ਪੰਜਾਬ ਰਾਜ ਮਹਿਲਾ ਖੇਡਾਂ 'ਚ 2400 ਖਿਡਾਰਣਾਂ ਲੈਣਗੀਆਂ ਭਾਗ : ਡਾਇਰੈਕਟਰ ਖੇਡਾਂ

Tinku Garg
Last Updated: Jan 07 2018 17:50

ਡਾਇਰੈਕਟਰ ਸਪੋਰਟਸ ਪੰਜਾਬ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਖੇਡ ਵਿਭਾਗ ਪੰਜਾਬ ਵੱਲੋਂ ਰਾਜ ਖੇਡਾਂ ਲੜਕੀਆਂ 25 ਸਾਲ ਉਮਰ ਵਰਗ ਤੋਂ ਘੱਟ 8 ਤੋਂ 10 ਜਨਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਰਾਜ ਤੋਂ 2400 ਖਿਡਾਰਣਾਂ ਭਾਗ ਲੈ ਰਹੀਆਂ ਹਨ ਅਤੇ ਇਨ੍ਹਾਂ ਖੇਡਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਖੇਡ ਵਿਭਾਗ ਦੇ 300 ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਨੂੰ ਕਰਵਾਉਣ ਦਾ ਉਦੇਸ਼ ਔਰਤਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਖੇਡਾਂ ਦੇ ਖੇਤਰ ਵਿੱਚ ਵੱਧ ਤੋਂ ਵੱਧ ਮੌਕੇ ਦੇਣਾ ਹੈ। ਉਨ੍ਹਾਂ ਦੱਸਿਆ ਕਿ ਖੇਡਾਂ ਵਿੱਚ ਸੋਨੇ ਦਾ ਤਮਗਾ ਪ੍ਰਾਪਤ ਕਰਨ ਵਾਲੀ ਜੇਤੂ ਖਿਡਾਰਣਾਂ ਨੂੰ 1000 ਰੁਪਏ ਪ੍ਰਤੀ ਖਿਡਾਰਣ, ਚਾਂਦੀ ਦਾ ਤਮਗਾ ਪ੍ਰਾਪਤ ਕਰਨ ਵਾਲੀ ਨੂੰ 800 ਰੁਪਏ ਪ੍ਰਤੀ ਖਿਡਾਰਣ ਅਤੇ ਕਾਂਸੇ ਦਾ ਤਮਗਾ ਪ੍ਰਾਪਤ ਕਰਨ ਵਾਲੀ ਖਿਡਾਰਣ ਨੂੰ 500 ਰੁਪਏ ਨਗਦ ਇਨਾਮ ਵਜੋਂ ਦਿੱਤੇ ਜਾਣਗੇ।

ਗਿੱਲ ਨੇ ਦੱਸਿਆ ਕਿ 10 ਤਰ੍ਹਾਂ ਦੀਆਂ ਖੇਡਾਂ ਐਥਲੈਟਿਕਸ, ਬੈਡਮਿੰਟਨ, ਬਾਸਕਟਬਾਲ, ਬਾਕਸਿੰਗ, ਫੁੱਟਬਾਲ, ਜਿਮਨਾਸਟਿਕ, ਹਾਕੀ, ਟੇਬਲ ਟੈਨਿਸ, ਲਾਅਨ ਟੈਨਿਸ ਅਤੇ ਖੋਹ ਖੋਹ ਵਿੱਚ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਐਥਲੈਟਿਕਸ, ਬਾਸਕਟਬਾਲ, ਬਾਕਸਿੰਗ, ਜਿਮਨਾਸਟਿਕ, ਫੁੱਟਬਾਲ ਅਤੇ ਖੋਹ-ਖੋਹ ਦੇ ਮੁਕਾਬਲੇ ਵਾਰ ਹੀਰੋਜ਼ ਸਟੇਡੀਅਮ ਵਿਖੇ ਅਤੇ ਹਾਕੀ, ਟੇਬਲ ਟੈਨਿਸ ਰਣਬੀਰ ਕਲੱਬ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਰਜੀਆ ਸੁਲਤਾਨਾ ਰਾਜ ਮੰਤਰੀ ਪੰਜਾਬ ਵੱਲੋਂ ਸੋਮਵਾਰ ਸਵੇਰੇ 11 ਵਜੇ ਕੀਤਾ ਜਾਵੇਗਾ।

ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਅਤੇ ਡਿਪਟੀ ਡਾਇਰੈਕਟਰ ਖੇਡਾਂ ਕਰਤਾਰ ਸਿੰਘ ਸੈਬੀ ਨੇ ਖੇਡਾਂ ਦੇ ਸਮੁੱਚੇ ਪ੍ਰਬੰਧਾਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਰਿਹਾਇਸ, ਖੁਰਾਕ ਡਾਈਟ, ਟਰਾਂਸਪੋਰਟ, ਮੈਡੀਕਲ ਅਤੇ ਸੁਰੱਖਿਆ ਆਦਿ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਮੀਟਿੰਗਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਿਡਾਰਣਾਂ ਦੀ ਰਿਹਾਇਸ ਵੱਖ-ਵੱਖ ਸਕੂਲਾਂ ਵਿੱਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਫਾਜਿਲਕਾ, ਫ਼ਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਰੂਪਨਗਰ, ਹੁਸ਼ਿਆਰਪੁਰ ਅਤੇ ਤਰਨਤਾਰਨ ਦੀਆਂ ਖਿਡਾਰਣਾਂ ਦੀ ਰਿਹਾਇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਹੋਵੇਗੀ। ਬਰਨਾਲਾ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ ਤੋਂ ਆਉਣ ਵਾਲੀਆਂ ਖਿਡਾਰਣਾਂ ਦੀ ਰਿਹਾਇਸ ਸਰਕਾਰੀ ਗਰਲਜ਼ ਕਾਲਜ ਅਕਾਲ ਡਿਗਰੀ ਵਿਖੇ ਹੋਵੇਗੀ ਅਤੇ ਫ਼ਰੀਦਕੋਟ ਅਤੇ ਐਸ.ਬੀ.ਐਸ.ਨਗਰ ਦੀ ਖਿਡਾਰਣਾਂ ਦੀ ਰਿਹਾਇਸ਼ ਆਰੀਆ ਸਕੂਲ, ਪਠਾਨਕੋਟ ਮੋਗਾ ਅਤੇ ਸੰਗਰੂਰ ਦੀ ਰਿਹਾਇਸ਼ ਪ੍ਰੇਮ ਸਭਾ ਸਿਸੂ ਨਿਕੇਤਨ ਸਕੂਲ ਵਿਖੇ ਕੀਤੀ ਗਈ ਹੈ।

ਪੁਲਿਸ ਵਿਭਾਗ ਵੱਲੋਂ ਔਰਤਾਂ ਦੇ ਟੂਰਨਾਮੈਂਟ ਨੂੰ ਅਤੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਅਤੇ ਖੇਡਾਂ ਦੇ ਸਥਾਨ ਦੀ ਸੁਰੱਖਿਆ ਪ੍ਰਤੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਸੁਰਜੀਤ ਸਿੰਘ ਸੰਧੂ, ਜ਼ਿਲ੍ਹਾ ਖੇਡ ਅਫ਼ਸਰ ਯੋਗਰਾਜ ਸਿੰਘ ਵੀ ਹਾਜ਼ਰ ਸਨ।