ਆਖਰ ਕਦੋਂ ਮੁੱਕੇਗਾ ਗਊ ਰੱਖਿਅਕਾਂ ਦਾ ਆਤੰਕ?

Kulwant Singh
Last Updated: Jan 04 2018 10:32

ਗਊ ਰੱਖਿਆ ਵਰਗੀ ਪਵਿੱਤਰ ਸੇਵਾ ਦੀ ਆੜ ਵਿੱਚ ਆਪਣੀਆਂ ਦੁਕਾਨਦਾਰੀਆਂ ਚਲਾਉਣ ਵਾਲੇ ਅਖੌਤੀ ਗਊ ਰੱਖਿਅਕਾਂ ਦਾ ਅਤੰਕ ਪੂਰੇ ਦੇਸ਼ ਵਿੱਚ ਫੈਲਦਾ ਜਾ ਰਿਹਾ ਹੈ, ਜਿਹੜੇ ਕਿ ਇਸ ਸਮੇਂ ਦੇਸ਼ ਦੀ ਸ਼ਾਂਤੀ ਪਸੰਦ ਅਵਾਮ ਲਈ ਤਾਂ ਖਤਰਾ ਬਣ ਹੀ ਰਹੇ ਹਨ, ਸਰਕਾਰਾਂ ਲਈ ਵੀ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ। ਹਾਲਾਤ ਇਹ ਹਨ ਕਿ ਇਹ ਲੋਕ ਦੇਸ਼ ਦੇ ਕਨੂੰਨ ਅਤੇ ਸਰਕਾਰੀ ਡੰਡੇ ਤੋਂ ਪੂਰੀ ਤਰ੍ਹਾਂ ਨਾਲ ਬੇਖ਼ੌਫ਼ ਨਜ਼ਰ ਆਉਂਦੇ ਹਨ।

ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਸਾਡੇ ਦੇਸ਼ ਦੇ ਪੂਰਬੀ ਰਾਜਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਪੁਰਾਣੀ ਕਿਸਮ ਦੀ ਦਿਹਾਤੀ ਰਾਜਨੀਤੀ, ਜਿਸ ਨੂੰ ਭੂਮੀਹਾਰੀ ਨੀਤੀ ਕਿਹਾ ਜਾਂਦਾ ਸੀ, ਅੱਜਕੱਲ੍ਹ ਵੀ ਵੇਖਣ ਨੂੰ ਮਿਲ ਰਹੀ ਹੈ। ਜਿਸ ਨੀਤੀ ਤਹਿਤ ਜਦੋਂ ਕਿਸੇ ਅਸਰ ਰਸੂਖ ਵਾਲੇ ਭਾਈਚਾਰੇ ਵਿਚਲੇ ਨੌਜਵਾਨ ਜਾਂ ਅੱਥਰੇ ਮੁੰਡੇ ਕਿਸੇ ਹੋਰ ਘੱਟ ਅਸਰ ਰਸੂਖ ਵਾਲੇ ਵਰਗ ਜਾਂ ਪਰਿਵਾਰ ਦੇ ਲੋਕਾਂ ਦੀ ਬੇਇੱਜ਼ਤੀ ਅਤੇ ਕੁੱਟਮਾਰ ਵਰਗੀ ਕੋਈ ਗਲਤ ਹਰਕਤ ਕਰਦੇ ਸਨ ਤਾਂ ਪਰਿਵਾਰ ਦੇ ਵਡੇਰੇ ਉਨਾਂ ਨੂੰ ਝਿੜਕ ਕੇ ਜਾਂ ਥੋੜੀ ਬਹੁਤੀ ਸਜ਼ਾ ਦੇ ਕੇ ਦੂਜੀ ਧਿਰ ਦੀ ਤਸੱਲੀ ਕਰਵਾ ਦਿੰਦੇ ਸਨ, ਇਸੇ ਨੀਤੀ ਨੂੰ ਭੂਮੀਹਾਰੀ ਨੀਤੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। 

ਜਾਣਕਾਰਾਂ ਅਨੁਸਾਰ ਅਸਲ ਵਿੱਚ ਅਜਿਹੀਆਂ ਹਰਕਤਾਂ ਕਰਨ ਵਾਲੇ ਨੌਜਵਾਨਾਂ ਨੂੰ ਵਡੇਰਿਆਂ ਦੀ ਪੂਰੀ ਸਰਪ੍ਰਸਤੀ ਹਾਸਲ ਹੁੰਦੀ ਸੀ। ਵਡੇਰੇ ਲੋਕ ਅਕਸਰ ਹੀ ਅਜਿਹੇ ਨੌਜਵਾਨਾਂ ਨੂੰ ਦੂਜੇ ਵਰਗ ਜਾਂ ਪਰਿਵਾਰ ਦੇ ਵੱਡੇ ਮੈਂਬਰਾਂ ਨੂੰ ਡਰਾਉਣ-ਧਮਕਾਉਣ ਅਤੇ ਕੁੱਟਣ-ਮਾਰਨ ਲਈ ਕਹਿੰਦੇ ਸਨ। ਅਸਲ ਵਿੱਚ ਇਹ ਵਡੇਰੇ ਲੋਕਾਂ ਦਾ ਅਸਿੱਧੇ ਤੌਰ 'ਤੇ ਆਪਣੇ ਵਿਰੋਧੀਆਂ ਨੂੰ ਦਬਕਾਉਣ ਅਤੇ ਅਪਮਾਨਿਤ ਕਰਨ ਦਾ ਤਰੀਕਾ ਹੋਇਆ ਕਰਦਾ ਸੀ।

ਗੱਲ ਭਾਵੇਂ ਥੋੜੀ ਕੌੜੀ ਜ਼ਰੂਰ ਹੈ ਪਰ ਮੰਨਣ ਵਾਲੇ ਇਸ ਨੂੰ ਹਕੀਕਤ ਦੇ ਕਾਫ਼ੀ ਨੇੜੇ ਵੀ ਮੰਨਦੇ ਹਨ। ਅਜਿਹੇ ਮਾਮਲਿਆਂ ਸਬੰਧੀ ਡੂੰਘੀ ਘੋਖ ਕਰਨ ਦਾ ਦਾਅਵਾ ਕਰਨ ਵਾਲੇ ਵਿਦਵਾਨ ਵੀ ਅੱਗੋਂ ਇਲਜ਼ਾਮ ਲਾਉਂਦੇ ਹਨ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਹੀ ਨੀਤੀ ਤੇ ਚੱਲਦੇ ਹੋਏ ਪ੍ਰਤੀਤ ਹੋ ਰਹੇ ਹਨ। ਘੋਖੀ ਲੋਕਾਂ ਦਾ ਇਲਜ਼ਾਮ ਹੈ ਕਿ ਇਸਨੂੰ ਵੀ ਮੋਦੀ ਦੀ ਭੂਮੀਹਾਰੀ ਨੀਤੀ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀਆਂ ਚੇਤਾਵਨੀਆਂ ਅਤੇ ਧਮਕੀਆਂ ਦੇ ਬਾਵਜੂਦ ਵੀ ਗਊ ਰੱਖਿਆਕ ਪੂਰੀ ਤਰ੍ਹਾਂ ਨਾਲ ਬੇ-ਪਰਵਾਹ ਹਨ ਅਤੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਵੀ ਸੁਣਨ ਅਤੇ ਮੰਨਣ ਨੂੰ ਤਿਆਰ ਨਹੀਂ, ਜਿਹੜੀ ਕਿ ਆਪਣੇ ਆਪ ਵਿੱਚ ਹੀ ਬੜੀ ਹੈਰਾਨੀ ਵਾਲੀ ਗੱਲ ਹੈ। ਪ੍ਰਧਾਨ ਮੰਤਰੀ ਵੱਲੋਂ ਗਊ ਰੱਖਿਅਕਾਂ ਦੇ ਖ਼ਿਲਾਫ਼ ਕਿੰਨੀ ਵਾਰ ਬਿਆਨ ਦਿੱਤੇ ਗਏ, ਉਹਨਾਂ ਨੂੰ ਪੋਲੀਆਂ-ਪੋਲੀਆਂ ਝਿੜਕਾਂ ਵੀ ਮਾਰੀਆਂ, ਪਰ ਇਹਨਾਂ ਲੋਕਾਂ ਨੇ ਆਪਣੀ ਅੜੀ ਨਹੀਂ ਛੱਡੀ ਤੇ ਇੰਝ ਆਪਣੀਆਂ ਮਨ ਮਾਨੀਆਂ ਜਾਰੀ ਰੱਖੀਆਂ ਜਿਵੇਂ ਉਹਨਾਂ ਨੂੰ ਇਸ ਗੱਲ ਦਾ ਪੂਰਾ ਇਲਮ ਹੋਵੇ ਕਿ ਅੰਦਰੋਂ ਅੰਦਰੀ ਕੇਂਦਰ ਸਰਕਾਰ ਤਾਂ ਉਹਨਾਂ ਦੇ ਨਾਲ ਹੀ ਹੈ।  

ਦੋਸਤੋ, ਪਿਛਲੇ ਇੱਕ ਸਾਲ ਦੌਰਾਨ ਮੋਦੀ ਘੱਟੋ-ਘੱਟ ਚਾਰ ਵਾਰ ਅਖੌਤੀ ਗਊ-ਰੱਖਿਅਕਾਂ ਨੂੰ ਚੇਤਾਵਨੀ ਦਿੰਦਿਆਂ ਉਹਨਾਂ ਨੂੰ ਅਜਿਹੀਆਂ ਕਾਰਵਾਈਆਂ ਤੋਂ ਬਾਜ਼ ਆਉਣ ਲਈ ਕਹਿ ਚੁੱਕੇ ਹਨ। 29 ਜੂਨ 2017 ਨੂੰ ਵੀ ਉਹਨਾਂ ਨੇ ਅਹਿਮਦਾਬਾਦ ਵਿੱਚ ਅਜਿਹੇ ਲੋਕਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ ''ਗਊ ਭਗਤੀ ਦੇ ਨਾਂਅ 'ਤੇ ਲੋਕਾਂ ਦਾ ਕਤਲ ਕਰਨਾ ਬਰਦਾਸ਼ਤਯੋਗ ਨਹੀਂ ਹੈ'' ਉਹਨਾਂ ਨੇ ਬੜੇ ਰਣਨੀਤਕ ਢੰਗ ਨਾਲ ਇਸ ਭਿਆਨਕ ਅਪਰਾਧ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਦੋਸ਼ੀ ਦੱਸਿਆ।

ਘੋਖੀ ਲੋਕ ਕਹਿੰਦੇ ਹਨ ਕਿ ਇਨ੍ਹਾਂ ਮਾਮਲਿਆਂ 'ਚ ਜਿਹੜੀ ਗੱਲ ਸਾਜਿਸ਼ੀ ਨਜ਼ਰ ਆਉਂਦੀ ਹੈ, ਉਹ ਇਹ ਹੈ ਕਿ ਇਹਨਾਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਪ੍ਰਧਾਨ ਮੰਤਰੀ ਦੀ ਚੇਤਾਵਨੀ ਦੀ ਕੋਈ ਪ੍ਰਵਾਹ ਨਾ ਕਰਨਾ, ਸਮਝ ਨਹੀਂ ਆਉਂਦੀ ਕਿ ਅਜਿਹੇ ਅਪਰਾਧੀ ਕਿਸਮ ਦੇ ਲੋਕ (ਸਾਰੇ ਨਹੀਂ) ਦੇਸ਼ ਦੇ ਸਭ ਤੋਂ ਤਾਕਤਵਰ ਵਿਅਕਤੀ ਦੀ ਸੱਤਾ ਨੂੰ ਚੁਣੌਤੀ ਦੇ ਸੱਕਣ ਦਾ ਹੌਸਲਾ ਕਿੱਥੋਂ ਲਿਆਉਂਦੇ ਹਨ।

ਸ਼ਾਇਦ ਤੁਹਾਨੂੰ ਯਾਦ ਹੋਵੇਗਾ ਕਿ 27 ਅਗਸਤ 2017 ਨੂੰ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਧੁਪਗੁੜੀ ਬਲਾਕ ਦੇ ਪਿੰਡ ਵਿੱਚ ਵਾਪਰੀ ਘਟਨਾ ਜਿਸ ਵਿੱਚ ਦੋ ਵਿਅਕਤੀਆਂ ਨੂੰ ਗਾਵਾਂ ਚੋਰੀ ਕਰਨ ਦੇ ਦੋਸ਼ ਹੇਠ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਆਸਾਮ ਦੇ ਧੁਬੜੀ ਜ਼ਿਲ੍ਹੇ ਦੇ ਹਾਫਿਸਉਲ ਸ਼ੇਖ ਅਤੇ ਕੂਚ ਬਿਹਾਰ ਜ਼ਿਲ੍ਹੇ ਦੇ ਅਨਵਰ ਹੁਸੈਨ ਨੂੰ ਸਥਾਨਕ ਲੋਕਾਂ ਨੇ ਥੋੜੀ ਦੇਰ ਪੁੱਛਗਿੱਛ ਕਰਨ ਤੋਂ ਬਾਅਦ ਕੁੱਟ-ਕੁੱਟ ਕੇ ਮਾਰ ਦਿੱਤਾ। ਉਂਝ ਇਹ ਤੱਥ ਵੀ ਹੈ ਕਿ ਉਹਨਾਂ ਮਾਰੇ ਗਏ ਲੋਕਾਂ ਕੋਲ ਪਸ਼ੂਆਂ ਨੂੰ ਲਿਜਾਣ ਦੇ ਜਾਇਜ਼ ਦਸਤਾਵੇਜ਼ ਨਹੀਂ ਸਨ ਪਰ ਇਹ ਵੀ ਇੱਕ ਸਚਾਈ ਹੈ ਕਿ ਪਸ਼ੂਆਂ ਦੀ ਖ਼ਰੀਦ-ਵੇਚ ਕਰਨ ਵਾਲੇ ਸਾਰੇ ਪਸ਼ੂਆਂ ਨੂੰ ਇੰਝ ਹੀ ਲਿਜਾਂਦੇ ਹਨ। ਪੁੱਛਗਿੱਛ ਕਰਨ ਵਾਲਿਆਂ ਨੂੰ ਪੱਕਾ ਪਤਾ ਨਹੀਂ ਸੀ ਕਿ ਗਾਵਾਂ ਚੋਰੀ ਦੀਆਂ ਹਨ ਕਿ ਨਹੀਂ। (ਬਾਕੀ ਕੱਲ੍ਹ)

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।