ਬੀ.ਡੀ.ਪੀ.ਓ ਦਫ਼ਤਰ ਦਾ ਤਕਨੀਕੀ ਸਹਾਇਕ ਰਿਸ਼ਵਤ ਲੈਂਦੇ ਵਿਜੀਲੈਂਸ ਬਿਉਰੋ ਨੇ ਦਬੋਚਿਆ

Last Updated: Jan 08 2018 19:53

ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕੱਚੇ ਮਕਾਨ ਤੋਂ ਪੱਕਾ ਮਕਾਨ ਬਣਾਉਣ ਲਈ ਗ੍ਰਾਂਟ ਜਾਰੀ ਕਰਵਾਉਣ ਵਾਸਤੇ 20 ਹਜ਼ਾਰ ਰੁਪਏ ਦੀ ਮੰਗ ਕਰਨ ਵਾਲੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਦਫ਼ਤਰ ਬੱਸੀ ਪਠਾਣਾਂ ਚ ਤਕਨੀਕੀ ਸਹਾਇਕ ਦੇ ਅਹੁਦੇ ਤੇ ਤਾਇਨਾਤ ਅਧਿਕਾਰੀ ਨੂੰ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਵਿਜੀਲੈਂਸ ਬਿਊਰੋ ਨੇ ਗਿਰਫਤਾਰ ਕੀਤਾ ਹੈ। ਵਿਜੀਲੈਂਸ ਨੇ ਕਾਬੂ ਕੀਤੇ ਕਥਿਤ ਦੋਸ਼ੀ ਸਤਨਰੈਣ ਸਿੰਗਲਾ ਦੇ ਖ਼ਿਲਾਫ਼ ਧਾਰਾ 7.13 (2)88 ਪੀ.ਸੀ. ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।  

ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ ਲਖਵੀਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਲੁਹਾਰੀ ਕਲਾਂ (ਬੱਸੀ ਪਠਾਣਾਂ) ਦੇ ਰਹਿਣ ਵਾਲੇ ਸ਼ਿਕਾਇਤਕਰਤਾ ਗੁਰਿੰਦਰਜੀਤ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾਂ ਅਧੀਨ ਕੱਚੇ ਮਕਾਨ ਤੋਂ ਪੱਕਾ ਮਕਾਨ ਬਣਾਉਣ ਲਈ ਗ੍ਰਾਂਟ ਜਾਰੀ ਕਰਵਾਉਣ ਲਈ ਦਰਖਾਸਤ ਦਿੱਤੀ ਸੀ। ਗ੍ਰਾਂਟ ਪਾਸ ਕਰਨ ਲਈ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਦੇ ਦਫ਼ਤਰ ਚ ਤਕਨੀਕੀ ਸਹਾਇਕ ਤਾਇਨਾਤ ਸਤਨਰੈਣ ਸਿੰਗਲਾ ਨੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ।

ਪਰ ਉਨ੍ਹਾਂ ਦੋਨਾਂ ਵਿਚਕਾਰ ਸੌਦਾ 10 ਹਜ਼ਾਰ ਰੁਪਏ ਚ ਤੈਅ ਹੋਇਆ ਸੀ, ਜੋ ਕਿ ਦੋ ਕਿਸ਼ਤਾਂ ਚ ਦੇਣੇ ਸਨ। ਉਨ੍ਹਾਂ ਦੱਸਿਆ ਕਿ ਅੱਜ ਕਥਿਤ ਦੋਸ਼ੀ ਸਤਨਰੈਣ ਪਹਿਲੀ ਕਿਸ਼ਤ ਵਜੋਂ 5 ਹਜ਼ਾਰ ਰੁਪਏ ਲੈਣ ਲਈ ਬੰਨ੍ਹ ਵੱਲ ਜਾਂਦੀ  ਸੜਕ ਉੱਪਰ ਬਣੇ ਪੰਜਾਬ ਐਗਰੋ ਫੂਡ ਗਰੇਨਜ਼ ਕਾਰਪੋਰੇਸ਼ਨ ਲਿਮਟਿਡ ਫ਼ਤਿਹਗੜ੍ਹ ਸਾਹਿਬ ਦੇ ਦਫ਼ਤਰ ਨੇੜੇ ਐਫ.ਸੀ.ਆਈ ਗੋਦਾਮਾਂ ਕੋਲ ਸ਼ਿਕਾਇਤਕਰਤਾ ਗੁਰਿੰਦਰਜੀਤ ਸਿੰਘ ਪਾਸ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਗ੍ਰਿਫ਼ਤਾਰ ਕਰ ਲਿਆ ਗਿਆ।

ਡੀ.ਐਸ.ਪੀ ਲਖਵੀਰ ਸਿੰਘ ਨੇ ਦੱਸਿਆ ਕਿ ਮੁੱਦਈ ਗੁਰਿੰਦਰਜੀਤ ਸਿੰਘ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕੱਚੇ ਮਕਾਨ ਨੂੰ ਪੱਕਾ ਕਰਨ ਲਈ 1 ਲੱਖ 20 ਹਜ਼ਾਰ ਰੁਪਏ ਮਨਜ਼ੂਰ ਹੋਏ ਸਨ, ਜਿਨ੍ਹਾਂ ਵਿੱਚੋਂ 30 ਹਜ਼ਾਰ ਰੁਪਏ ਪਹਿਲੀ ਕਿਸ਼ਤ ਵਜੋਂ ਮਿਲ ਗਏ ਸਨ। ਇਸ ਉਪਰੰਤ ਕਥਿਤ ਦੋਸ਼ੀ ਸਤਨਰੈਣ ਸਿੰਗਲਾ ਨੇ ਮੁੱਦਈ ਦੇ ਮਕਾਨ ਦੀ ਫ਼ੋਟੋ ਖਿੱਚ ਕੇ ਵੈਰੀਫਿਕੇਸ਼ਨ ਕਰਕੇ ਦੂਜੀ ਕਿਸ਼ਤ ਵਜੋਂ 72 ਹਜ਼ਾਰ ਰੁਪਏ ਗੁਰਿੰਦਰਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਦੇ ਖਾਤੇ ਵਿੱਚ ਜਮਾਂ ਕਰਵਾਏ ਗਏ ਸਨ। ਸ਼ਿਕਾਇਤਕਰਤਾ ਦੇ ਪਿਤਾ ਨੂੰ 18 ਹਜ਼ਾਰ ਰੁਪਏ ਦੀ ਅੰਤਿਮ ਕਿਸ਼ਤ ਤੇ ਪਹਿਲੀਆਂ ਕਿਸ਼ਤਾਂ ਜਾਰੀ ਕਰਵਾਉਣ ਲਈ ਤਕਨੀਕੀ ਸਹਾਇਕ ਨੇ ਸ਼ਿਕਾਇਤਕਰਤਾ ਕੋਲੋਂ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਪਰ ਸੌਦਾ 10 ਹਜ਼ਾਰ ਰੁਪਏ ਚ ਤੈਅ ਹੋਇਆ ਸੀ।

ਇਸ ਦੇ ਬਾਅਦ ਗੁਰਿੰਦਰਜੀਤ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ। ਜਿਸ ਦੇ ਬਾਅਦ ਵਿਜੀਲੈਂਸ ਨੇ ਕਾਰਵਾਈ ਕਰਦੇ ਹੋਏ ਸ਼ੈਡੋ ਗਵਾਹ ਦਾਰਾ ਸਿੰਘ ਵਾਸੀ ਪਿੰਡ ਬਹਿਰਾਮਪੁਰ ਬੇਲ, ਅਤੇ ਸਰਕਾਰੀ ਗਵਾਹ ਡਾ. ਦਿਲਵਰ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਫ਼ਤਿਹਗੜ੍ਹ ਸਾਹਿਬ ਤੇ ਮੱਛੀ ਪਾਲਣ ਵਿਭਾਗ ਦੇ ਕਾਰਜਕਾਰੀ ਅਫ਼ਸਰ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਕਥਿਤ ਦੋਸ਼ੀ ਸਤਨਰੈਣ ਸਿੰਗਲਾ ਨੂੰ ਕਾਬੂ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਬਣਾਈ ਗਈ ਟੀਮ ਵਿਚ ਏ.ਐਸ.ਆਈ. ਬਲਜਿੰਦਰ ਸਿੰਘ, ਏ.ਐਸ.ਆਈ. ਦਲਵਿੰਦਰ ਸਿੰਘ, ਏ.ਐਸ.ਆਈ. ਗਗਨਦੀਪ ਕੌਰ ਅਤੇ ਪੀ.ਐਚ.ਸੀ. ਅਵਤਾਰ ਸਿੰਘ ਆਦਿ ਸ਼ਾਮਲ ਸਨ।