ਮਾਲਕ ਦੇ ਰਿਸ਼ਤੇਦਾਰ ਨੂੰ ਏਅਰਪੋਰਟ ਤੇ ਛੱਡ ਕੇ ਆ ਰਹੇ ਵਿਅਕਤੀ ਨੂੰ ਪਿਸਤੌਲ ਵਿਖਾ ਕੇ ਖੋਹੀ ਕਾਰ.!!!

Last Updated: Jan 07 2018 19:50

ਨੈਸ਼ਨਲ ਹਾਈਵੇ 'ਤੇ ਬੀਤੀ ਦੇਰ ਰਾਤ ਕਸਬਾ ਮੱਖੂ ਦੇ ਨਜਦੀਕ ਪੰਜ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਵਿਖਾ ਕੇ ਇੱਕ ਵਿਅਕਤੀ ਤੋਂ ਕਾਰ ਖੋਹ ਲਈ। ਥਾਣਾ ਮੱਖੂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੁਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਜੋਗਾਨੰਦ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਉਹ ਆਪਣੇ ਮਾਲਕ ਸੰਜੀਵ ਗੋਇਲ ਦੀ ਸਵਿਫ਼ਟ ਡਿਜਾਇਰ ਨੰਬਰ ਪੀਬੀ 03 ਏ ਕਿਓ 4860 'ਤੇ ਮਾਲਕ ਦੇ ਰਿਸ਼ਤੇਦਾਰ ਨੂੰ ਏਅਰਪੋਰਟ ਅੰਮ੍ਰਿਤਸਰ ਛੱਡ ਕੇ ਬਠਿੰਡਾ ਵੱਲ ਨੂੰ ਆ ਰਿਹਾ ਸੀ ਜਦੋਂ ਉਹ ਬੀਤੀ ਰਾਤ ਕਰੀਬ ਸਵਾ 9 ਵਜੇ ਮੱਖੂ ਤੋਂ ਥੋੜ੍ਹਾ ਅੱਗੇ ਜ਼ੀਰਾ ਰੋਡ ਨੈਸ਼ਨਲ ਹਾਈਵੇ ਦੇ ਕੋਲ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ਤੇ ਨੌਜਵਾਨ ਆਏ ਜਿਨ੍ਹਾਂ ਨੇ ਆਪਣਾ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਨੇ ਮੋਟਰਸਾਈਕਲ ਭਜਾ ਕੇ ਕਾਰ ਅੱਗੇ ਕਰ ਦਿੱਤੇ।

ਗੁਰਜੀਤ ਨੇ ਦੱਸਿਆ ਕਿ ਜਦੋਂ ਉਸ ਨੇ ਕਾਰ ਰੋਕ ਕੇ ਪੁੱਛਗਿੱਛ ਕੀਤੀ ਤਾਂ ਇਸ ਦੌਰਾਨ ਮੋਟਰਸਾਈਕਲ ਤੋਂ ਤਿੰਨ ਨੌਜਵਾਨ ਉਤਰੇ, ਜਿਨ੍ਹਾਂ ਦੇ ਕੋਲ ਪਿਸਤੌਲ ਸੀ, ਉਨ੍ਹਾਂ ਨੇ ਪਿਸਤੌਲ ਵਿਖਾ ਕੇ ਆਖਿਆ ਕਿ ਕਾਰ ਦੀ ਚਾਬੀ ਦੇ ਦਿਓ, ਨਹੀਂ ਤਾਂ ਜਾਨੋਂ ਮਾਰ ਦਿਆਂਗੇ। ਗੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਡਰਦੇ ਮਾਰੇ ਨੇ ਕਾਰ ਦੀ ਚਾਬੀ ਉਨ੍ਹਾਂ ਨੂੰ ਦੇ ਦਿੱਤੀ ਅਤੇ ਇਸ ਦੌਰਾਨ ਉਕਤ ਲੁਟੇਰੇ ਕਾਰ ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਗੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਦੇ ਵਿੱਚ ਉਸ ਦਾ ਪਰਸ, ਜਿਸ ਵਿੱਚ ਡਰਾਈਵਰੀ ਲਾਇਸੰਸ, ਆਧਾਰ ਕਾਰਡ ਅਤੇ 3500 ਰੁਪਏ ਆਦਿ ਸਨ। ਕਾਰ ਦੇ ਕਾਗਜਾਤ ਵੀ ਕਾਰ ਦੇ ਵਿੱਚ ਹੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਸ ਵੱਲੋਂ ਥਾਣਾ ਮੱਖੂ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਥਾਣਾ ਮੱਖੂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।