ਪਲਾਸਟਿਕ ਡੋਰ ਦੀ ਲਪੇਟ 'ਚ ਆਉਣ ਨਾਲ ਐਸ.ਪੀ (ਆਈ) ਦਾ ਗੰਨਮੈਨ ਹੋਇਆ ਜ਼ਖਮੀ

Last Updated: Jan 08 2018 14:45

ਲੋਹੜੀ ਅਤੇ ਬਸੰਤ ਦੇ ਮੌਕੇ 'ਤੇ ਪਤੰਗ ਉਡਾਉਣ ਦੇ ਸ਼ੌਕੀਨਾਂ ਵੱਲੋਂ ਪਾਬੰਦੀ ਦੇ ਬਾਵਜੂਦ ਇਸਤੇਮਾਲ ਕੀਤੀ ਜਾ ਰਹੀ ਚਾਈਨਾ ਮੇਡ ਪਲਾਸਟਿਕ ਡੋਰ ਨੇ ਸ਼ਹਿਰ 'ਚ ਆਪਣਾ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਡਿਊਟੀ 'ਤੇ ਜਾ ਰਿਹਾ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਪੀ (ਆਈ) ਦਾ ਗੰਨਮੈਨ ਸਥਾਨਕ ਲਲਹੇੜੀ ਰੋਡ ਰੇਲਵੇ ਓਵਰ ਬ੍ਰਿਜ ਉੱਪਰ ਡੋਰ ਦੀ ਲਪੇਟ 'ਚ ਆ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਰਾਹਗੀਰਾਂ ਨੇ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਡੋਰ ਕਾਰਨ ਗਲੇ ਤੇ ਲੱਗੇ ਵੱਡੇ ਕੱਟ ਕਾਰਨ ਡਾਕਟਰਾਂ ਵੱਲੋਂ ਉਸ ਦੇ ਅੱਠ ਟਾਂਕੇ ਲਗਾਏ ਗਏ ਹਨ।

ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਮੁਲਾਜ਼ਮ ਅਮਰਜੀਤ ਸਿੰਘ ਆਪਣੇ ਘਰ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਡਿਊਟੀ ਲਈ ਜਾ ਰਿਹਾ ਸੀ। ਜਦੋਂ ਸਵੇਰੇ ਉਹ ਲਲਹੇੜੀ ਰੋਡ ਰੇਲਵੇ ਓਵਰ ਬ੍ਰਿਜ ਉੱਪਰ ਪਹੁੰਚਿਆ ਤਾਂ ਡੋਰ ਉਸ ਦੇ ਗਲੇ 'ਚ ਲਿਪਟ ਗਈ, ਜਿਸ ਕਾਰਨ ਉਸ ਦੇ ਗਹਿਰਾ ਜ਼ਖਮ ਹੋ ਗਿਆ। ਹਾਲਾਂਕਿ ਸਮਾਂ ਰਹਿੰਦੇ ਉਸ ਵੱਲੋਂ ਤੇਜ਼ੀ ਨਾਲ ਆਪਣੀ ਬਾਂਹ ਗਲੇ ਅੱਗੇ ਕਰ ਲਏ ਜਾਣ 'ਤੇ ਆਪਣਾ ਬਚਾਅ ਕੀਤਾ। ਪਰ ਡੋਰ ਨੇ ਗਲੇ ਉੱਪਰ ਕੱਟ ਲਗਾ ਦਿੱਤਾ ਸੀ। ਇਸੇ ਦੌਰਾਨ ਉਕਤ ਪੁਲਿਸ ਮੁਲਾਜ਼ਮ ਦਾ ਮੋਟਰਸਾਈਕਲ ਤੋਂ ਸੰਤੁਲਨ ਵਿਗੜ ਜਾਣ ਕਾਰਨ ਸੜਕ 'ਤੇ ਡਿਗ ਗਿਆ ਅਤੇ ਜ਼ਖਮੀ ਹੋ ਗਿਆ।

ਉਸੇ ਸਮੇਂ ਪਿੱਛੋਂ ਆ ਰਹੇ ਹੋਰ ਰਾਹਗੀਰਾਂ ਨੇ ਜ਼ਖਮੀ ਮੁਲਾਜ਼ਮ ਨੂੰ ਸੰਭਾਲਦੇ ਹੋਏ ਚੁੱਕੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਡੋਰ ਦੇ ਕਾਰਨ ਗੰਨਮੈਨ ਦੇ ਜ਼ਖਮੀ ਹੋ ਜਾਣ ਦੀ ਸੂਚਨਾ ਮਿਲਣ ਦੇ ਬਾਅਦ ਐਸ.ਪੀ (ਆਈ) ਜਸਵੀਰ ਸਿੰਘ ਤੁਰੰਤ ਸਿਵਲ ਹਸਪਤਾਲ ਪਹੁੰਚੇ ਅਤੇ ਮੁਲਾਜ਼ਮ ਦਾ ਹਾਲਚਾਲ ਜਾਣਿਆ। ਜ਼ਖਮੀ ਹੋਏ ਪੁਲਿਸ ਮੁਲਾਜ਼ਮ ਦੇ ਗਲੇ 'ਤੇ ਬਣੇ ਗਹਿਰੇ ਜ਼ਖਮ 'ਤੇ ਡਾਕਟਰਾਂ ਵੱਲੋਂ ਅੱਠ ਟਾਂਕੇ ਲਗਾਏ ਗਏ ਹਨ, ਪਰ ਉਕਤ ਜ਼ਖਮੀ ਮੁਲਾਜ਼ਮ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦੂਜੇ ਪਾਸੇ ਸ਼ਹਿਰ ਅੰਦਰ ਚੋਰੀ ਛੁਪੇ ਆਪਣੇ ਲਾਲਚ ਲਈ ਕੁਝ ਦੁਕਾਨਦਾਰਾਂ ਵੱਲੋਂ ਵੇਚੀ ਜਾ ਰਹੀ ਪਾਬੰਦੀ ਸ਼ੁਦਾ ਪਲਾਸਟਿਕ ਅਤੇ ਸਿੰਥੈਟਿਕ ਡੋਰ ਸਬੰਧੀ ਐਸ.ਪੀ (ਆਈ) ਜਸਵੀਰ ਸਿੰਘ ਦਾ ਕਹਿਣਾ ਹੈ ਕਿ ਚਾਈਨਾ ਮੇਡ ਪਲਾਸਟਿਕ ਡੋਰ ਵੇਚਣ, ਸਟੋਰ ਕਰਨ ਅਤੇ ਇਸ ਦਾ ਇਸਤੇਮਾਲ ਕਰਨ ਉੱਪਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ। ਪਾਬੰਦੀ ਸ਼ੁਦਾ ਪਲਾਸਟਿਕ ਡੋਰ ਵੇਚਣ ਵਾਲੇ ਦੁਕਾਨਦਾਰਾਂ ਨੂੰ ਕਾਬੂ ਕਰਨ ਸਬੰਧੀ ਜਲਦੀ ਹੀ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਜੇਕਰ ਕੋਈ ਦੁਕਾਨਦਾਰ ਡੋਰ ਵੇਚਦਾ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਪਲਾਸਟਿਕ ਡੋਰ ਨਾਲ ਪਤੰਗ ਉਡਾਉਣ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪਲਾਸਟਿਕ ਡੋਰ ਇਸਤੇਮਾਲ ਕਰਨ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਪਲਾਸਟਿਕ ਡੋਰ ਇਸਤੇਮਾਲ ਨਾ ਕਰਨ ਦਿੱਤੀ ਜਾਵੇ ਤਾਂ ਕਿ ਪਲਾਸਟਿਕ ਡੋਰ ਕਾਰਨ ਲੋਕਾਂ ਦੀ ਜ਼ਿੰਦਗੀਆਂ ਨਾਲ ਖਿਲਵਾੜ ਨਾ ਹੋ ਸਕੇ। ਜੇਕਰ ਕੋਈ ਵਿਅਕਤੀ ਪਲਾਸਟਿਕ ਡੋਰ ਨਾਲ ਪਤੰਗਬਾਜ਼ੀ ਕਰਦਾ ਫੜਿਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।