ਮਹਿਲਾ ਐਡਵੋਕੇਟ ਨਾਲ ਜੱਜ ਵੱਲੋਂ ਦੁਰਵਿਵਹਾਰ ਕਰਨ ਦੇ ਖ਼ਿਲਾਫ਼ ਵਕੀਲਾਂ ਨੇ ਲਗਾਇਆ ਧਰਨਾ

Last Updated: Jan 04 2018 15:01

ਬਾਰ ਐਸੋਸੀਏਸ਼ਨ ਖੰਨਾ ਦੀ ਮਹਿਲਾ ਐਡਵੋਕੇਟ ਦੇ ਨਾਲ ਇੱਕ ਜੱਜ ਵੱਲੋਂ ਕੀਤੇ ਗਏ ਕਥਿਤ ਤੌਰ 'ਤੇ ਦੁਰਵਿਵਹਾਰ ਦੇ ਵਿਰੋਧ 'ਚ ਵਕੀਲਾਂ ਵੱਲੋਂ ਪਾਇਲ ਅਦਾਲਤ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਦੇ ਨਾਲ ਹੀ ਖੰਨਾ, ਪਾਇਲ, ਸਮਰਾਲਾ ਅਤੇ ਜਗਰਾਉਂ ਦੀਆਂ ਬਾਰ ਐਸੋਸੀਏਸ਼ਨਾਂ ਨੇ ਆਪਣੇ ਅਦਾਲਤੀ ਕੰਮਕਾਜ ਦਾ ਬਾਈਕਾਟ ਕਰਦੇ ਹੋਏ ਮਹਿਲਾ ਵਕੀਲ ਨਾਲ ਕੀਤੀ ਬਦਸਲੂਕੀ ਦੀ ਨਿੰਦਾ ਕੀਤੀ। ਹਾਲਾਂਕਿ, ਬਾਅਦ 'ਚ ਸੰਬੰਧਿਤ ਜੱਜ ਅਤੇ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਹੋਈ ਮੀਟਿੰਗ ਦੇ ਬਾਅਦ ਸਮਝੌਤਾ ਹੋ ਜਾਣ ਦੇ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ।

ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਨਰਿੰਦਰ ਸਿੰਘ ਕਾਲੀਰਾਓ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 22 ਦਸੰਬਰ ਨੂੰ ਪਾਇਲ ਅਦਾਲਤ ਦੇ ਇੱਕ ਜੱਜ ਨੇ ਖੰਨਾ ਬਾਰ ਐਸੋਸੀਏਸ਼ਨ ਦੀ ਮਹਿਲਾ ਐਡਵੋਕੇਟ ਮੈਂਬਰ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਜਿਸ ਦੇ ਵਿਰੋਧ 'ਚ ਵਕੀਲਾਂ ਵੱਲੋਂ ਹੜਤਾਲ ਵੀ ਕੀਤੀ ਗਈ ਸੀ। ਮਹਿਲਾ ਐਡਵੋਕੇਟ ਨਾਲ ਹੋਈ ਬਦਸਲੂਕੀ ਦੇ ਖ਼ਿਲਾਫ਼ ਖੰਨਾ, ਸਮਰਾਲਾ, ਪਾਇਲ ਅਤੇ ਜਗਰਾਉਂ 'ਚ ਵਕੀਲਾਂ ਨੇ ਅਦਾਲਤੀ ਕੰਮਕਾਜ ਦਾ ਬਾਈਕਾਟ ਕੀਤਾ ਸੀ। ਇਸ ਮਾਮਲੇ ਸਬੰਧੀ ਜੱਜ ਅਤੇ ਵਕੀਲਾਂ ਦਰਮਿਆਨ ਹੋਈ ਮੀਟਿੰਗ 'ਚ ਅਦਾਲਤੀ ਕਾਰਵਾਈ ਦੌਰਾਨ ਵਕੀਲਾਂ ਨੂੰ ਸਨਮਾਨ ਦੇਣ ਦੇ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾ ਹਟਾ ਦਿੱਤਾ ਗਿਆ ਹੈ ਅਤੇ ਵਕੀਲਾਂ ਵੱਲੋਂ ਅਦਾਲਤੀ ਕੰਮਕਾਜ ਸ਼ੁਰੂ ਕੀਤਾ ਗਿਆ।

ਦੱਸ ਦੇਈਏ ਕਿ 22 ਦਸੰਬਰ ਨੂੰ ਮਹਿਲਾ ਐਡਵੋਕੇਟ ਵੀਨਾ ਗੁਲਾਟੀ ਦੇ ਨਾਲ ਅਦਾਲਤੀ ਕਾਰਵਾਈ ਸਮੇਂ ਪਾਇਲ ਅਦਾਲਤ ਦੇ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਜੱਜ ਅਤੇ ਉਨ੍ਹਾਂ ਦੇ ਰੀਡਰ ਵੱਲੋਂ ਦੁਰਵਿਵਹਾਰ ਕੀਤਾ ਗਿਆ ਸੀ, ਜਿਸ ਦੇ ਚੱਲਦੇ ਸਮੂਹ ਵਕੀਲ ਭਾਈਚਾਰੇ 'ਚ ਰੋਸ ਦੀ ਲਹਿਰ ਸੀ। ਮਹਿਲਾ ਵਕੀਲ ਨਾਲ ਬਦਸਲੂਕੀ ਹੋਣ ਦੇ ਖ਼ਿਲਾਫ਼ ਵਕੀਲ ਸੰਬੰਧਿਤ ਜੱਜ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸੀ।

ਇਸ ਮੌਕੇ 'ਤੇ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਜਦੀਪ ਸਿੰਘ ਔਲਖ, ਹਰਦੀਪ ਸਿੰਘ ਭੱਟੀ, ਸਕੱਤਰ ਏ.ਕੇ ਵਰਮਾ, ਸਾਬਕਾ ਪ੍ਰਧਾਨ ਮੁਨੀਸ਼ ਖੰਨਾ ਆਦਿ ਤੋਂ ਇਲਾਵਾ ਹੋਰ ਵਕੀਲ ਮੌਜੂਦ ਸਨ।