ਪਟਿਆਲਾ ਵਿਖੇ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਦਾ ਕੰਮ ਜਲਦੀ ਹੋਵੇਗਾ ਸ਼ੁਰੂ: ਰਜ਼ੀਆ

Tinku Garg
Last Updated: Jan 08 2018 17:33

ਸੂਬਾ ਸਰਕਾਰ ਵੱਲੋਂ ਖੇਡਾਂ ਨਾਲ ਜੁੜੇ ਖਿਡਾਰੀਆਂ ਅਤੇ ਖੇਡਾਂ ਨੂੰ ਬੁਲੰਦੀਆਂ 'ਤੇ ਲਿਜਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਸੂਬੇ ਦੀ ਨੌਜਵਾਨ ਪੀੜੀ ਖੇਡ ਜਗਤ ਨਾਲ ਜੁੜ ਕੇ ਨਸ਼ਿਆਂ ਰਹਿਤ ਅਤੇ ਸਿਹਤਮੰਤ ਸਮਾਜ ਦੀ ਸਿਰਜਣਾ ਕਰ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ ਨੇ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਪੰਜਾਬ ਰਾਜ ਤਿੰਨ ਰੋਜ਼ਾ ਮਹਿਲਾ ਖੇਡਾਂ ਦਾ ਉਦਘਾਟਨ ਕਰਦਿਆਂ ਕੀਤਾ। ਰਾਜ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪਟਿਆਲਾ ਵਿਖੇ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਬਣਾਈ ਜਾ ਰਹੀ ਹੈ, ਜਿਸਦਾ ਖਿਡਾਰੀਆਂ ਨੂੰ ਵੱਡਾ ਲਾਭ ਹੋਵੋਗਾ। ਉਨ੍ਹਾਂ ਨੇ ਸੂਬੇ ਵਿੱਚ ਵੱਖ-ਵੱਖ ਖੇਡਾਂ 'ਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਦੀ ਖੂਬ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਪੂਰੀ ਲਗਨ ਅਤੇ ਮਿਹਨਤ ਖੇਡ ਕੇ ਦੇਸ਼ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਦੀ ਕਾਮਨਾ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਸੰਗਰੂਰ ਵਿਖੇ ਕਰਵਾਈਆਂ ਜਾ ਰਹੀਆਂ ਪੰਜਾਬ ਰਾਜ ਮਹਿਲਾ ਖੇਡਾਂ ਵਿੱਚ ਲਗਭਗ 2200 ਖਿਡਾਰਣਾਂ ਭਾਗ ਲੈ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੰਗਰੂਰ ਵਿਖੇ ਸਿੰਥੈਟਿਕ ਐਥਲੈਟਿਕਸ ਟਰੈਕ ਵੀ ਉਸ ਵੇਲੇ ਦੀ ਕੇਂਦਰ ਅੰਦਰ ਕਾਂਗਰਸ ਸਰਕਾਰ ਦੀ ਦੇਣ ਹੈ ਜੋ ਕਿ ਐਥਲੈਟਿਕਸ ਦੇ ਖਿਡਾਰੀਆਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਰਾਜ ਦੀਆਂ ਮਹਿਲਾ ਖਿਡਾਰਣਾਂ ਨੇ ਖੇਡਾਂ ਵਿੱਚ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਇਸੇ ਮੰਤਵ ਨੂੰ ਲੈ ਕੇ ਵੱਖ-ਵੱਖ ਜ਼ਿਲਿਆ ਵਿੱਚ ਮਹਿਲਾ ਖੇਡਾਂ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਔਰਤਾਂ ਵਰਗ ਨੂੰ ਵੱਧ ਤੋਂ ਵੱਧ ਖੇਡ ਜਗਤ ਨਾਲ ਜੋੜਿਆ ਜਾਵੇ। ਇਸ ਤੋਂ ਪਹਿਲਾ ਰਜ਼ੀਆ ਸੁਲਤਾਨਾ ਨੇ ਤਿੰਨ ਰੋਜ਼ਾ ਖੇਡਾਂ ਦੀ ਸ਼ੁਰੂਆਤ ਕਰਦਿਆਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਐਥਲੈਟਿਕਸ ਵਿੱਚ ਪਹਿਲੇ ਨੰਬਰ 'ਤੇ ਆਉਣ 'ਤੇ ਜਲੰਧਰ ਅਤੇ ਦੂਜੇ ਸਥਾਨ 'ਤੇ ਸੰਗਰੂਰ ਅਤੇ ਤੀਜੇ ਸਥਾਨ 'ਤੇ ਪਟਿਆਲਾ ਦੀ ਖਿਡਾਰਣਾਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।