ਆਖ਼ਰ ਕਦੋਂ ਮੁੱਕੇਗਾ ਗਊ ਰੱਖਿਅਕਾਂ ਦਾ ਆਤੰਕ (ਭਾਗ-ਤੀਜਾ)

Kulwant Singh
Last Updated: Jan 06 2018 19:12

ਦੋਸਤੋ, ਪਿਛਲੇ ਅੰਕਾਂ 'ਚ ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿੰਝ ਸਾਡੇ ਦੇਸ਼ ਵਿੱਚ ਕੁੱਝ ਅਖੌਤੀ ਗਊ ਰੱਖਿਅਕ ਲੋਕ ਗਊਆਂ ਦੀ ਰੱਖਿਆ ਦੇ ਨਾਂ 'ਤੇ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਹਨ, ਲੋਕਾਂ ਨੂੰ ਕੁੱਟ-ਕੁੱਟ ਮਾਰ ਰਹੇ ਹਨ, ਜਦਕਿ ਗਊਆਂ ਅੱਜ ਵੀ ਸੜਕਾਂ 'ਤੇ ਭੁੱਖੇ ਭਾਣੇ ਲੋਕਾਂ ਦੀਆਂ ਡਾਂਗਾਂ ਖਾਂਦੀਆਂ ਫਿਰ ਰਹੀਆਂ ਹਨ। ਮਾਹਿਰਾਂ ਦੇ ਹਵਾਲੇ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪਿਛਲੇ ਸਮੇਂ ਦੌਰਾਨ ਪੱਛਮੀ ਬੰਗਾਲ ਵਿੱਚ ਫ਼ਿਰਕੂ ਟਕਰਾਅ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਹਰ ਵਾਰ ਭਗਵਾ ਬ੍ਰਿਗੇਡ ਦੇ ਕਾਰਕੁੰਨ ਹੀ ਭੜਕਾਹਟ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਨਜ਼ਰ ਆਉਂਦੇ ਹਨ।

ਮਾਹਿਰਾਂ ਦੇ ਹਵਾਲੇ ਨਾਲ ਤੁਸੀਂ ਇਹ ਵੀ ਪੜ੍ਹਿਆ ਕਿ ਲੰਘੇ ਸਮੇਂ ਦੌਰਾਨ ਕਥਿਤ ਜਨ-ਸੰਘੀਆਂ ਨੇ ਫ਼ਿਰਕੂ ਟਕਰਾਵਾਂ ਨੂੰ ਜਨਮ ਦੇਣ ਅਤੇ ਬੰਗਾਲ ਨੂੰ ਵੰਡਣ ਦੀਆਂ ਕਿਵੇਂ ਕਈ ਕੋਸ਼ਿਸ਼ਾਂ ਕੀਤੀਆਂ ਹਨ। ਪਹਿਲਾਂ ਉਨ੍ਹਾਂ ਨੇ ਬੰਗਾਲ ਵਿੱਚ ਰਹਿਣ ਵਾਲੇ ਗ਼ੈਰ-ਬੰਗਾਲੀਆਂ ਨੂੰ ਬੰਗਾਲੀਆਂ ਦੇ ਖ਼ਿਲਾਫ਼ ਖੜ੍ਹੇ ਕਰਨ ਦਾ ਯਤਨ ਕੀਤਾ, ਪਰ ਇਸ ਵਿੱਚ ਅਸਫ਼ਲ ਰਹਿਣ ਤੋਂ ਬਾਅਦ ਹੁਣ ਉਹ ਬੰਗਾਲੀ ਸਮਾਜ ਨੂੰ ਜਾਤ ਦੀਆਂ ਲੀਹਾਂ 'ਤੇ ਵੰਡਣ ਦੇ ਰਾਹ ਤੁਰੇ ਹੋਏ ਹਨ। ਹੁਣ ਅੱਗੇ।

ਮਾਹਿਰ ਦੋਸ਼ ਲਾਉਂਦੇ ਹਨ ਕਿ ਨਾ ਕੇਵਲ ਆਰ.ਐਸ.ਐਸ. ਦੀ ਲੀਡਰਸ਼ਿਪ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ, ਗਊ-ਰੱਖਿਅਕਾਂ ਦੀ ਪਹਿਚਾਣ ਤੋਂ ਪੂਰੀ ਤਰ੍ਹਾਂ ਨਾਲ ਵਾਕਿਫ਼ ਹਨ, ਪਰ ਉਨ੍ਹਾਂ ਨੂੰ ਜਨਤਾ ਦੇ ਗੁੱਸੇ ਤੋਂ ਬਚਾਉਣ ਅਤੇ ਸੰਘ ਦਾ ਨਾਂ ਬਦਨਾਮ ਹੋਣ ਤੋਂ ਬਚਾਉਣ ਲਈ ਉਹ ਅਪਰਾਧੀਆਂ ਅਤੇ ਸਮਾਜ-ਵਿਰੋਧੀ ਤੱਤਾਂ 'ਤੇ ਦੋਸ਼ ਮੜ੍ਹ ਰਹੇ ਹਨ। ਭਾਜਪਾ ਵਿਰੋਧੀ ਅਕਸਰ ਹੀ ਸ਼ਬਦੀ ਤੀਰ (ਇਲਜ਼ਾਮ ਲਾਉਂਦੇ ਹਨ) ਛੱਡਦੇ ਰਹਿੰਦੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਅਸਲ ਵਿੱਚ ਹਿੰਦੂਤਵੀ ਬ੍ਰਿਗੇਡ ਦੇ ਕਾਡਰਾਂ ਨੂੰ ਸਜ਼ਾ ਦੇਣਾ ਹੀ ਨਹੀਂ ਚਾਹੁੰਦੇ ਤੇ ਇਸੇ ਕਰਕੇ ਉਹ ਅਮਨ-ਕਾਨੂੰਨ ਰਾਜਾਂ ਦੀ ਜ਼ਿੰਮੇਵਾਰੀ ਕਰਾਰ ਦੇ ਕੇ ਗੇਂਦ ਰਾਜ ਸਰਕਾਰਾਂ ਦੇ ਪਾਲੇ ਵਿੱਚ ਸੁੱਟ ਕੇ ਖ਼ੁਦ ਠੋਡੀ ਥੱਲੇ ਹੱਥ ਰੱਖ ਦੂਜੇ ਪਾਸੇ ਝਾਕਣ ਲੱਗ ਪੈਂਦੇ ਹਨ, ਜਿਵੇਂ ਉਨ੍ਹਾਂ ਨੂੰ ਕੁੱਝ ਵੀ ਵਿਖਾਈ ਤੇ ਸੁਣਾਈ ਨਾ ਦਿੰਦਾ ਹੋਵੇ।

ਵਿਰੋਧੀ ਧਿਰਾਂ ਦਾ ਮੰਨਣਾ ਹੈ ਕਿ ਸ਼ਾਇਦ ਦੇਸ਼ ਦੇ ਪ੍ਰਧਾਨ ਮੰਤਰੀ ਦੀ ਸੋਚ ਵਿੱਚ ਭਾਰਤ ਦੇ ਲੋਕ ਇੰਨੇ ਸਿੱਧੜ ਹਨ ਕਿ ਉਹ ਉਨ੍ਹਾਂ ਦੇ ਇਨ੍ਹਾਂ ਪੈਂਤੜਿਆਂ ਤੋਂ ਅੱਗੇ ਹੋ ਕੇ ਸੋਚ ਹੀ ਨਹੀਂ ਸਕਦੇ। ਦੋਸਤੋ, ਉਹ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਹਨ ਕਿ ਦੇਸ਼ ਦੇ 18-19 ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਹੈ, ਜ਼ਾਹਿਰ ਹੈ ਕਿ ਉੱਥੋਂ ਦੀ ਪੁਲਿਸ ਤਾਂ ਭਗਵਾ ਕਾਰਕੁੰਨਾਂ ਨੂੰ ਹੱਥ ਨਹੀਂ ਪਾਵੇਗੀ। ਉਨ੍ਹਾਂ ਵੱਲੋਂ ਅਜਿਹੀਆਂ ਘਟਨਾਵਾਂ ਦਾ ਦੋਸ਼ ਅਪਰਾਧੀ ਅਨਸਰਾਂ ਦੇ ਸਿਰ ਮੜ੍ਹਨਾ ਮੱਧ ਵਰਗ ਦੀਆਂ ਭਾਵਨਾਵਾਂ ਨੂੰ ਸੂਤ ਬੈਠਦਾ ਹੈ। ਜਾਣਕਾਰਾਂ ਅਨੁਸਾਰ ਪ੍ਰਧਾਨ ਮੰਤਰੀ ਅਕਸਰ ਹੀ ਸਿਆਸੀ ਸਟੇਜ਼ਾਂ ਤੋਂ ਬਿਆਨ ਦਾਗਦੇ ਰਹਿੰਦੇ ਹਨ ਕਿ, ਕੁੱਝ ਗੈਰ ਸਮਾਜੀ ਅਨਸਰ ਗਊ ਰੱਖਿਅਕਾਂ ਦੇ ਭੇਸ ਵਿੱਚ ਫ਼ਿਰਕੂ ਭੜਕਾਹਟ ਪੈਦਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਫ਼ਿਰਕੇ ਨਾਲ ਸੰਬੰਧਿਤ ਲੋਕਾਂ ਦੀ ਕੁੱਟਮਾਰ ਨੂੰ ਸਮਾਜ ਵਿੱਚ ਅਰਾਜਕਤਾ ਫੈਲਾਉਣ ਦਾ ਕੁੱਝ ਲੋਕਾਂ ਨੇ ਇੱਕ ਵਧੀਆ ਸਾਧਨ ਬਣਾ ਰੱਖਿਆ ਹੈ। ਇਸ ਨਾਲ ਅੰਤਰ ਰਾਸ਼ਟਰੀ ਪੱਧਰ 'ਤੇ ਦੇਸ਼ ਦੀ ਸਾਖ 'ਤੇ ਵੀ ਅਸਰ ਪੈ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਗਊ ਰੱਖਿਆ ਦੇ ਨਾਂ 'ਤੇ ਹੋ ਰਹੀ ਇਸ ਗੁੰਡਾਗਰਦੀ ਦੀ ਸਖ਼ਤੀ ਨਾਲ ਨਿੰਦਾ ਕਰਨੀ ਚਾਹੀਦੀ ਹੈ।

ਹੁਣ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਵੇਖਣ ਨੂੰ ਤਾਂ ਪ੍ਰਧਾਨ ਮੰਤਰੀ ਦਾ ਇਹ ਕਥਨ ਅਜਿਹੇ ਅਪਰਾਧੀਆਂ ਖ਼ਿਲਾਫ਼ ਕਾਰਵਾਈ ਵਿੱਚ ਆਮ ਲੋਕਾਂ ਨੂੰ ਸ਼ਾਮਿਲ ਕਰਨ ਦਾ ਯਤਨ ਜਾਪਦਾ ਹੈ, ਪਰ ਅਸਿੱਧੇ ਰੂਪ ਵਿੱਚ ਇਸ ਨੂੰ ਅਜਿਹੇ ਅਨਸਰਾਂ ਨੂੰ ਸੁਰੱਖਿਆ ਕਵਚ ਯਾਨੀ ਕਿ ਕਵਰ ਫਾਇਰ ਕਰਨ ਦਾ ਇੱਕ ਬੇਹੱਦ ਚੁਸਤ ਤੇ ਦਰੁਸਤ ਪੈਂਤਰਾ ਹੈ। ਦੋਸਤੋ, ਵੈਸੇ ਤਾਂ ਗਊ ਰੱਖਿਅਕਾਂ ਦੇ ਆਤੰਕ ਤੋਂ ਦੇਸ਼ ਦਾ ਕੋਈ ਵੀ ਸੂਬਾ ਬਚਿਆ ਹੋਇਆ ਨਹੀਂ ਰਿਹਾ ਪਰ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਝਾਰਖੰਡ, ਹਰਿਆਣਾ ਅਤੇ ਰਾਜਸਥਾਨ ਹਨ। ਬੇਹੱਦ ਸ਼ਰਮ ਵਾਲੀ ਗੱਲ ਹੀ ਹੈ ਕਿ ਝਾਰਖੰਡ ਪੁਲਿਸ ਅਜਿਹੇ ਮਾਮਲਿਆਂ ਵਿੱਚ ਕਈ ਵਾਰ ਮੁਕੱਦਮੇ ਤੱਕ ਵੀ ਦਰਜ ਕਰਨ ਤੋਂ ਟਾਲਾ ਵੱਟ ਜਾਂਦੀ ਹੈ ਅਤੇ ਜੇਕਰ ਭੁੱਲ ਭੁਲੇਖੇ ਕੋਈ ਮਾਮਲਾ ਦਰਜ ਕਰਦੀ ਵੀ ਹੈ ਤਾਂ ਸਭ ਕੁੱਝ ਫਾਈਲਾਂ ਵਿੱਚ ਦੱਬ ਕੇ ਹੀ ਰਹਿ ਜਾਂਦਾ ਹੈ। ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਸਾਲ 2017 ਦੇ ਦੌਰਾਨ ਦੋ ਦਰਜਨ ਦੇ ਕਰੀਬ ਇੱਕ ਫ਼ਿਰਕੇ ਦੇ ਲੋਕ ਗਊ ਰੱਖਿਅਕਾਂ ਦੀ ਗਊ ਭਗਤੀ ਦਾ ਸ਼ਿਕਾਰ ਬਣ ਕੇ ਦੋ ਗਜ਼ ਜ਼ਮੀਨ ਦੇ ਥੱਲੇ ਪਹੁੰਚ ਚੁੱਕੇ ਹਨ।

ਦੂਜੇ ਪਾਸੇ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਆਗੂ ਕਨ੍ਹਈਆ ਕੁਮਾਰ ਨੇ ਵੀ ਕੁੱਝ ਸਮਾਂ ਪਹਿਲਾਂ ਰਾਂਚੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹਿੰਦੂ ਧਰਮ ਨੂੰ ਸੰਘ ਪਰਿਵਾਰ ਦੀਆਂ ਤਾਕਤਾਂ ਤੋਂ ਬਚਾਉਣ ਦਾ ਸੱਦਾ ਦਿੱਤਾ ਸੀ। ਕਨ੍ਹਈਆ ਕੁਮਾਰ ਦਾ ਦੋਸ਼ ਸੀ ਕਿ ਸੰਘ ਪਰਿਵਾਰ ਵਾਲੇ ਦੇਸ਼ ਨੂੰ ਦਰਪੇਸ਼ ਮੁੱਖ ਮਸਲਿਆਂ ਵੱਲੋਂ ਧਿਆਨ ਹਟਾਉਣ ਲਈ ਫ਼ਿਰਕੂ ਮੁੱਦੇ ਉਭਾਰ ਰਹੇ ਹਨ। ਹਿੰਦੂ ਕੱਟੜਪੰਥੀਆਂ ਵੱਲੋਂ ਮੁਸਲਮਾਨਾਂ 'ਤੇ ਹਮਲਾ ਕਰਨ ਜਾਂ ਗਊ ਦੇ ਨਾਂ 'ਤੇ ਮਨੁੱਖਾਂ ਨੂੰ ਕਤਲ ਕਰਨ ਦੀ ਗੱਲ ਕੋਈ ਨਹੀਂ ਕਰਦਾ। ਉਸ ਦਾ ਦੋਸ਼ ਹੈ ਕਿ ਸੰਘ ਪਰਿਵਾਰ ਦੀਆਂ ਤਾਕਤਾਂ ਨੇ ਹਿੰਦੂ ਧਰਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ ਤੇ ਮਾਹਿਰਾਂ ਅਨੁਸਾਰ ਇਸ ਵਿੱਚ ਕੋਈ ਅਤਿਕਥਨੀ ਵੀ ਨਹੀਂ ਹੈ।

ਦੋਸਤੋ, ਬਿਨਾ ਸ਼ੱਕ ਅਸੀਂ ਖ਼ੁਦ ਵੀ ਗਊਆਂ 'ਤੇ ਹੁੰਦੇ ਅੱਤਿਆਚਾਰਾਂ ਦੇ ਬੇਹੱਦ ਬਰਖ਼ਿਲਾਫ਼ ਹਾਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਗਊ ਰੱਖਿਆ ਦੇ ਨਾਂ 'ਤੇ ਹੁੰਦੀ ਗੈਰ ਕਨੂੰਨੀ ਕਾਰਵਾਈਆਂ ਦੀ ਮੁਖ਼ਾਲਫ਼ਤ ਵੀ ਨਾ ਕਰੀਏ। ਕੇਵਲ ਆਮ ਲੋਕਾਂ ਨੂੰ ਹੀ ਨਹੀਂ ਬਲਕਿ ਦੇਸ਼ ਦੇ ਬਾਕੀ ਸਿਆਸਤਦਾਨਾਂ ਨੂੰ ਵੀ ਧਰਮ ਅਤੇ ਮਜ਼ਹਬ ਤੋਂ ਉੱਤੇ ਉੱਠ ਕੇ ਗਊ ਰੱਖਿਆ ਦੇ ਨਾਂ 'ਤੇ ਆਪਣੀਆਂ ਦੁਕਾਨਦਾਰੀਆਂ ਅਤੇ ਘਰਾਂ ਦੇ ਚੁੱਲ੍ਹੇ ਚਲਾ ਰਹੇ ਲੋਕਾਂ ਦੀ ਮੁਖ਼ਾਲਫ਼ਤ ਕਰਨੀ ਚਾਹੀਦੀ ਹੈ। ਦੇਸ਼ ਵਿੱਚ ਗਊ ਰੱਖਿਅਕਾਂ ਦੀਆਂ ਲਗਾਤਾਰ ਵਧ ਰਹੀਆਂ ਗਤੀਵਿਧੀਆਂ ਨੂੰ ਵੇਖ ਕੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗਊ ਰੱਖਿਅਕ ਸਰਕਾਰ ਦੇ ਡੰਡੇ ਤੋਂ ਪੂਰੀ ਤਰ੍ਹਾਂ ਨਾਲ ਬੇਖ਼ੌਫ਼ ਤੇ ਬੇਪਰਵਾਹ ਹਨ ਅਤੇ ਅੱਜ ਹਰ ਪਾਸੇ ਇੱਕੋ ਸਵਾਲ ਹੈ ਕਿ "ਆਖ਼ਰ ਕਦੋਂ ਮੁੱਕੇਗਾ ਗਾਊ ਰੱਖਿਅਕਾਂ ਦਾ ਆਤੰਕ" ? (ਸਮਾਪਤ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿੱਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।