ਮੱਖੂ ਪੁਲਿਸ ਨੇ ਦੋ ਚੋਰਾਂ ਨੂੰ ਕੀਤਾ ਚੋਰੀ ਦੇ ਮੋਟਰਸਾਈਕਲਾਂ ਅਤੇ ਨਕਦੀ ਸਮੇਤ ਗ੍ਰਿਫਤਾਰ

Last Updated: Jan 07 2018 19:20

ਬੀਤੀ ਦੇਰ ਸ਼ਾਮ ਥਾਣਾ ਮੱਖੂ ਪੁਲਿਸ ਨੇ ਗਸ਼ਤ ਦੇ ਦੌਰਾਨ ਦੋ ਚੋਰਾਂ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਅਤੇ ਨਕਦੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੱਖੂ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਦਵਿੰਦਰ ਸਿੰਘ ਪੁੱਤਰ ਕਲਗਾ ਸਿੰਘ ਵਾਸੀ ਅਮੀਰ ਸ਼ਾਹ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਘਰੋਂ ਕੋਈ ਅਣਪਛਾਤੇ ਚੋਰ 14 ਹਜ਼ਾਰ ਰੁਪਏ ਅਤੇ ਹੋਰ ਸਮਾਨ ਚੋਰੀ ਕਰਕੇ ਨੇ ਗਏ ਹਨ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਉਨ੍ਹਾਂ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਸੀ।

ਜਦੋਂ ਬੀਤੀ ਦੇਰ ਸ਼ਾਮ ਮੱਖੂ ਪੁਲਿਸ ਇਲਾਕੇ ਅੰਦਰ ਗਸ਼ਤ ਕਰ ਰਹੀ ਸੀ ਤਾਂ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਅਮੀਰਸ਼ਾਹ ਅਤੇ ਪਿੰਡ ਮਸੀਤਾ ਦੇ ਰਹਿਣ ਵਾਲੇ ਦੋ ਚੋਰ ਪਿਛਲੇ ਲੰਮੇ ਸਮੇਂ ਤੋਂ ਚੋਰੀਆਂ ਕਰਨ ਦੇ ਆਦੀ ਹਨ ਅਤੇ ਹੁਣ ਵੀ ਉਹ ਚੋਰੀ ਦਾ ਮੋਟਰਸਾਈਕਲ ਲੈਕੇ ਵੇਚਣ ਵਾਸਤੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਮੁਖਬਰ ਤੋਂ ਇਤਲਾਹ ਮਿਲਦਿਆ ਹੀ ਉਨ੍ਹਾਂ ਦੀ ਪੁਲਿਸ ਨੇ ਚਾਰੇ ਪਾਸੇ ਨਾਕੇਬੰਦੀ ਕਰ ਦਿੱਤੀ ਅਤੇ ਇਸ ਦੌਰਾਨ ਇਕ ਮੋਟਰਸਾਈਕਲ ਤੇ ਦੋ ਸ਼ੱਕੀ ਵਿਅਕਤੀ ਆਉਂਦੇ ਵਿਖਾਈ ਦਿੱਤੇ। ਪੁਲਿਸ ਨੇ ਜਦੋਂ ਉਕਤ ਦੋਵਾਂ ਵਿਅਕਤੀਆਂ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜਾਤ ਵਿਖਾਉਣ ਲਈ ਆਖਿਆ ਤਾਂ ਉਹ ਨਾ ਵਿਖਾ ਸਕੇ। ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹ ਮੰਨ ਗਏ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ।

ਪੁਲਿਸ ਨੇ ਦੱਸਿਆ ਕਿ ਤਲਾਸ਼ੀ ਦੇ ਦੌਰਾਨ ਉਕਤ ਚੋਰਾਂ ਦੇ ਕਬਜੇ ਵਿਚੋਂ ਚੋਰੀ ਦੇ 2500 ਰੁਪਏ ਵੀ ਬਰਾਮਦ ਹੋਏ। ਚੋਰੀ ਦੇ ਮੋਟਰਸਾਈਕਲ ਅਤੇ ਨਕਦੀ ਸਮੇਤ ਫੜੇ ਗਏ ਚੋਰਾਂ ਦੀ ਪਛਾਣ ਰਾਜ ਸਿੰਘ ਉਰਫ ਰਾਜੂ ਪੁੱਤਰ ਸੋਮਾ ਵਾਸੀ ਅਮੀਰ ਸ਼ਾਹ ਅਤੇ ਰਾਜਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਮਸੀਤਾ ਥਾਣਾ ਕੋਟ ਈਸੇ ਖਾ ਵਜੋਂ ਹੋਈ ਹੈ। ਥਾਣਾ ਮੱਖੂ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਕਤ ਚੋਰਾਂ ਦੀ ਨਿਸ਼ਾਨਦੇਹੀ 'ਤੇ ਤਿੰਨ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਦੋਵੇਂ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।