ਕਾਲਜ 'ਚੋਂ ਸਾਢੇ ਤਿੰਨ ਲੱਖ ਤੋਂ ਵੱਧ ਨਕਦੀ ਚੋਰੀ

Last Updated: Jan 07 2018 16:57

ਪਟਿਆਲਾ ਜ਼ਿਲ੍ਹੇ ਦੇ ਅੰਦਰ ਆਉਂਦੇ ਸ਼ੰਭੂ ਵਿਖੇ ਇੱਕ ਨਿੱਜੀ ਕਾਲਜ ਵਿੱਚੋਂ ਕੁਝ ਚੋਰ ਤਿੰਨ ਲੱਖ 59 ਹਜ਼ਾਰ ਦੀ ਨਕਦੀ ਚੋਰੀ ਕਰਕੇ ਭੱਜਣ ਵਿੱਚ ਸਫਲ ਰਹੇ ਹਨ, ਉਹ ਵੀ ਓਦੋਂ ਜਦੋਂ ਕਾਲਜ ਦਾ ਚੌਂਕੀਦਾਰ ਕਾਲਜ ਵਿੱਚ ਹਾਜ਼ਿਰ ਸੀ। ਕਾਲਜ ਦੇ ਚੌਂਕੀਦਾਰ ਕਮਲ ਕੁਮਾਰ ਪੁੱਤਰ ਲਾਲ ਚੰਦ ਵਾਸੀ ਬਠੋਣੀਆ ਥਾਣਾ ਸ਼ੰਭੂ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸੂਰੀਆ ਵਰਲਡ ਕਾਲਜ ਪਿੰਡ ਬਪਰੋਰ ਵਿਖੇ ਸਕਿਉਰਿਟੀ ਇੰਚਾਰਜ ਲੱਗਿਆ ਹੋਇਆ ਹੈ ਅਤੇ ਇਸੇ ਮਹੀਨੇ ਦੀ 02 ਤਰੀਕ ਦੀ ਦਰਮਿਆਨੀ ਰਾਤ ਕੁਝ  ਨਾ-ਮਾਲੂਮ ਵਿਅਕਤੀਆਂ ਨੇ ਕਾਲਜ ਵਿੱਚੋਂ 3 ਲੱਖ 59 ਹਜਾਰ ਰੁਪਏ ਚੋਰੀ ਕਰ ਲਏ, ਚੋਰੀ ਵੇਲੇ ਉਹ ਕਾਲਜ ਵਿੱਚ ਮੌਜੂਦ ਸੀ ਪਰ ਉਨ੍ਹਾਂ ਨੇ ਕਿਸੇ ਵੀ ਵਿਅਕਤੀ/ਵਿਅਕਤੀਆਂ ਨੂੰ ਕਾਲਜ ਦੇ ਅੰਦਰ ਆਉਂਦੇ ਜਾਂ ਬਾਹਰ ਜਾਂਦੇ ਨਹੀਂ ਦੇਖਿਆ ਸੀ। ਹੈਰਾਨੀ ਵਾਲੀ ਗੱਲ ਹੈ ਕਿ ਸੂਤਰਾਂ ਮੁਤਾਬਿਕ ਕਾਲਜ ਦੇ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਵੀ ਕੁਝ ਨਹੀਂ ਆਇਆ ਹੈ, ਜਿਸ ਕਾਰਨ ਸ਼ੱਕ ਦੀ ਸੂਈ ਕਾਲਜ ਵਿਚਲੇ ਹੀ ਕਿਸੇ ਵਿਅਕਤੀ ਉੱਪਰ ਜਾਂਦੀ ਹੈ। ਬਹਿਰਹਾਲ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡ ਪ੍ਰਣਾਲੀ ਦੀਆਂ ਧਾਰਾਵਾਂ 457, 380 ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।