ਵਕੀਲਾਂ ਨੇ ਪੁਲਿਸ ਦੇ ਖ਼ਿਲਾਫ਼ ਕੀਤੀ ਜ਼ਿੰਦਾਬਾਦ ਮੁਰਦਾਬਾਦ.!!!

Last Updated: Jan 06 2018 13:18

ਐਡਵੋਕੇਟ ਸਰਬਜੀਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਤੇ ਹੋਏ ਹਮਲੇ ਨੂੰ ਲੈ ਕੇ ਅੱਜ ਨਾਭਾ ਬਾਰ ਐਸੋਸੀਏਸ਼ਨ ਨੇ ਹੜਤਾਲ ਦਾ ਸੱਦਾ ਦਿੱਤਾ। ਹੜਤਾਲ ਦੇ ਚੱਲਦੇ ਵਕੀਲ ਸਾਹਿਬਾਨ ਕਚਹਿਰੀਆਂ ਵਿੱਚ ਤਾਂ ਜ਼ਰੂਰ ਪਹੁੰਚੇ, ਪਰ ਉਨ੍ਹਾਂ ਨੇ ਅੱਜ ਲਈ ਅਦਾਲਤੀ ਕੰਮ ਕਾਜ ਪੂਰੀ ਤਰ੍ਹਾਂ ਨਾਲ ਠੱਪ ਰੱਖਦਿਆਂ ਪੁਲਿਸ ਦੇ ਖ਼ਿਲਾਫ਼ ਆਪਣੀ ਚੰਗੀ ਭੜਾਸ ਕੱਢੀ। ਇਸਦੇ ਨਾਲ ਹੀ ਉਨ੍ਹਾਂ ਨੇ ਐੱਸ.ਐੱਸ.ਪੀ. ਪਟਿਆਲਾ ਡਾ. ਐੱਸ. ਭੂਪਤੀ ਨੂੰ ਨਿੱਜੀ ਤੌਰ ਤੇ ਇੱਕ ਮੰਗ ਪੱਤਰ ਦਿੰਦਿਆਂ ਮੁਲਜ਼ਮਾਂ ਦੇ ਖ਼ਿਲਾਫ਼ ਸਖਤ ਕਰਵਾਈ ਕਰਦਿਆਂ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੀ ਵੀ ਮੰਗ ਕੀਤੀ। 

ਬਾਰ ਐਸੋਸੀਏਸ਼ਨ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਦੱਸਿਆ ਕਿ 27 ਦਸੰਬਰ, 2017 ਨੂੰ ਬਾਰ ਦੇ ਮੈਂਬਰ ਵਕੀਲ ਸਰਬਜੀਤ ਸਿੰਘ ਕਕਰਾਲਾ ਦੇ ਘਰ ਵਿੱਚ ਦਾਖਲ ਹੋਏ ਕੁਝ ਬੰਦਿਆਂ ਨੇ ਉਸ ਸਮੇਂ ਘਰ ਵਿੱਚ ਮੌਜੂਦ ਉਨ੍ਹਾਂ ਦੇ ਘਰ ਦੇ ਮੈਂਬਰਾਂ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਸਾਮਾਨ ਦੀ ਵੀ ਤੋੜਭੰਨ ਕੀਤੀ ਸੀ। 

ਮੂੰਗੋ ਦਾ ਕਹਿਣਾ ਹੈ ਕਿ ਭਾਵੇਂ ਕਿ ਉਕਤ ਵਾਰਦਾਤ ਨੂੰ ਹੋਇਆਂ ਅੱਜ ਪੂਰੇ 11 ਦਿਨ ਲੰਘ ਗਏ ਹਨ, ਪਰ ਬਾਵਜੂਦ ਇਸਦੇ ਨਾਭਾ ਪੁਲਿਸ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੀ ਹੈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਤਾਂ ਬੜੇ ਦੂਰ ਦੀ ਗੱਲ ਪੁਲਿਸ ਨੇ ਉਨ੍ਹਾਂ ਨੂੰ ਸ਼ਾਮਲ ਤਫ਼ਤੀਸ਼ ਤੱਕ ਵੀ ਨਹੀਂ ਕੀਤਾ। 

ਉਕਤ ਮਾਮਲੇ ਵਿੱਚ ਐਡਵੋਕੇਟ ਸਰਬਜੀਤ ਸਿੰਘ ਨੇ ਪਿੰਡ ਕਕਰਾਲਾ ਦੇ ਹੀ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਜਗਤ ਸਿੰਘ, ਜਗਦੀਸ਼ ਸਿੰਘ ਪੁੱਤਰ ਸੁਖਦੇਵ ਸਿੰਘ, ਕਰਮਜੀਤ ਕੌਰ ਪਤਨੀ ਸੁਖਦੇਵ ਸਿੰਘ ਅਤੇ ਸਵਰਨਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਤੇ ਉਸ ਨਾਲ ਅਤੇ ਉਸਦੀ ਪਤਨੀ ਰਜਿੰਦਰ ਕੌਰ ਦੀ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ। 

ਇਲਜ਼ਾਮ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਜ਼ਰੂਰੀ ਨਹੀਂ ਸਮਝਿਆ। ਵਕੀਲਾਂ ਨੇ ਪੁਲਿਸ ਤੇ ਮੁਲਜ਼ਮਾਂ ਦਾ ਪੱਖ ਪੂਰਨ ਦਾ ਵੀ ਇਲਜ਼ਾਮ ਲਗਾਇਆ ਹੈ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਸਖ਼ਤ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ ਪੰਜਾਬ ਪੱਧਰ 'ਤੇ ਹੜਤਾਲ ਕਰ ਸਖ਼ਤ ਰੁੱਖ ਅਖ਼ਤਿਆਰ ਕੀਤਾ ਜਾਵੇਗਾ। ਇਸ ਮੌਕੇ ਐਡਵੋਕੇਟ ਸਤਿੰਦਰ ਸਿੰਘ ਰਾਏ, ਹਰਜਿੰਦਰ ਸਿੰਘ, ਸੰਜੀਵ ਅੱਤਰੀ, ਗੁਰਮੀਤ ਸਿੰਘ, ਜਗਦੀਪ ਸਿੰਘ ਅਤੇ ਹੋਰ ਹਾਜ਼ਰ ਸਨ।