ਕੈਪਟਨ ਸਰਕਾਰ ਨੇ ਥਰਮਲ ਬੰਦ ਕਰਕੇ ਕੀਤਾ ਮੁਲਾਜ਼ਮਾਂ ਤੇ ਆਮ ਲੋਕਾਂ ਨਾਲ ਧੋਖਾ..!

Last Updated: Jan 07 2018 17:45

ਕੈਪਟਨ ਸਰਕਾਰ ਨੇ ਸਰਕਾਰੀ ਥਰਮਲ ਬਠਿੰਡਾ 'ਤੇ 2 ਯੂਨਿਟ ਰੋਪੜ ਦੇ ਬੰਦ ਕਰਕੇ ਮੁਲਾਜ਼ਮਾਂ ਤੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਪਹਿਲਾਂ ਅਕਾਲੀ ਭਾਜਪਾ ਸਰਕਾਰ ਨੇ 750 ਕਰੋੜ ਰੁਪਏ ਥਰਮਲ ਦੀ ਮੁਰੰਮਤ ਦੇ ਬਹਾਨੇ ਹੜੱਪ ਕੀਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਭੁੱਲਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁਲਾਜ਼ਮਾਂ ਨੂੰ ਥਰਮਲ ਦੇ ਗੇਟ ਅੱਗੇ ਰੈਲੀਆਂ ਵਿੱਚ ਬੋਲਦੇ ਹੋਏ ਕਿਹਾ ਸੀ ਕਿ ਸਾਡੀ ਸਰਕਾਰ ਆਉਣ 'ਤੇ ਕੋਈ ਵੀ ਸਰਕਾਰੀ ਥਰਮਲ ਬੰਦ ਨਹੀਂ ਕੀਤਾ ਜਾਵੇਗਾ। ਪਰ ਅੱਜ ਸਰਕਾਰ ਸਾਰੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਛੇਤੀ ਆਪਣਾ ਫ਼ੈਸਲਾ ਵਾਪਸ ਨਾ ਲਿਆ ਤਾਂ ਉਹ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰ ਦੇਣਗੇ। ਇਸ ਮੌਕੇ ਮੀਟਿੰਗ ਵਿੱਚ ਅਮਰੀਕ ਸਿੰਘ, ਸਾਥੀ ਰਛਪਾਲ ਸਿੰਘ ਸੰਧੂ, ਸਕੱਤਰ ਬਲਜੀਤ ਸਿੰਘ, ਸਿਕੰਦਰ ਨਾਥ, ਜਸਵੀਰ ਸਿੰਘ, ਜਸਵਿੰਦਰ ਸਿੰਘ ਆਦਿ ਸਾਥੀਆਂ ਨੇ ਸੰਬੋਧਨ ਕੀਤਾ।