ਡੁਪਲੀਕੇਟ ਚਾਬੀਆਂ ਬਣਾ ਕੇ ਮੂੰਗਫਲੀ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ

Last Updated: Jan 07 2018 11:20

ਬੀਤੇ ਕੁਝ ਦਿਨ ਪਹਿਲੋਂ ਕਸਬਾ ਜ਼ੀਰਾ ਵਿਖੇ ਅੱਧੇ ਦਰਜਨ ਤੋਂ ਵੱਧ ਚੋਰਾਂ ਨੇ ਗੁਦਾਮ ਵਿੱਚੋਂ ਕਈ ਕੁਇੰਟਲ ਮੂੰਗਫਲੀ ਚੋਰੀ ਕਰ ਲਈ ਸੀ। ਇਨ੍ਹਾਂ ਚੋਰਾਂ ਨੂੰ ਕਾਬੂ ਕਰਨ ਵਾਸਦੇ ਪੁਲਿਸ ਵੱਲੋਂ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਸੀ। ਸ਼ਨਿੱਚਰਵਾਰ ਦੀ ਦੇਰ ਸ਼ਾਮ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਏ.ਐੱਸ.ਆਈ. ਦਵਿੰਦਰ ਕੁਮਾਰ ਵੱਲੋਂ ਮੁਖ਼ਬਰੀ ਦੇ ਆਧਾਰ ਤੇ ਛਾਪੇਮਾਰੀ ਕਰਕੇ ਇਸ ਮੂੰਗਫਲੀ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕੋਲੋਂ 24 ਬੋਰੀਆਂ ਮੂੰਗਫਲੀ ਦੀਆਂ ਬਰਾਮਦ ਕੀਤੀਆਂ ਗਈਆਂ।

ਜਾਣਕਾਰੀ ਦਿੰਦਿਆਂ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਰਣਜੀਤ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਵਾਲੇ ਦਿਨ ਉਨ੍ਹਾਂ ਕੋਲ ਇੱਕ ਮੂੰਗਫਲੀ ਵਿਕਰੇਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੱਠੀ ਤੇ ਮਜ਼ਦੂਰੀ ਕਰਨ ਵਾਲੇ ਕੁਝ ਵਿਅਕਤੀਆਂ ਵੱਲੋਂ ਡੁਪਲੀਕੇਟ ਚਾਬੀਆਂ ਨਾਲ ਵੱਡੀ ਮਾਤਰਾ ਵਿੱਚ ਮੂੰਗਫਲੀ ਚੋਰੀ ਕੀਤੀ ਗਈ ਹੈ, ਜਿਸ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ 4 ਮੂੰਗਫਲੀ ਚੋਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 24 ਬੋਰੀਆਂ ਮੂੰਗਫਲੀ ਦੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੱਸਿਆ ਕਿ ਫੜੇ ਗਏ ਚੋਰਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ, ਜਿੱਥੇ ਅਦਾਲਤ ਵੱਲੋਂ ਦੋਸ਼ੀਆਂ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ।