍ਹੀਂ ਦਿਨੀਂ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਮੀਡੀਆ ਹੋਵੇ ਜਿਸ ਵਿੱਚ ਅਵਾਰਾ ਕੁੱਤਿਆਂ ਦੇ ਇਨਸਾਨਾਂ 'ਤੇ ਹਮਲੇ ਦੀਆਂ ਖ਼ਬਰਾਂ ਨਾ ਪ੍ਰਕਾਸ਼ਿਤ ਹੁੰਦੀਆਂ ਹੋਣ। ਤੇਜ਼ੀ ਨਾਲ ਇਨਸਾਨੀਅਤ ਅੰਦਰ ਡਰ ਪੈਦਾ ਕਰ ਰਹੇ ਇਸ ਖ਼ੂੰਖ਼ਾਰ ਜਾਨਵਰ ਤੋਂ ਭੈਅ ਮੁਕਤ ਕਰਨ ਲਈ ਹੁਣ ਤੱਕ ਦੀਆਂ ਸਾਰੀਆਂ ਹੀ ਸਰਕਾਰਾਂ ਨਾਕਾਮ ਸਾਬਤ ਹੋਈਆਂ ਨੇ ਤੇ ਹਾਲਾਤ ਇੱਥੋਂ ਤੱਕ ਵਿਸਫੋਟਕ ਬਣ ਚੁੱਕੇ ਹਨ ਕਿ ਇਨ੍ਹਾਂ ਅਵਰਾਂ ਕੁੱਤਿਆਂ ਦੀ ਅਬਾਦੀ ਪੰਜਾਬ ਵਿੱਚ ਇੱਕ ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ ਜੋਕਿ ਇਨਸਾਨਾਂ ਦੀ ਅਬਾਦੀ ਤਿੰਨ ਕਰੋੜ ਦਾ ਇੱਕ ਤਿਹਾਈ ਬਣਦਾ ਹੈ। ਯਾਨਿਕੀ ਪੰਜਾਬ 'ਚ ਹਰ ਤਿੰਨ ਇਨਸਾਨਾਂ ਪਿੱਛੇ ਇੱਕ ਕੁੱਤਾ ਤੁਰਿਆ ਫਿਰਦੇ, ਤੇ ਦੋਸਤੋ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਕੁੱਤੀ ਹਰ ਤਿੰਨ ਮਹੀਨੇ ਬਾਅਦ ਕਤੂਰਿਆਂ ਨੂੰ ਜਨਮ ਦਿੰਦੀ ਹੈ ਤੇ ਹਰ ਜਣੇਪੇ 'ਚ ਇੱਕ ਕੁੱਤੀ ਵੱਲੋਂ ਪੈਦਾ ਕੀਤੇ ਜਾਣ ਵਾਲੇ ਬੱਚਿਆਂ ਦੀ ਗਿਣਤੀ 6 ਤੋਂ 7 ਤੱਕ ਹੁੰਦੀ ਹੈ।

ਦੋਸਤੋ, ਤੁਸੀਂ ਸੋਚਦੇ ਹੋਵੋਗੇ ਕਿ ਅੱਜ ਮੈਂ ਕਿਹੜੇ ਕੁੱਤੇ ਕੰਮਾਂ (ਕੁੱਤੀਆਂ ਦੀ ਗਿਣਤੀ ਕਰਨ) 'ਚ ਪੈ ਗਿਆ ਹਾਂ, ਪਰ ਸੱਚ ਜਾਣਿਓ ਸਾਥੀਓ ਅੱਜ ਪੰਜਾਬ ਦੇ ਹੋਰ ਗੰਭੀਰ ਮਸਲਿਆਂ ਦੇ ਨਾਲ ਨਾਲ ਅਵਾਰਾ ਕੁੱਤਿਆਂ ਦੀ ਦਿਨੋਂ ਦਿਨ ਵੱਧ ਰਹੀ ਅਬਾਦੀ ਦਾ ਮਸਲਾ ਵੀ ਵਿਸਫੋਟਕ ਹਾਲਾਤ ਵੱਲ ਵਧ ਰਿਹਾ ਹੈ। ਪਿਛਲੇ ਦਿਨੀਂ ਮੀਡੀਆ 'ਚ ਛਪੀਆਂ ਕੁਝ ਰਿਪੋਰਟਾਂ ਅਨੁਸਾਰ ਪੰਜਾਬ ਦੇ ਲਗਭਗ 13 ਹਜ਼ਾਰ ਪਿੰਡਾਂ ਵਿੱਚ ਅਵਾਰਾ ਕੁੱਤਿਆਂ ਵੱਲੋਂ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਕਿਉਂਕਿ ਪਿੰਡਾਂ ਵਿੱਚ ਕਿਤੇ ਕਿਧਰੇ ਕੋਈ ਸਟਰੀਟ ਲਾਈਟਾਂ ਦਾ ਪ੍ਰਬੰਧ ਤਾਂ ਹੁੰਦਾ ਨਹੀਂ, ਤੇ ਉੱਤੋਂ ਪਿੰਡਾਂ ਵਾਲੇ ਸੌਂ ਜਲਦੀ ਜਾਂਦੇ ਨੇ। ਅਜਿਹੇ ਸੁੰਨਸਾਨ ਵਾਤਾਵਰਣ ਵਿੱਚ ਦੇਰ ਰਾਤ ਆਪਣੇ ਹੀ ਘਰ ਪਰਤ ਰਹੇ ਵਿਅਕਤੀਆਂ ਨੂੰ ਪਿੰਡਾਂ ਦੇ ਖ਼ੂੰਖ਼ਾਰ ਕੁੱਤੇ ਪਾੜ ਕੇ ਖਾਣ ਨੂੰ ਪੈ ਜਾਂਦੇ ਨੇ, ਤੇ ਅਜਿਹੇ ਕਈ ਹਾਦਸੇ ਵਾਪਰ ਵੀ ਚੁੱਕੇ ਨੇ, ਜਿਨ੍ਹਾਂ ਕਾਰਨ ਕਈਆਂ ਦੀਆਂ ਜਾਨਾਂ ਗਈਆਂ 'ਤੇ ਕਈ ਜ਼ਖਮੀ ਹੋਏ। ਇੱਕ ਸਰਵੇ ਅਨੁਸਾਰ ਹਰੇਕ ਪਿੰਡ ਵਿੱਚ ਹੱਡਾ ਰੋੜੀ, ਖੇਤਾਂ, ਫਿਰਨੀਆਂ ਅਤੇ ਗਲੀਆਂ ਮਿਲਾ ਕੇ ਛੋਟੇ ਵੱਡੇ ਦੋ ਸੌ ਤੋਂ ਵੱਧ ਕੁੱਤੇ ਹਨ ਤੇ ਸ਼ਹਿਰਾਂ ਕਸਬਿਆਂ 'ਚ ਇਨ੍ਹਾਂ ਦੀ ਅਬਾਦੀ ਇਸ ਨਾਲੋਂ ਕਈ ਗੁਣਾਂ ਵੱਧ ਹੈ । ਕੀਤੇ ਗਏ ਸਰਵੇਖਣ ਅਨੁਸਾਰ ਇਨ੍ਹਾਂ ਅਵਾਰਾ ਕੁੱਤਿਆਂ ਦੀ ਅਬਾਦੀ ਇਸ ਵੇਲੇ ਪੰਜਾਬ ਵਿੱਚ ਇੱਕ ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ ਅਤੇ ਇਸ ਦਾ ਵਧਣਾ ਲਗਾਤਾਰ ਜਾਰੀ ਹੈ।

ਚਲੋ ਹੁਣ ਝਾਤ ਮਾਰਦੇ ਹਾਂ ਇਨ੍ਹਾਂ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਹੋਏ ਕੁਝ ਵਿਅਕਤੀਆਂ ਵੱਲ, ਜਿਨ੍ਹਾਂ ਵਿਚੋਂ ਕਈਆਂ ਦੀ ਜਾਨ ਚਲੀ ਗਈ ਤੇ ਕਈ ਵਿਚਾਰਿਆਂ ਨੂੰ ਕੁੱਤੇ ਦੀ ਇੱਕ ਦੰਦੀ 4 ਤੋਂ ਪੰਜ ਹਜ਼ਾਰ ਵਿੱਚ ਪੈ ਗਈ। ਪਸ਼ੂਆਂ ਲਈ ਚਾਰਾ ਲੈਣ ਗਏ ਪੰਜਾਬ ਦੇ ਸਿਧਵਾਂ ਬੇਟ ਇਲਾਕੇ ਦੇ ਇੱਕ ਬਜ਼ੁਰਗ ਨੂੰ ਹੱਡਾ ਰੋੜੀ ਦੇ ਦੇ ਦਰਜਨਾਂ ਹੀ ਕੁੱਤਿਆਂ ਨੇ ਢਾਅ ਲਿਆ, ਇਸ ਤੋਂ ਪਹਿਲਾਂ ਕਿ ਉਸ ਬਜ਼ੁਰਗ ਦੀ ਜਾਨ ਬਚਾਉਣ ਲਈ ਕੋਈ ਬਹੁੜਦਾ, ਕੁੱਤੇ ਉਸ ਬਜ਼ੁਰਗ ਨੂੰ ਉਧੇੜ ਕੇ ਖਾ ਗਏ। ਇਸੇ ਤਰ੍ਹਾਂ ਦੀ ਇੱਕ ਘਟਨਾ ਸਾਹਨੇਵਾਲ ਦੀ ਹੈ ਜਿੱਥੇ ਆਪਣੇ ਘਰ ਅੰਦਰ ਬੈਠੀ ਬੱਚੇ ਨੂੰ ਦੁੱਧ ਪਿਆ ਰਹੀ ਇੱਕ ਮਾਂ ਦੀ ਕੋਲ ਖੜ੍ਹੀ ਤਿੰਨ ਸਾਲ ਦੀ ਧੀ ਨੂੰ ਅਵਾਰਾ ਕੁੱਤੇ ਘਰ ਦੇ ਅੰਦਰੋਂ ਘਸੀਟ ਕੇ ਲੈ ਗਏ। ਉਹ ਤਾਂ ਭਲਾ ਹੋਵੇ ਮੁਹੱਲੇ ਵਾਲਿਆਂ ਦਾ, ਜਿਨ੍ਹਾਂ ਨੇ ਅਵਾਰਾ ਕੁੱਤਿਆਂ ਨੂੰ ਦਬੱਲ ਤਾਂ, ਨਹੀਂ ਤਾਂ ਉਸ ਮਾਸੂਮ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪੈ ਜਾਣੇ ਸਨ, ਪਰ ਇਸ ਦੇ ਬਾਵਜੂਦ ਵੀ ਇਸ ਹਮਲੇ ਵਿੱਚ ਜ਼ਖਮੀ ਹੋਈ ਉਸ ਤਿੰਨ ਸਾਲਾ ਬੱਚੀ ਨੂੰ ਕਈ ਮਹੀਨੇ ਇਲਾਜ ਕਰਵਾਉਣ ਲਈ ਹਸਪਤਾਲਾਂ ਦੇ ਚੱਕਰ ਕੱਟਣੇ ਪੈ ਗਏ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਵੀ ਅਵਾਰਾ ਕੁੱਤਿਆਂ ਦੇ ਵੱਢੇ ਦਰਜਨਾਂ ਹੀ ਇਨਸਾਨ ਰੋਜ਼ਾਨਾ ਇਲਾਜ ਕਰਵਾਉਣ ਆਉਂਦੇ ਹਨ। ਜਿੱਥੇ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਕੁੱਤੇ ਦੇ ਵੱਢੇ ਇੱਕ ਇਨਸਾਨ ਦੇ ਇਲਾਜ ਤੇ 4 ਤੋਂ 5 ਹਾਜ਼ਰ ਰੁਪਏ ਖ਼ਰਚ ਆਉਂਦਾ ਹੈ ਤੇ ਅਫ਼ਸੋਸ ਦੀ ਗੱਲ ਹੈ ਕਿ ਇਹ ਇਲਾਜ ਹਸਪਤਾਲਾਂ 'ਚ ਮੁਫ਼ਤ ਹੋਣ ਦੇ ਬਾਵਜੂਦ ਵੀ ਮਰੀਜ਼ਾਂ ਨੂੰ ਇਸ ਦੇ ਟੀਕੇ ਹਸਪਤਾਲ ਦੇ ਅੰਦਰੋਂ ਨਹੀਂ ਮਿਲਦੇ ਤੇ ਮਰੀਜ਼ "ਮਰਦੇ ਅੱਕ ਚੱਬਣ" ਵਾਲੀ ਕਹਾਵਤ ਵਾਂਗ ਇਹ ਟੀਕੇ ਬਜ਼ਾਰੋਂ ਮਹਿੰਗੇ ਭਾਅ ਖ਼ਰੀਦਣ ਨੂੰ ਮਜਬੂਰ ਹਨ, ਕਿਉਂਕਿ ਕੁੱਤੇ ਦੇ ਵੱਢਣ ਨਾਲ ਇਨਸਾਨ ਨੂੰ "ਹਲ਼ਕਾਅ" ਨਾਮ ਦੀ ਬਿਮਾਰੀ ਹੋ ਜਾਂਦੀ ਹੈ ਜਿਸ ਕਾਰਨ ਇਨਸਾਨ ਦੀ ਮੌਤ ਹੋਣਾ ਤੈਅ ਹੈ।

ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਇਹ ਕੁੱਤੇ ਸਰੀਰਕ ਤੌਰ 'ਤੇ ਕੋਈ ਨੁਕਸਾਨ ਨਹੀਂ ਪਹੁੰਚਾ ਰਹੇ, ਉਹ ਵੀ ਇਨ੍ਹਾਂ ਦੇ ਆਤੰਕ ਅਤੇ ਇਨ੍ਹਾਂ ਦੀਆਂ ਮਾਨਸਿਕ ਯਾਤਨਾਵਾਂ ਤੋਂ ਬਚ ਨਹੀਂ ਸਕੇ। ਹਾਲਾਤ ਇਹ ਹਨ ਕਿ ਇਨ੍ਹਾਂ ਕੁੱਤਿਆਂ ਕਾਰਨ ਨਾ ਬੰਦਾ ਦਿਨ ਨੂੰ ਚੈਨ ਨਾਲ ਕੋਈ ਕੰਮ ਕਰ ਸਕਦਾ ਹੈ ਤੇ ਨਾ ਰਾਤ ਨੂੰ ਸੌਂ ਸਕਦਾ ਹੈ । ਜੀ ਹਾਂ!!! ਦਰਜਨਾਂ ਦੇ ਰੂਪ ਵਿੱਚ ਝੁੰਡ ਬਣਾ ਕੇ ਘੁੰਮਦੇ ਇਹ ਕੁੱਤੇ ਕਿਸੇ ਵੀ ਓਪਰੇ ਬੰਦੇ ਜਾਂ ਉਨ੍ਹਾਂ ਦੇ ਆਪਣੇ ਇਲਾਕੇ ਵਿੱਚ ਆ ਵੜੇ ਕਿਸੇ ਕੁੱਤੇ ਜਾ ਹੋਰ ਅਵਾਰਾ ਜਾਨਵਰ ਨੂੰ ਦੇਖ ਕੇ ਭੌਂਕਣ ਲੱਗ ਪੈਂਦੇ ਹਨ। ਉੱਚੀ ਉੱਚੀ ਭੌਂਕਦੇ ਇਹ ਕੁੱਤੇ ਜਿੱਥੇ ਦਵਾਈ ਖਾ ਕੇ ਸੁੱਤੇ ਮਰੀਜ਼ਾਂ ਦੀ ਨੀਂਦ ਵਿੱਚ ਵਿਘਨ ਪਾਉਂਦੇ ਹਨ ਉੱਥੇ ਬੱਚਿਆਂ ਦੀ ਪੜ੍ਹਾਈ ਤੇ ਦਿਨ ਭਰ ਦੇ ਥੱਕੇ ਹਾਰੇ ਲੋਕਾਂ ਦੀ ਨੀਂਦ ਲਈ ਵੀ ਜੀਅ ਦਾ ਜੰਜਾਲ ਬਣ ਚੁੱਕੇ ਹਨ।

 ਦੋਸਤੋ, ਜਿਵੇਂ ਕਿ ਅਸੀਂ ਆਪ ਨੂੰ ਪਹਿਲਾਂ ਹੀ ਦੱਸਿਆ ਹੈ ਕਿ ਇੱਕ ਕੁੱਤੀ ਹਰ ਤਿੰਨ ਮਹੀਨੇ ਬਾਅਦ 6-7 ਬੱਚੇ ਪੈਦਾ ਕਰਦੀ ਹੈ ਇਸ ਲਿਹਾਜ਼ ਨਾਲ ਸੂਬਾ ਸਰਕਾਰ ਨੂੰ ਇਨ੍ਹਾਂ ਦੀ ਅਬਾਦੀ ਤੇ ਜਲਦ ਤੋਂ ਜਲਦ ਕਾਬੂ ਪਾਉਣ ਦੀ ਲੋੜ ਹੈ ਨਹੀਂ ਤਾਂ ਬਾਕੀ ਸਚਾਈਆਂ ਦੇ ਨਾਲ ਨਾਲ ਇੱਕ ਕੌੜਾ ਸੱਚ ਇਹ ਵੀ ਹੈ ਕਿ ਜੇਕਰ ਇਸ ਸਰਕਾਰ ਦੇ ਬਾਕੀ ਰਹਿੰਦੇ ਚਾਰ ਸਾਲ ਦੇ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਕੁੱਤਿਆਂ ਦੀ ਅਬਾਦੀ ਪੰਜਾਬੀਆਂ (ਪੰਜਾਬ ਵਾਸੀਆਂ) ਨਾਲੋਂ ਜ਼ਿਆਦਾ ਹੋ ਗਈ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਫਿਰ ਲੜੀ ਜਾਣਾ ਚੋਣਾਂ ਤੇ ਪਾਈ ਜਾਣਾ ਵੋਟਾਂ, ਕੁੱਤਿਆਂ ਦੀ ਅਬਾਦੀ ਨੂੰ ਮੁੱਦਾ ਬਣਾ ਕੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।