ਕੈਪਟਨ ਦੀ ਸਰਕਾਰ 'ਚ ਫ਼ੌਜੀ ਪਰਿਵਾਰਾਂ ਦਾ ਹੋਇਆ ਬੁਰਾ ਹਾਲ

Last Updated: Jan 05 2018 19:19

ਸੂਬਾ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਤੋਂ ਪਹਿਲਾਂ ਮੁਹਿੰਮ ਚਲਾ ਸਾਬਕਾ ਫ਼ੌਜੀਆਂ ਨਾਲ ਰਾਬਤਾ ਕਾਇਮ ਕਰ ਉਨ੍ਹਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਸੂਬੇ 'ਚ ਕੈਪਟਨ ਦੀ ਸਰਕਾਰ ਆਉਂਦੇ ਹੀ ਹਾਕਮ ਧਿਰ ਆਪਣੇ ਵਾਅਦਿਆਂ ਨੂੰ ਭੁੱਲ ਗਈ ਦਿਸਦੀ ਹੈ। ਜਿਸ ਦੀ ਤਾਜ਼ਾ ਮਿਸਾਲ ਜ਼ਿਲ੍ਹਾ ਪਠਾਨਕੋਟ ਦੇ ਅੱਧ ਪਹਾੜੀ ਖੇਤਰ ਧਾਰ ਬਲਾਕ ਦੇ ਪਿੰਡ ਲਹਰੁਨ ਵਿਖੇ ਵੇਖਣ ਨੂੰ ਮਿਲੀ ਜਿੱਥੇ 20 ਦੇ ਕਰੀਬ ਅਜਿਹੇ ਫ਼ੌਜੀਆਂ ਦੇ ਪਰਿਵਾਰ ਰਹਿੰਦੇ ਜਿਨ੍ਹਾਂ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਰਸੂਖ ਦਾਰਾ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਫ਼ੌਜੀਆਂ ਦੇ ਘਰ ਰਹਿਣ ਵਾਲੀਆਂ ਔਰਤਾਂ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਹੈ। ਇਸ ਬਾਰੇ ਜਦ ਵੀ ਇਨ੍ਹਾਂ ਪਰਿਵਾਰਾਂ ਵੱਲੋਂ ਪੁਲਿਸ 'ਚ ਸ਼ਿਕਾਇਤ ਦਿੱਤੀ ਗਈ ਨਤੀਜਾ ਸਿਫ਼ਰ ਹੀ ਨਿਕਲਿਆ। ਅੱਜ ਵੀ ਇਨ੍ਹਾਂ ਰਸੁਖਦਾਰਾਂ ਵੱਲੋਂ ਫ਼ੌਜੀ ਪਰਿਵਾਰ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਰਸਤੇ ਨੂੰ ਡੱਕਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਨ੍ਹਾਂ ਪਰਿਵਾਰਾਂ ਦੇ ਮੁਖੀਆਂ ਵੱਲੋਂ ਆਪਣੀ ਫ਼ੌਜ ਦੀ ਯੂਨਿਟ ਰਾਹੀਂ ਵੀ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਕਾਰਵਾਈ ਦੇ ਨਾਂਅ 'ਤੇ ਖਾਨਾਪੂਰਤੀ ਕਰ ਦਿੱਤੀ ਜਾਂਦੀ ਹੈ ਅਤੇ ਅੱਜ ਵੀ ਆਰੋਪੀ ਵੱਲੋਂ ਸਿਆਸੀ ਪਰਛਾਵੇਂ ਹੇਠ ਬਿਨਾਂ ਕਿਸੇ ਦੀ ਪਰਵਾ ਕਰਦੇ ਹੋਏ ਆਪਣੀਆਂ ਨਜਾਇਜ਼ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਛੁੱਟੀ 'ਤੇ ਘਰ ਆਏ ਫ਼ੌਜੀ ਨੇ ਦੱਸਿਆ ਕਿ ਉਹ ਪਿਛਲੇ 70 ਸਾਲਾਂ ਤੋਂ ਇੱਥੇ ਦੇ ਵਸਨੀਕ ਹਨ ਅਤੇ ਉਹ ਫ਼ੌਜ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਰ ਸਰਹੱਦ ਦੀ ਰਾਖੀ ਕਰਨ ਦੇ ਬਾਵਜੂਦ ਸਾਡੇ ਪਰਿਵਾਰਾਂ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਜੇਕਰ ਪਰਿਵਾਰ ਵੱਲੋਂ ਸਰਕਾਰੀ ਦਾਇਰੇ 'ਚ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਸਰਕਾਰੀ ਦਾਇਰੇ 'ਚ ਵੀ ਸੁਣਨ ਵਾਲਾ ਕੋਈ ਨਹੀਂ। ਉਨ੍ਹਾਂ ਹਲਕੇ ਦੇ ਸਿਆਸੀ ਆਗੂ ਅਮਿਤ ਮੰਟੂ ਜੋ ਕਿ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਤੋਂ ਚੋਣ ਲੜੇ ਸਨ ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਉਨ੍ਹਾਂ ਵੱਲੋਂ ਆਪਣੇ ਸਿਆਸੀ ਰਸੂਖ ਦਾ ਫ਼ਾਇਦਾ ਚੁੱਕਦੇ ਹੋਏ ਆਰੋਪੀ ਨੂੰ ਆਪਣੇ ਪਰਛਾਵੇਂ ਹੇਠ ਲਿਆ ਹੋਇਆ ਹੈ। ਜਿਸ ਦੇ ਚਲਦੇ ਕੋਈ ਵੀ ਕਾਰਵਾਈ ਉਕਤ ਸ਼ਖਸ 'ਤੇ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਮੇਰੀ ਯੂਨਿਟ ਵੱਲੋਂ ਵੀ ਆਰੋਪੀ ਖ਼ਿਲਾਫ਼ ਜ਼ਿਲ੍ਹੇ ਦੇ ਡੀ.ਸੀ ਅਤੇ ਐਸ.ਐਸ.ਪੀ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪਰ ਕਾਰਵਾਈ ਦੇ ਨਾਂਅ 'ਤੇ ਸਿਰਫ਼ ਖਾਨਾਪੂਰਤੀ ਕੀਤੀ ਜਾਂਦੀ ਹੈ।

ਇਸ ਬਾਰੇ ਗੱਲ ਕਰਦੇ ਹੋਏ ਪੀੜਿਤ ਔਰਤਾਂ ਨੇ ਕਿਹਾ ਕਿ ਸਾਡੇ ਪਤੀ ਫ਼ੌਜ 'ਚ ਸੇਵਾਵਾਂ ਦਿੰਦੇ ਹੋਏ ਸਰਹੱਦਾਂ ਦੀ ਰਾਖੀ ਕਰ ਰਹੇ ਹਨ ਪਰ ਉਨ੍ਹਾਂ ਦੇ ਪਰਿਵਾਰ ਦੀ ਔਰਤਾਂ ਦੀ ਸੁਣਨ ਵਾਲਾ ਕੋਈ ਨਹੀਂ। ਉਨ੍ਹਾਂ ਕਿਹਾ ਸਾਡੇ ਪਿੰਡ ਵਿਖੇ ਦੇਵਰਾਜ ਨਾਂਅ ਦਾ ਇੱਕ ਸ਼ਖਸ ਹੈ ਜੋ ਕਿ ਸਾਡੇ ਪਰਿਵਾਰ ਦੀਆਂ ਔਰਤਾਂ ਨੂੰ ਮਾੜੀ ਨਜ਼ਰ ਨਾਲ ਵੇਖਦਾ ਹੈ। ਆਉਂਦੇ ਜਾਂਦੇ ਮਾੜੇ ਬੋਲ ਬੋਲਦਾ ਹੈ, ਸਾਡੀਆਂ ਜ਼ਮੀਨਾਂ 'ਤੇ ਨਜਾਇਜ਼ ਕਬਜ਼ੇ ਕਰ ਰਿਹਾ ਹੈ। ਜੇਕਰ ਕਿਸੇ ਔਰਤ ਨੇ ਘਰ ਦੇ ਕੰਮ ਤੋਂ ਬਾਹਰ ਜਾਣਾ ਹੁੰਦਾ ਹੈ ਤਾਂ ਇਸ ਸ਼ਖਸ ਵੱਲੋਂ ਔਰਤਾਂ ਦਾ ਰਾਹ ਡੱਕਿਆ ਜਾਂਦਾ ਹੈ। ਦੂਜੇ ਪਾਸੇ ਜਦ ਇਸ ਦੇ ਖ਼ਿਲਾਫ਼ ਸਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਸਿਆਸੀ ਪਰਛਾਵੇਂ ਹੇਠ ਬੈਠੇ ਇਸ ਸ਼ਖਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਇਨ੍ਹਾਂ ਔਰਤਾਂ 'ਤੇ ਸਰਕਾਰ ਵੱਲੋਂ ਸਿੱਧਾ ਨਿਸ਼ਾਨਾ ਕੱਸਦੇ ਹੋਏ ਮੁੱਖ ਮੰਤਰੀ ਤੋਂ ਜਵਾਬ ਮੰਗਿਆ ਕਿ ਜੇਕਰ ਇੱਕ ਫ਼ੌਜੀ ਆਪਣੇ ਪਰਿਵਾਰ ਦੀ ਰੱਖਿਆ ਘਰ ਬੈਠ ਜਾਵੇਗਾ ਤਾਂ ਸਰਹੱਦਾਂ ਦੀ ਰਾਖੀ ਕੌਣ ਕਰੇਗਾ।

ਨਿਊਜ਼ ਨੰਬਰ ਟੀਮ ਦੀ ਕੋਸ਼ਿਸ਼ ਰਹੇਗੀ ਕਿ ਇਨ੍ਹਾਂ ਪਰਿਵਾਰਾਂ ਦੀ ਸੂਬੇ ਦੀ ਕੈਪਟਨ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾ ਸਕੇ ਤਾਂ ਜੋ ਇਨ੍ਹਾਂ ਫ਼ੌਜੀਆਂ ਦੇ ਪਰਿਵਾਰਾਂ ਨੂੰ ਇਨ੍ਹਾਂ ਦਾ ਬਣਦਾ ਹੱਕ ਅਤੇ ਇਨਸਾਫ਼ ਦਵਾਇਆ ਜਾ ਸਕੇ।