ਪੁਲਿਸ 'ਚ ਲੜਕਿਆਂ ਦਾ ਵਾਧਾ ਕਰਕੇ ਬਲਾਤਕਾਰ ਦੇ ਕੇਸ ਪਹਿਲਾਂ ਇਨ੍ਹਾਂ ਨੂੰ ਦਿੱਤੇ ਜਾਣਗੇ : ਡੀ.ਜੀ. ਪੰਜਾਬ

Boney Bindra
Last Updated: Jan 04 2018 20:30

ਪੁਲਿਸ ਵਿੱਚ ਇਸ ਵਕਤ ਮਹਿਲਾ ਕਰਮੀਆਂ ਦੀ ਗਿਣਤੀ ਸਿਰਫ਼ 7.5 ਪ੍ਰਤਿਸ਼ਤ ਹੈ, ਜੋ ਕਿ ਇੱਕ ਚਿੰਤਾ ਵਾਲੀ ਗੱਲ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਥਾਣਿਆਂ ਵਿੱਚ ਔਰਤਾਂ ਰਿਪੋਰਟ ਤੱਕ ਲਿਖਾਉਣ ਨਹੀਂ ਜਾਂਦੀਆਂ, ਜਿਸ ਦਾ ਮੁੱਖ ਕਾਰਨ ਹੁੰਦਾ ਹੈ ਪੁਲਿਸ ਵਿੱਚ ਲਗਭਗ ਸਾਰੀ ਫੋਰਸ ਹੀ ਆਦਮੀਆਂ ਦੀ ਹੋਣਾ। ਜਦੋਂ ਕਦੀ ਵੀ ਕੋਈ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਰਿਪੋਰਟ ਕਰਨ ਤੋਂ ਪਹਿਲਾਂ ਉਸ ਉੱਪਰ ਕਾਫ਼ੀ ਵਿਚਾਰ ਹੁੰਦਾ ਹੈ ਕਿਉਂਕਿ ਇੱਕ ਪੁਰਸ਼ ਪੁਲਿਸ ਅਫ਼ਸਰ ਨੂੰ ਐਸੀ ਹਰਕਤ ਬਾਰੇ ਲਿਖਾਉਣਾ ਕੋਈ ਸੌਖੀ ਗੱਲ ਨਹੀਂ ਹੈ।

ਪਰ ਜੇਕਰ ਪੰਜਾਬ ਦੇ ਡਾਇਰੈਕਟਰ ਜਨਰਲ ਓਫ ਪੁਲਿਸ ਸੁਰੇਸ਼ ਅਰੋੜਾ ਦੀ ਮੰਨੀਏ ਤਾਂ ਇਹ ਸਭ ਬਹੁਤ ਜਲਦ ਹੀ ਬਦਲਣ ਵਾਲਾ ਹੈ, ਉਹ ਇੱਦਾਂ ਕਿ ਹੁਣ ਗ੍ਰਹਿ ਮੰਤਰਾਲੇ ਦੀ ਸਿਫ਼ਾਰਿਸ਼ ਤੇ ਪੁਲਿਸ ਵਿੱਚ ਪੜਾਅਵਾਰ ਭਰਤੀਆਂ ਕਰਕੇ ਮਹਿਲਾ ਪੁਲਿਸ ਦੀ ਨਫਰੀ 33% ਹੋਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੁਪਰੀਮ ਕੋਰਟ ਦੀ 'ਵਿਸਾਖਾ ਜੱਜਮੈਂਟ' ਸਮੇਤ ਹੋਰ ਅਹਿਮ ਕੇਸਾਂ ਦੇ ਫੈਸਲਿਆਂ ਬਾਬਤ ਜਾਣੂ ਕਰਵਾਉਣ ਲਈ ਪੁਲਿਸ ਸਿਖਲਾਈ ਦਾ ਹਿੱਸਾ ਬਣਾਇਆ ਜਾਵੇਗਾ ਤੇ ਜਬਰ ਜ਼ਿਨਾਹ ਆਦਿ ਦੇ ਮਾਮਲਿਆਂ ਦੀ ਜਾਂਚ ਦਾ ਕੰਮ ਮਹਿਲਾ ਪੁਲਿਸ ਅਧਿਕਾਰੀਆਂ ਤੋਂ ਕਰਵਾਇਆ ਜਾਵੇਗਾ।

ਅਰੋੜਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ 'ਚ ਔਰਤਾਂ ਖ਼ਿਲਾਫ਼ ਜੁਰਮਾਂ ਦੇ ਕੇਸਾਂ 'ਚ ਵਾਧਾ ਹੋਇਆ ਹੈ, ਇਸ ਦਾ ਕਾਰਨ ਇਹ ਨਹੀਂ ਕਿ ਔਰਤਾਂ 'ਤੇ ਜੁਰਮ ਵਧਿਆ ਹੈ ਜਦੋਂ ਕਿ ਹੁਣ ਔਰਤਾਂ ਰਿਪੋਰਟ ਕਰਨ ਥਾਣਿਆਂ ਤੱਕ ਪਹੁੰਚ ਰਹੀਆਂ ਹਨ ਤੇ ਇਸ ਵਿੱਚ ਵੱਡਾ ਯੋਗਦਾਨ ਮਹਿਲਾ ਪੁਲਿਸ ਥਾਣਿਆਂ ਅਤੇ ਮਹਿਲਾ ਕਰਮੀਆਂ ਦਾ ਹੈ। ਜ਼ਿਕਰਯੋਗ ਹੈ ਕਿ ਅਰੋੜਾ ਅੱਜ ਪਟਿਆਲਾ ਵਿਖੇ ਪੰਜਾਬ ਪੁਲਿਸ ਵੱਲੋਂ ਇੱਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ 'ਪੁਲਿਸ 'ਚ ਮਹਿਲਾਵਾਂ ਦੀ ਭੂਮਿਕਾ ਅਤੇ ਵਿਵਹਾਰਿਕ ਤਬਦੀਲੀ' ਵਿਸ਼ੇ ਉਪਰ ਕਰਵਾਈ ਗਈ ਪਹਿਲੀ ਜ਼ੋਨਲ ਮਹਿਲਾ ਪੁਲਿਸ ਕਾਨਫ਼ਰੰਸ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।