ਨਾਬਾਲਿਗ ਲੜਕੀ ਨਾਲ ਬਲਾਤਕਾਰ ਦੇ ਖ਼ਿਲਾਫ਼ ਨੈਸ਼ਨਲ ਅਨੁਸੂਚਿਤ ਜਾਤੀਆਂ ਗੱਠਜੋੜ ਨੇ ਕੱਢਿਆ ਕੈਂਡਲ ਮਾਰਚ

Boney Bindra
Last Updated: Jan 06 2018 20:45

ਪਟਿਆਲਾ ਵਿਖੇ ਅੱਜ ਸਥਾਨਿਕ ਬੱਸ ਸਟੈਂਡ ਤੋਂ ਲੈ ਕੇ ਆਈ.ਜੀ.ਪੀ ਹਸਪਤਾਲ ਤੱਕ ਇੱਕ ਲੰਬੀ ਮੋਮਬੱਤੀ ਫੇਰੀ ਕੱਢੀ ਗਈ, ਜਿਸ ਦਾ ਸੰਚਾਲਨ ਨੈਸ਼ਨਲ ਅਨੁਸੂਚਿਤ ਜਾਤੀਆਂ ਗੱਠਜੋੜ ਨੇ ਕੀਤਾ। ਗੱਠਜੋੜ ਦੇ ਪ੍ਰਧਾਨ ਪਰਮਜੀਤ ਸਿੰਘ ਕੈਨਥ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਇਹ ਮੋਮਬੱਤੀ ਫੇਰੀ ਇੱਕ ਦਲਿਤ 13 ਸਾਲ ਦੀ ਲੜਕੀ ਨਾਲ ਹੋਏ ਬਲਾਤਕਾਰ ਅਤੇ ਕਾਨੂੰਨੀ ਧੱਕੇ ਦੇ ਰੋਹ ਵਜੋਂ ਕੱਢੀ ਗਈ ਹੈ।

ਉਨ੍ਹਾਂ ਕਿਹਾ ਕਿ ਜਾਤ, ਧਰਮ ਜਾਂ ਰੰਗ ਦੇ ਬਾਵਜੂਦ ਹਰ ਕੋਈ ਮੋਮਬੱਤੀ ਫੇਰੀ ਵਿੱਚ ਸ਼ਾਮਲ ਹੋਇਆ, ਸਮਾਜ ਦੇ ਹਰੇਕ ਖੇਤਰ ਦੇ ਲੋਕਾਂ ਨੇ ਭ੍ਰਿਸ਼ਟਾਚਾਰ, ਪੁਲਿਸ ਅਤੇ ਸ਼ਹਿਰੀ ਪ੍ਰਸ਼ਾਸਨ ਦੇ ਸਿਆਸੀਕਰਨ ਵਿਰੁੱਧ ਇੱਕ-ਜੁੱਟ ਹੋ ਕੇ ਆਵਾਜ਼ ਉਠਾਈ, ਜੋ ਕਿ ਵੱਖ-ਵੱਖ ਅਪਰਾਧਾਂ ਦੇ ਪੀੜਤਾਂ ਨੂੰ ਅੱਜ ਇਨਸਾਫ਼ ਨਹੀਂ ਦਵਾ ਰਹੇ। ਕੈਨਥ ਨੇ ਕਿਹਾ ਕਿ ਇਹ ਕੈਂਡਲ ਮਾਰਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਮਾਮਲਿਆਂ ਵਿੱਚ ਸਿਆਸਤਦਾਨਾਂ ਦੇ ਭਾਰੀ ਸਿਆਸੀ ਦਖ਼ਲਅੰਦਾਜ਼ੀ ਦੇ ਵਿਰੁੱਧ ਸੀ।

ਸਿਆਸਤਦਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਲਗਭਗ ਹਰ ਗੰਭੀਰ ਕੇਸ ਵਿੱਚ ਛੇੜ-ਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਗੱਲ ਉੱਪਰ ਵੀ ਜ਼ੋਰ ਦਿੱਤਾ ਕਿ ਪੁਲਿਸ ਸਿਆਸਤਦਾਨਾਂ ਤੋਂ ਸੁਤੰਤਰ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਕਾਨੂੰਨ ਅਤੇ ਵਿਵਸਥਾ ਪ੍ਰਦਾਨ ਕਰਨ ਦੇ ਮੁੱਖ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ ਨਾ ਕੀ ਸਿਆਸਤਦਾਨਾਂ ਨੂੰ ਖ਼ੁਸ਼ ਕਰਨ 'ਤੇ।