ਖੇਡ ਸਮੇਂ ਦੁਰਘਟਨਾ ਦਾ ਸ਼ਿਕਾਰ ਹੋਏ ਕੌਮੀ 'ਤੇ ਕੌਮਾਂਤਰੀ ਖਿਡਾਰੀ ਵਿੱਤੀ ਸਹਾਇਤਾ ਦੇ ਹੱਕਦਾਰ:ਜ਼ਿਲ੍ਹਾ ਖੇਡ ਅਫ਼ਸਰ

Last Updated: Jan 01 2018 17:31

'ਪੰਡਿਤ ਦੀਨ-ਦਿਆਲ ਉਪਾਧਿਆਇ ਨੈਸ਼ਨਲ ਸਪੋਰਟਸ ਵੈੱਲਫੇਅਰ ਫ਼ੰਡ ਫ਼ਾਰ ਸਪੋਰਟਸ ਪਰਸਨਜ਼' ਯੋਜਨਾ ਅਨੁਸਾਰ ਭਾਰਤ ਸਰਕਾਰ ਵੱਲੋਂ ਨੈਸ਼ਨਲ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਦੌਰਾਨ ਖਿਡਾਰੀ ਨਾਲ ਖੇਡ ਦੇ ਸਮੇਂ ਕੋਈ ਵੀ ਦੁਰਘਟਨਾ ਵਾਪਰਨ ਦੀ ਸੂਰਤ ਵਿੱਚ, ਉਨ੍ਹਾਂ ਦੇ ਇਲਾਜ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਦੁਰਘਟਨਾ ਕਾਰਨ ਖਿਡਾਰੀ ਦੀ ਮੌਤ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਪੈਨਸ਼ਨ ਵੀ ਪ੍ਰਾਪਤ ਹੋਵੇਗੀ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਲਵਿੰਦਰ ਕੌਰ ਨੇ ਦੱਸਿਆ ਕਿ ਇਹ ਵਿੱਤੀ ਸਹਾਇਤਾ ਉਨ੍ਹਾਂ ਖਿਡਾਰੀਆਂ ਨੂੰ ਪ੍ਰਾਪਤ ਹੋਵੇਗੀ, ਜਿਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ (ਸੀਨੀਅਰ ਕੈਟਾਗਰੀ), ਨੈਸ਼ਨਲ ਖੇਡਾਂ ਅਤੇ ਇੰਟਰ-ਯੂਨੀਵਰਸਿਟੀ ਟੂਰਨਾਮੈਂਟਾਂ ਦੌਰਾਨ ਪਹਿਲੇ ਤਿੰਨ ਸਥਾਨ ਹਾਸਿਲ ਕੀਤੇ ਹੋਣ ਜਾਂ ਇੰਟਰ-ਨੈਸ਼ਨਲ ਕੰਪੀਟੀਸ਼ਨ (ਸੀਨੀਅਰ ਕੈਟਾਗਰੀ) ਸਮੇਤ ਉਲੰਪਿਕ ਖੇਡਾਂ, ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ਵਿੱਚ ਭਾਗ ਲਿਆ ਹੋਵੇ। ਜੂਨੀਅਰ ਅਤੇ ਸਬ-ਜੂਨੀਅਰ ਕੈਟਾਗਰੀ ਦੇ ਖਿਡਾਰੀਆਂ ਨੂੰ ਵੀ ਜੇਕਰ ਸੱਟ ਲੱਗ ਜਾਂਦੀ ਹੈ ਤਾਂ ਉਨ੍ਹਾਂ ਨੂੰ ਵੀ ਵਿੱਤੀ ਸਹਾਇਤਾ ਮਿਲਣ ਯੋਗ ਹੈ। ਖਿਡਾਰੀ ਵੱਲੋਂ ਵਿੱਤੀ ਸਹਾਇਤਾ ਲਈ ਆਪਣਾ ਬਿਨੈ-ਪੱਤਰ ਨਿਰਧਾਰਿਤ ਪ੍ਰੋਫਾਰਮੇ ਵਿੱਚ ਮੈਂਬਰ ਸਕੱਤਰ, ਪੰਡਿਤ ਦੀਨ-ਦਿਆਨ ਉਪਾਧਿਆਇ ਨੈਸ਼ਨਲ ਸਪੋਰਟਸ ਵੈੱਲਫੇਅਰ ਫ਼ੰਡ ਫ਼ਾਰ ਸਪੋਰਟਸ ਪਰਸਨਜ਼, ਮਨਿਸਟਰੀ ਆਫ਼ ਯੂਥ ਅਫੇਅਰਜ਼ ਅਤੇ ਸਪੋਰਟਸ, ਸ਼ਾਸਤਰੀ ਭਵਨ ਨਵੀਂ ਦਿੱਲੀ ਨੂੰ ਭੇਜਿਆ ਜਾਣਾ ਹੈ।