ਚਾਈਨਾ ਡੋਰ 'ਤੇ ਪ੍ਰਸ਼ਾਸਨ ਨੇ ਲਗਾਈ ਰੋਕ

Last Updated: Jan 07 2018 20:22

ਜ਼ਿਲ੍ਹਾ ਪਠਾਨਕੋਟ ਵਿਖੇ 13 ਜਨਵਰੀ ਨੂੰ ਲੋਹੜੀ ਦਾ ਤਿਉਹਾਰ ਨੇੜੇ ਆਉਂਦੇ ਹੀ ਜ਼ਿਲ੍ਹੇ ਵਿੱਚ ਚਾਈਨੀਜ ਗੱਟੂ ਡੋਰ ਦੀ ਵਿੱਕਰੀ ਪ੍ਰਸ਼ਾਸਨ ਦੇ ਤਮਾਮ ਦਾਅਵਿਆਂ ਦੇ ਬਾਵਜੂਦ ਚੋਰੀ ਛਿਪੇ ਹੋ ਰਹੀ ਹੈ। ਅਜਿਹੇ ਵਿੱਚ ਜਿੱਥੇ ਦੇਸ਼ ਭਰ ਵਿੱਚ ਚਾਈਨੀਜ ਚੀਜਾਂ ਦੇ ਬਹਿਸ਼ਕਾਰ ਨੂੰ ਲੈ ਕੇ ਆਵਾਜ ਬੁਲੰਦ ਹੋ ਰਹੀ ਹੈ, ਉੱਥੇ ਖੂਨੀ ਡੋਰ ਦੇ ਨਾਮ ਤੋਂ ਜਾਨੀ ਜਾਉਨ ਵਾਲੀ ਖਤਰਨਾਕ ਗੱਟੂ ਡੋਰ ਨੂੰ ਵੇਚਣ ਦੇ ਲਈ ਚੋਰ ਦਰਵਾਜੇ ਤੋਂ ਵਪਾਰੀਆਂ ਵੱਲੋਂ ਆਪਣੀ ਪਹਿਲ ਸ਼ੁਰੂ ਕਰ ਦਿੱਤੀ ਗਈ ਹੈ। ਜਿਕਰ ਯੋਗ ਹੈ ਕਿ ਉਕਤ ਗੱਟੂ ਚਾਈਨਾ ਡੋਰ ਬੱਚਿਆਂ ਦੇ ਲਈ ਬਹੁਤ ਖਤਰਨਾਕ ਹੈ। ਇਸ ਵਿੱਚ ਲੋਹੇ ਦਾ ਪੁੱਟ ਅਤੇ ਪਲਾਸਟਿਕ ਹੋਣ ਦੇ ਚਲਦੇ ਉਕਤ ਡੋਰ ਟੁੱਟਦੀ ਨਹੀਂ ਹੈ ਜਿਸ ਦੇ ਚਲਦੇ ਅੱਜ ਤੱਕ ਪਠਾਨਕੋਟ ਦੇ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਲੋਕ ਆਪਣੀ ਜਾਨ ਗੰਵਾ ਚੁੱਕੇ ਹਨ ਅਤੇ ਕਈ ਅਪਾਹਜ ਹੋ ਚੁੱਕੇ ਹਨ।

ਅਜਿਹੇ ਵਿੱਚ ਪ੍ਰਸ਼ਾਸਨ ਦੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਚਾਈਨਾ ਡਰੈਗਨ ਦੇ ਨਾਮ ਨਾਲ ਮਸ਼ਹੂਰ ਗੱਟੂ ਡੋਰ ਨੂੰ ਵਪਾਰੀਆਂ ਵੱਲੋਂ ਡੰਪ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਉਕਤ ਚਾਈਨਾ ਡੋਰ ਉਪਰ ਦੇਸ਼ ਦੇ ਹੋਰ ਹਿੱਸਿਆਂ ਦੇ ਵਾਂਗ ਪੰਜਾਬ ਵਿੱਚ ਵੀ ਵਿੱਕਰੀ ਉਪਰ ਪਾਬੰਦੀ ਲਗਾਈ ਗਈ ਹੈ। ਗੱਟੂ ਡੋਰ ਚਾਈਨਾ ਵਿੱਚ ਨਿਰਮਿਤ ਡੋਰ ਹੈ। ਇਸ ਡੋਰ ਵਿੱਚ ਲੋਹੇ ਦੀ ਤਾਰ ਨੂੰ ਇਸਤੇਮਾਲ ਵਿੱਚ ਲਿਆਇਆ ਜਾਂਦਾ ਹੈ, ਜੋ ਕਿ ਜੇਕਰ ਕਿਸੇ ਗਰਦਨ ਜਾਂ ਸਰੀਰ ਦੇ ਹਿੱਸੇ ਵਿੱਚ ਲਿਪਟ ਜਾਵੇ ਤਾਂ ਸਰੀਰ ਦੇ ਉਸ ਹਿੱਸੇ ਨੂੰ ਮਿੰਟਾਂ ਵਿੱਚ ਕੱਟ ਦਿੰਦੀ ਹੈ। ਇਸ ਡੋਰ ਵਿੱਚ ਜ਼ਹਿਰੀਲੇ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਸ ਦੇ ਚਲਦੇ ਪਤੰਗ ਉਡਾਉਂਦੇ ਸਮੇਂ ਬੱਚਿਆਂ ਦਾ ਹੱਥ ਕੱਟਣ ਦੀ ਸੂਰਤ ਵਿੱਚ ਇਹ ਉਸ ਭਾਗ ਨੂੰ ਗਾਲ ਸਕਦਾ ਹੈ ਅਤੇ ਮੂੰਹ ਵਿੱਚ ਪਾਉਣ ਦੀ ਸੂਰਤ ਵਿੱਚ ਬੱਚਿਆਂ ਦਾ ਸਰੀਰਕ ਨੁਕਸਾਨ ਹੋ ਸਕਦਾ ਹੈ।

ਕਈ ਪਰਿੰਦੇ ਗੱਟੂ ਡੋਰ ਦੀ ਚਪੇਟ ਵਿੱਚ ਆ ਕੇ ਘੰਟਿਆਂ ਤੱਕ ਡੋਰ ਵਿੱਚ ਉਲਝ ਕੇ ਤੜਫਦੇ ਰਹਿੰਦੇ ਹਨ ਅਤੇ ਮਰ ਜਾਂਦੇ ਹਨ। ਇਸ ਸਬੰਧੀ ਡੀਸੀ ਨੀਲਿਮਾ ਕੁਮਾਰੀ ਵੱਲ ਇੱਕ ਦਿਨ ਪਹਿਲੇ ਹੀ ਬਿਆਨ ਦਿੱਤਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਚਾਈਨੀਜ ਘਾਤਕ ਡੋਰ 'ਤੇ ਸਿੰਥੈਟਿਕ ਧਾਗੇ ਨਾਲ ਬਣੀ ਡੋਰ ਉਪਰ ਪੰਜਾਬ ਭਰ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਇਸ ਮਾਮਲੇ ਉਪਰ ਨਜਰ ਰੱਖੇ ਹੋਏ ਹਨ।