ਆਖ਼ਰ ਕਦੋਂ ਮੁੱਕੇਗਾ ਗਊ ਰੱਖਿਅਕਾਂ ਦਾ ਆਤੰਕ? (ਭਾਗ-ਦੂਜਾ)

Kulwant Singh
Last Updated: Jan 05 2018 14:59

ਪਿਛਲੇ ਅੰਕ 'ਚ ਤੁਸੀਂ ਪੜ੍ਹਿਆ ਕਿ ਗਊ ਰੱਖਿਆ ਦੀ ਆੜ ਵਿੱਚ ਆਪਣੀਆਂ ਕਥਿਤ ਦੁਕਾਨਦਾਰੀਆਂ ਚਲਾਉਣ ਵਾਲੇ ਅਖ਼ੌਤੀ ਗਊ ਰੱਖ਼ਿਅਕਾਂ ਦਾ ਆਤੰਕ ਪੂਰੇ ਦੇਸ਼ ਵਿੱਚ ਫ਼ੈਲਦਾ ਜਾ ਰਿਹਾ ਹੈ। ਇਹ ਗਊ ਰੱਖ਼ਿਅਕ ਇਸ ਸਮੇਂ ਦੇਸ਼ ਦੀ ਸ਼ਾਂਤੀ ਪਸੰਦ ਅਵਾਮ ਲਈ ਤਾਂ ਖ਼ਤਰਾ ਬਣ ਹੀ ਰਹੇ ਹਨ ਸਗੋਂ ਇਹ ਸਮੇਂ ਦੀਆਂ ਸਰਕਾਰਾਂ ਲਈ ਵੀ ਵੱਡੀ ਚੁਣੋਤੀ ਬਣਦੇ ਜਾ ਰਹੇ ਹਨ। ਅਸੀਂ ਤੁਹਾਨੂੰ ਸਾਲ 2016 ਅਤੇ 2017 ਦੇ ਦੌਰਾਨ ਦੇਸ਼ ਵਿੱਚ ਵਾਪਰੀਆਂ ਕੁੱਝ ਘਟਨਾਵਾਂ ਤੋਂ ਵੀ ਜਾਣੂ ਕਰਵਾਇਆ ਜਦੋਂ ਗਊ ਰੱਖ਼ਿਅਕਾਂ ਨੇ ਗਊ ਰੱਖ਼ਿਆ ਦੀ ਆੜ ਵਿੱਚ ਦੇਸ਼ ਵਿੱਚ ਇੱਕ ਫ਼ਿਰਕੇ ਵਿਸ਼ੇਸ਼ ਦੇ ਦਿਲਾਂ ਵਿੱਚ ਆਪਣੀ ਦਹਿਸ਼ਤ ਫ਼ੈਲਾਕੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਮਨਸ਼ੇ ਨਾਲ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਸਮੇਂ ਦੇ ਦੌਰਾਨ ਮੋਦੀ ਸਰਕਾਰ ਨੇ ਵੀ ਇਨ੍ਹਾਂ ਲੋਕਾਂ ਨੂੰ ਪੋਲੀਆਂ-ਪੋਲੀਆਂ ਝਿੜਕਾਂ ਦੇਕੇ ਲੋਕਾਂ ਦੇ ਜਖਮਾਂ 'ਤੇ ਮੱਲਹਮ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਕਹਿੰਦੇ ਹਨ ਕਿ ਸਿਆਣਿਆਂ ਦੀਆਂ ਗਾਹਲਾਂ, ਘਿਓ ਦੀਆਂ ਨਾਲਾਂ, ਠੀਕ ਇਸੇ ਕਵਾਹਤ ਦੇ ਵਾਂਗ ਇਹਨਾਂ ਗਊ ਰੱਖ਼ਿਅਕਾਂ ਦੇ ਹੌਂਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਰਹੇ- ਹੁਣ ਅੱਗੇ।

ਦੋਸਤੋ, ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਜਿਹਨਾਂ ਲੋਕਾਂ ਨੂੰ ਅਖੌਤੀ ਗਊ ਰੱਖ਼ਿਅਕਾਂ ਨੇ ਸੜਕਾਂ, ਗਲੀਆਂ, ਬਜਾਰਾਂ ਅਤੇ ਚੌਂਕਾਂ ਵਿੱਚ ਭਜਾ-ਭਜਾ ਕੇ ਕੁੱਟਿਆ ਅਤੇ ਉਨ੍ਹਾਂ ਨੂੰ ਜਾਨੋ ਮਾਰਿਆ ਸੀ। ਉਹ ਸਾਰੇ ਲੋਕ ਗਊ ਤਸਕਰ ਸਨ ਜਾਂ ਗਊਆਂ ਚੋਰੀ ਕਰਕੇ ਲਿਜਾ ਰਹੇ ਸਨ ਤਾਂ ਵੀ ਇਸ ਨਾਲ ਗਊ ਰੱਖ਼ਿਅਕਾਂ ਨੂੰ ਇਹ ਅਧਿਕਾਰ ਤਾਂ ਨਹੀਂ ਮਿਲ ਜਾਂਦਾ ਕਿ ਉਹ ਆਪਣੀਆਂ ਮਨਮਾਨੀਆਂ ਕਰਨ, ਖੁਦ ਜੱਜ ਬਣ ਬੈਠਣ, ਲੋਕਾਂ ਨੂੰ ਸਜਾਵਾਂ ਦੇਣ, ਧਰਮ ਦੇ ਨਾਂ 'ਤੇ ਗੁੰਡਾਗਰਦੀ ਕਰਨ ਤੇ ਦੇਸ਼ ਦੇ ਕਨੂੰਨ ਨੂੰ ਛਿੱਕੇ ਟੰਗ ਦੇਣ। ਇਹ ਕਿੱਥੋਂ ਦਾ ਇਨਸਾਫ਼ ਹੈ ਕਿ ਗਊ ਰੱਖ਼ਿਅਕ ਅਤੇ ਹਿੰਦੂ ਧਰਮ ਦੇ ਠੇਕੇਦਾਰ ਬਣੇ ਬੈਠੇ ਇਹ ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਕੇ ਗਊ ਤਸਕਰਾਂ ਨੂੰ ਕੁੱਟ-ਕੁੱਟ ਕੇ ਹੀ ਮਾਰ ਦੇਣ। ਅਸਾਮ ਵਿੱਚ ਗਾਵਾਂ ਦੀ ਤਸਕਰੀ ਇੱਕ ਆਮ ਜਿਹੀ ਗੱਲ ਹੈ ਕਿਉਂਕਿ ਇਹ ਬੰਗਲਾਦੇਸ਼ ਸਰਹੱਦ ਤੋਂ ਮਸਾਂ 25 ਕੁ ਕਿਲੋਮੀਟਰ ਦੀ ਦੂਰੀ 'ਤੇ ਹੀ ਸਥਿਤ ਹੈ। ਇਲਜ਼ਾਮ ਹੈ ਕਿ ਇਹ ਦੇਸ਼ ਦਾ ਉਹ ਸੂਬਾ ਹੈ ਜਿੱਥੇ ਗਊਆਂ ਮਾਸ ਲਈ ਪਾਲਿਆਂ ਵੀ ਜਾਂਦੀਆਂ ਹਨ, ਵੱਢੀਆਂ ਵੀ ਜਾਂਦੀਆਂ ਹਨ ਤੇ ਉਹਨਾਂ ਦਾ ਮਾਸ ਖ਼ਾਧਾ ਵੀ ਜਾਂਦਾ ਹੈ। ਇੱਥੇ ਲੋਕ ਗਾਵਾਂ ਦੁੱਧ ਲਈ ਨਹੀਂ ਬਲਕਿ ਮਾਸ ਲਈ ਹੀ ਪਾਲਦੇ ਹਨ ਤੇ ਇਹੀ ਇਹਨਾਂ ਲੋਕਾਂ ਦਾ ਰੋਜ਼ਗਾਰ ਦਾ ਸਾਧਨ ਵੀ ਹਨ। 

'ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ ਡੈਮੋਕ੍ਰੇਟਿਕ ਰਾਈਟਸ' (ਏ.ਪੀ.ਡੀ.ਆਰ.) ਦੇ ਜਲਪਾਈਗੁੜੀ ਜ਼ਿਲ੍ਹੇ ਦੇ ਸਕੱਤਰ ਜੇਤਿਸ਼ਵਰ ਭਾਰਤੀ ਦਾ ਵੀ ਮੰਨਣਾ ਹੈ ਕਿ ਇਸ ਇਲਾਕੇ ਵਿੱਚ ਗਾਵਾਂ ਦੀ ਤਸਕਰੀ ਇੱਕ ਆਮ ਵਰਤਾਰਾ ਹੈ ਅਤੇ ਇਹ ਤਸਕਰੀ ਪਿਛਲੇ ਕਈ ਦਹਾਕਿਆਂ ਤੋਂ ਚਲੀ ਆ ਰਹੀ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਗਊ ਤਸਕਰੀ ਅਤੇ ਬੁੱਚੜਖਾਨਿਆਂ ਦੀ ਮਲਕੀਤੀ ਕੇਵਲ ਮੁਸਲਮਾਨਾਂ ਕੋਲ ਹੀ ਨਹੀਂ ਹੈ ਬਲਕਿ ਦੋਸ਼ ਹੈ ਕਿ ਕਈ ਕੱਟੜ ਹਿੰਦੂਵਾਦੀ ਵੀ ਇੱਥੇ ਗਊਆਂ ਦਾ ਮਾਸ ਵੇਚਣ ਦੇ ਧੰਦੇ ਵਿੱਚ ਲੱਗੇ ਹੋਏ ਹਨ ਅਤੇ ਉਹ ਹਨ ਵੀ ਪੂਰੇ ਨਾਮੀ ਗ੍ਰਾਮੀ ਲੋਕ। ਇਸ ਸਬੰਧੀ ਲੋਕ ਗੂਗਲ 'ਤੇ ਪਈਆਂ ਜਾਣਕਾਰੀਆਂ ਦੇ ਅਧਾਰ ਦੋਸ਼ ਲਾਉਂਦੇ ਹਨ, ਕਿਉਂਕਿ ਗੂਗਲ 'ਤੇ ਅਜਿਹੀਆਂ ਦਰਜਨਾਂ ਹੀ ਜਾਣਕਾਰੀਆਂ ਉਪਲੱਬਧ ਹਨ ਜਿਹੜੀਆਂ ਦਰਸਾਉਂਦੀਆਂ ਹਨ ਕਿ ਗਊ ਮਾਸ ਦੇ ਧੰਦੇ ਵਿੱਚ ਕੇਵਲ ਮੁਸਲਮਾਨ ਹੀ ਨਹੀਂ ਬਲਕਿ ਹਿੰਦੂ ਲੋਕ ਵੀ ਇਸ ਦਾ ਖੂਬ ਵਪਾਰ ਕਰਦੇ ਹਨ ਜੋ ਜਾਂਚ ਦਾ ਵਿਸ਼ਾ ਵੀ ਹੋ ਸਕਦਾ ਹੈ। ਇਸਦੇ ਨਾਲ-ਨਾਲ ਉੱਥੇ ਅਜਿਹੀਆਂ ਘਟਨਾਵਾਂ ਦਾ ਘਟਨਾ ਕਿਤੇ ਨਾ ਕਿਤੇ ਇਸ਼ਾਰਾ ਨਾਕਾਰਾਤਮਕ ਸੋਚ ਵੱਲ ਕਰਦਾ ਗੂਗਲ 'ਤੇ ਪਈਆਂ ਜਾਣਕਾਰੀਆਂ ਦੀ ਪੁਸ਼ਟੀ ਕਰਨ ਦੇ ਸੰਕੇਤ ਦਿੰਦਾ ਹੈ।

ਅਸੀਂ ਅਜਿਹਾ ਇਸ ਲਈ ਵੀ ਕਹਿ ਰਹੇ ਹਾਂ ਕਿਉਂਕਿ ਇਸਤੋਂ ਪਹਿਲਾਂ ਜੂਨ, 2017 ਵਿੱਚ ਵੀ ਤਿੰਨ ਵਿਅਕਤੀਆਂ ਨੂੰ ਗਾਵਾਂ ਦੀ ਚੋਰੀ ਦੇ ਦੋਸ਼ ਹੇਠ ਦਿਨਾਜਪੁਰ ਜ਼ਿਲ੍ਹੇ ਦੇ ਚੋਪਰਾ ਬਲਾਕ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਪੱਛਮੀ ਬੰਗਾਲ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਵੱਡੀ ਫ਼ਿਕਰਮੰਦੀ ਦਾ ਸਬੱਬ ਹੈ ਪਰ ਦੋਸ਼ ਇਹ ਵੀ ਹੈ ਕਿ ਸੂਬੇ ਦੀ ਰਾਜਨੀਤੀ ਵਿੱਚ ਆਪਣਾ ਅਸਰ ਵਧਾਉਣ ਲਈ ਕਾਹਲੀ ਭਾਜਪਾ ਅਕਸਰ ਧਰਮ-ਨਿਰਪੱਖ ਧਿਰਾਂ ਅਤੇ ਮੁਸਲਮਾਨਾਂ ਪ੍ਰਤੀ ਹਮਲਾਵਰ ਰਹਿੰਦੀ ਹੈ।

ਦੋਸਤੋ, ਮਾਹਰਾਂ ਦੀ ਮੰਨੀਏ ਤਾਂ ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਫ਼ਿਰਕੂ ਟਕਰਾਅ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਦੋਸ਼ ਇਹ ਵੀ ਹੈ ਕਿ ਹਰ ਵਾਰ ਭਗਵਾ ਬ੍ਰਿਗੇਡ ਦੇ ਕਾਰਕੁੰਨ ਹੀ ਭੜਕਾਹਟ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਨਜ਼ਰ ਆਉਂਦੇ ਹਨ। ਉਂਝ ਇਹ ਗੱਲ ਵੱਖਰੀ ਹੈ ਕਿ ਉਹ ਹਿੰਸਕ ਟਕਰਾਅ ਸ਼ੁਰੂ ਕਰਨ ਦਾ ਦੋਸ਼ ਮੁਸਲਮਾਨਾਂ ਦੇ ਸਿਰ ਲਾਉਂਦੇ ਹਨ। ਸਿਆਸੀ ਮਾਹਰਾਂ ਦੇ ਅਨੁਸਾਰ ਜਦੋਂ ਦੀ ਭਾਜਪਾ ਮਮਤਾ ਬੈਨਰਜੀ ਨੂੰ ਬੰਗਾਲ ਦੀ ਸੱਤਾ ਤੋਂ ਲਾਂਭੇ ਕਰਨ 'ਤੇ ਉਤਾਰੂ ਹੋਈ ਹੈ। ਸੰਘ ਅਤੇ ਭਾਜਪਾ ਦੇ ਕਾਡਰ ਉਦੋਂ ਤੋਂ ਹੀ ਸੂਬੇ ਦੇ ਸਮਾਜ ਦਾ ਫ਼ਿਰਕੂ-ਕਰਨ ਲਈ ਯਤਨ ਕਰ ਰਹੇ ਹਨ। ਜਿਹੇ ਇਲਜ਼ਾਮ ਅਕਸਰ ਹੀ ਭਾਜਪਾ ਵਿਰੋਧੀ ਪਾਰਟੀਆਂ ਵੱਲੋਂ ਲੱਗਦੇ ਆਏ ਹਨ। ਸਿਆਸੀ ਇਲਜ਼ਾਮ ਇਹ ਵੀ ਹਨ ਕਿ ਪਿਛਲੇ ਸਮੇਂ ਦੇ ਦੌਰਾਨ ਜਨ-ਸੰਘੀਆਂ ਨੇ ਫ਼ਿਰਕੂ ਟਕਰਾਵਾਂ ਨੂੰ ਜਨਮ ਦੇਣ ਅਤੇ ਬੰਗਾਲ ਨੂੰ ਵੰਡਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ। ਪਹਿਲਾਂ ਉਹਨਾਂ ਨੇ ਬੰਗਾਲ ਵਿੱਚ ਰਹਿਣ ਵਾਲੇ ਗ਼ੈਰ-ਬੰਗਾਲੀਆਂ ਨੂੰ ਬੰਗਾਲੀਆਂ ਖਿਲਾਫ਼ ਖੜੇ ਕਰਨ ਦਾ ਯਤਨ ਕੀਤਾ ਪਰ ਇਸ ਵਿੱਚ ਅਸਫਲ ਰਹਿਣ ਤੋਂ ਬਾਅਦ ਹੁਣ ਉਹ ਬੰਗਾਲੀ ਸਮਾਜ ਨੂੰ ਜਾਤ ਦੀਆਂ ਲੀਹਾਂ 'ਤੇ ਵੰਡਣ ਦੇ ਰਾਹ 'ਤੇ ਤੁਰੇ ਹੋਏ ਹਨ। (ਬਾਕੀ ਕੱਲ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।