ਸ਼ੈਲਰ 'ਚੋਂ ਝੋਨੇ ਦੀਆਂ ਬੋਰੀਆਂ ਚੋਰੀ ਕਰਨ ਆਏ ਚੋਰ ਮੋਟਰਸਾਈਕਲ ਛੱਡ ਕੇ ਹੋਏ ਫ਼ਰਾਰ.!!!

Last Updated: Jan 06 2018 11:17

ਕਸਬਾ ਜ਼ੀਰਾ ਦੇ ਕੋਟ ਈਸੇ ਖਾਂ ਰੋਡ ਤੇ ਸਥਿਤ ਗੋਲਡਨ ਰਾਈਸ ਮਿੱਲ ਵਿੱਚੋਂ ਬੀਤੀ ਰਾਤ ਝੋਨੇ ਦੀਆਂ ਬੋਰੀਆਂ ਚੋਰੀ ਕਰਨ ਆਏ ਚੋਰ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਵਧੇਰੇ ਜਾਣਕਾਰੀ ਦਿੰਦਿਆਂ ਸ਼ੈਲਰ ਦੇ ਮਾਲਕ ਸੁਖਦੇਵ ਬਿੱਟੂ ਵਿੱਜ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਸ਼ੈਲਰ ਵਿੱਚ ਪਲੰਥਾਂ ਤੇ ਪਈਆਂ ਝੋਨੇ ਦੀਆਂ ਬੋਰੀਆਂ ਚੋਰੀ ਹੋ ਰਹੀਆਂ ਸਨ, ਜਿਸ ਨੂੰ ਲੈ ਕੇ ਉਹ ਕਾਫ਼ੀ ਪ੍ਰੇਸ਼ਾਨ ਸਨ। ਬੀਤੀ ਰਾਤ ਕਰੀਬ 8 ਵਜੇ ਉਨ੍ਹਾਂ ਨੂੰ ਪਲੰਥਾਂ ਕੋਲ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਜਦੋਂ ਉਨ੍ਹਾਂ ਪਲੰਥਾਂ ਦੇ ਨਜ਼ਦੀਕ ਜਾ ਕੇ ਵੇਖਿਆ ਤਾਂ ਚੋਰ ਧੁੰਦ ਦਾ ਫ਼ਾਇਦਾ ਚੁੱਕਦੇ ਹੋਏ ਸ਼ੈਲਰ ਦੀ ਕੰਧ ਟੱਪ ਕੇ ਨਾਲ ਲੱਗਦੇ ਖੇਤਾਂ ਰਾਹੀਂ ਝੋਨੇ ਦੀਆਂ ਬੋਰੀਆਂ ਚੁੱਕ ਕੇ ਲਿਜਾ ਰਹੇ ਸਨ।

ਸ਼ੈਲਰ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੌਲਾ ਪਾਏ ਜਾਣ ਤੇ ਚੋਰ ਆਪਣਾ ਡਿਸਕਵਰ ਮੋਟਰਸਾਈਕਲ ਜਿਸ ਤੇ ਉਹ ਬੋਰੀਆਂ ਲੱਦ ਕੇ ਲੈ ਲਿਆਉਂਦੇ ਸਨ ਉਹ ਉੱਥੇ ਹੀ ਛੱਡ ਕੇ ਫ਼ਰਾਰ ਹੋ ਗਏ। ਸ਼ੈਲਰ ਮਾਲਕ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਵਿੱਚ ਉਨ੍ਹਾਂ ਦੇ ਸ਼ੈਲਰ ਵਿੱਚੋਂ 27 ਦੇ ਕਰੀਬ ਝੋਨੇ ਦੀਆਂ ਬੋਰੀਆਂ ਚੋਰੀ ਹੋਈਆਂ ਹਨ। ਸ਼ੈਲਰ ਮਾਲਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਘਟਨਾ ਸਬੰਧੀ ਥਾਣਾ ਸਿਟੀ ਜ਼ੀਰਾ ਨੂੰ ਇਤਲਾਹ ਕਰ ਦਿੱਤੀ ਗਈ ਹੈ। ਜ਼ੀਰਾ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।