ਭਾਰਤੀ ਹੀ ਬਣੇ ਭਾਰਤੀਆਂ ਦੇ ਦੁਸ਼ਮਣ.!!!

Last Updated: Jan 01 2018 16:05

ਕੋਈ ਵੀ ਰਿਸ਼ਤਾ ਲੈ ਲਓ, ਜਿੰਨ੍ਹਾਂ ਚਿਰ ਅਗਲਾ ਬੰਦਾ ਨਾ ਨਿਭਾਵੇ ਕਦੇ ਵੀ ਨਹੀਂ ਨਿਭ ਸਕਦਾ। ਵਤਨ ਨਾਲ ਰਿਸ਼ਤਾ ਬਹੁਤ ਸਾਰੇ ਲੋਕ ਰੱਖਦੇ ਵੀ ਹਨ ਅਤੇ ਕਈ ਵਤਨ ਦਾ ਖਾ ਕੇ ਵਤਨ ਵਿੱਚ ਹੀ ਸ਼ੇਦ ਕਰਦੇ ਹਨ। ਵਤਨ ਨਾਲ ਜਿਆਦਾ ਪਿਆਰ ਕਰਨ ਵਾਲੇ ਹੀ ਵਤਨ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਜਾਂਦੇ ਹਨ। ਉਨ੍ਹਾਂ ਦੀਆਂ ਦਿੱਤੀਆਂ ਕੁਰਬਾਨੀ ਨੂੰ ਮੁਲਕ ਸਦੀਆਂ-ਸਦੀਆਂ ਤੱਕ ਯਾਦ ਰੱਖਦਾ ਹੈ। ਸਾਡੇ ਕੁਝ ਭਾਰਤੀ ਵਪਾਰੀਆਂ ਦਾ ਰਿਸ਼ਤਾ ਆਪਣੇ ਦੇਸ਼ ਨਾਲ ਘੱਟ ਅਤੇ ਚੀਨ ਦੇ ਨਾਲ ਜ਼ਿਆਦਾ ਹੈ ਤਦੇ ਹੀ ਤਾਂ ਉਹ ਚੀਨ ਦਾ ਸਮਾਨ ਲਿਆ ਕੇ ਭਾਰਤ ਵਿੱਚ ਵੇਚ ਰਹੇ ਹਨ ਅਤੇ ਭਾਰਤ ਨੂੰ ਘਾਟੇ ਵੱਲ ਲੈ ਜਾ ਰਹੇ ਹਨ। 

ਜੇਕਰ ਪਿਛਲੇ ਸਮੇਂ ਤੇ ਝਾਤ ਮਾਰੀ ਜਾਵੇ ਤਾਂ ਸਾਡੇ ਦੇਸ਼ ਨਾਲ ਚੀਨ ਦਾ ਰਿਸ਼ਤਾ ਕਾਫ਼ੀ ਸਾਲਾਂ ਤੋਂ ਜੁੜਿਆ ਹੋਇਆ ਹੈ। ਹੁਣ ਤੱਕ ਚੀਨ ਨੇ ਆਪਣੇ ਸੈਂਕੜੇ ਪ੍ਰੋਡਕਟ ਬਣਾ ਕੇ ਭਾਰਤ ਭੇਜੇ ਹਨ ਤੇ ਭੇਜ ਰਿਹਾ ਹੈ। ਚੀਨੀ ਲੋਕਾਂ ਦਾ ਦਿਮਾਗ ਤਾਂ ਦੂਜਿਆਂ ਲੋਕਾਂ ਨੂੰ ਕਿਸ ਤਰੀਕੇ ਆਪਣੇ ਵੱਸ ਵਿੱਚ ਕੀਤਾ ਜਾਵੇ ਉਧਰ ਜ਼ਿਆਦਾ ਚੱਲਦਾ ਹੈ। ਚੀਨ ਨਵੇਂ-ਨਵੇਂ ਢੰਗ ਤਰੀਕੇ ਅਪਣਾ ਕੇ ਦਰਜਨਾਂ ਹੀ ਦੇਸ਼ਾਂ ਵਿੱਚ ਆਪਣਾ ਸਮਾਨ ਵੇਚ ਕੇ ਮੋਟੀ ਕਮਾਈ ਕਰ ਰਿਹਾ ਹੈ। ਇਸ ਲੇਖ ਵਿੱਚ ਮਿਤਰੋਂ ਤੁਹਾਨੂੰ ਅਸੀਂ ਚੀਨ ਦੀ ਉਸ ਖਤਰਨਾਕ ਚੀਜ਼ ਬਾਰੇ ਦੱਸਾਂਗੇ, ਜਿਸ ਬਾਰੇ ਤੁਸੀਂ ਜਾਣਦੇ ਤਾਂ ਹੋ ਨੁਕਸਾਨ ਵੀ ਪਤਾ ਨੇ ਪਰ ਫਿਰ ਵੀ ਸਾਡੇ ਭਾਰਤੀ ਉਸ ਨੂੰ ਖਰੀਦ ਰਹੇ ਹਨ। ਜੀ ਹਾਂ ਦੋਸਤੋਂ, ਉਹ ਚੀਜ਼ ਹੈ 'ਚੀਨੀ ਡੋਰ'! ਇਸ ਡੋਰ ਨੇ ਜਿੱਥੇ ਅੱਜ ਲਗਭਗ ਪੂਰੇ ਭਾਰਤ ਵਿੱਚ ਆਪਣਾ ਨਾਮ ਕਮਾਇਆ ਹੈ, ਉੱਥੇ ਹੀ ਅਨੇਕਾਂ ਭਾਰਤੀਆਂ ਦੀਆਂ ਜਾਨਾਂ ਵੀ ਲਈਆਂ ਹਨ। ਇਹ ਚੀਨੀ ਡੋਰ ਖਰੀਦਣ ਵਾਲੇ ਵੀ ਕੋਈ ਬਾਹਰੋਂ ਨਹੀਂ ਆਉਂਦੇ ਉਹ ਵੀ ਭਾਰਤ ਦੇ ਹੀ ਵਸਨੀਕ ਹਨ, ਜੋ 'ਚੰਦ' ਰੁਪਇਆਂ ਦੇ ਲਾਲਚ ਵਿੱਚ ਭਾਰਤ ਦੇ ਹੀ ਲੋਕਾਂ ਦੀ ਜਾਨ ਲੈ ਰਹੇ ਹਨ।

ਮਿਤਰੋਂ, ਤੁਹਾਨੂੰ ਯਾਦ ਹੀ ਹੋਵੇਗਾ ਕਿ ਆਏ ਵਰ੍ਹੇ ਜਦੋਂ ਵੀ ਬਸੰਤ ਰੁੱਤ ਸ਼ੁਰੂ ਹੁੰਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਿੰਥੈਟਿਕ ਪਲਾਸਟਿਕ ਦੀ ਬਣੀ ਚੀਨੀ ਡੋਰ ਖਰੀਦਣ, ਵਰਤਣ ਤੇ ਸਟੋਰ ਕਰਨ ਦੀ ਪਾਬੰਦੀ ਲਗਾ ਦਿੱਤੀ ਜਾਂਦੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀ ਇਹ ਕਹਿੰਦੇ ਹਨ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਚੀਨੀ ਡੋਰ ਦੀ ਵਰਤੋਂ ਕਰਨ, ਸਟੋਰ ਕਰਨ ਅਤੇ ਵੇਚਣ 'ਤੇ ਮਨਾਹੀ ਹੈ, ਪਰ ਪਤਾ ਨਹੀਂ ਕਿਉਂ ਪ੍ਰੈਸ ਨੋਟ ਜਾਰੀ ਕਰਨ ਸਮੇਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੁੰਭਕਰਨ ਦੀ ਨੀਂਦ ਸੌਂ ਜਾਂਦੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕ ਪਾਸੇ ਤਾਂ ਪ੍ਰਸ਼ਾਸਨ ਚੀਨੀ ਡੋਰ ਤੇ ਪਾਬੰਦੀ ਲਗਾਉਂਦਾ ਹੈ ਅਤੇ ਦੂਜੇ ਪਾਸੇ ਖੁਦ ਹੀ ਪ੍ਰਸ਼ਾਸਨ ਦੇ ਕੁਝ ਅਧਿਕਾਰੀ ਅੰਦਰ ਖਾਤੇ ਮਿਲ ਕੇ ਚੀਨੀ ਡੋਰ ਸਪਲਾਈ ਕਰਕੇ ਦੇਸ਼ ਦੇ ਲੋਕਾਂ ਦੀਆਂ ਜਾਨਾਂ ਲੈ ਰਹੇ ਹਨ। 

ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਚੀਨ ਤੋਂ ਭਾਰਤੀ ਵਪਾਰੀ 'ਡੋਰ' ਖਰੀਦਦੇ ਹਨ ਅਤੇ ਭਾਰਤ ਦੇ ਹੀ ਲੋਕਾਂ ਨੂੰ ਵੇਚਦੇ ਹਨ। ਇਹ ਚੀਨੀ ਡੋਰ ਦੀ ਵਿਕਰੀ ਦਾ ਸਿੱਧਾ-ਸਿੱਧਾ ਮਤਲਬ ਹੈ ਭਾਰਤੀ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਹੈ। ਭਾਰਤ ਫ਼ੌਜ ਦੀ ਬਹਾਦਰੀ ਵੇਖ ਕੇ ਜਿੱਥੇ ਚੀਨੀ ਫ਼ੌਜ ਜੰਗ ਤੋਂ ਪਿੱਛੇ ਹੱਟ ਰਹੀ ਹੈ, ਉੱਥੇ ਚੀਨ ਖਤਰਨਾਕ 'ਡੋਰ' ਬਣਾ ਕੇ ਭਾਰਤ ਭੇਜ ਰਿਹਾ ਹੈ, ਜਿਸ ਨਾਲ ਅਨੇਕਾਂ ਹੀ ਲੋਕ ਅਤੇ ਬੇਜ਼ਬਾਨ ਪੰਛੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਜਾ ਰਹੀਆਂ ਹਨ। ਹਰ ਸਾਲ ਚੀਨ ਤੋਂ ਆਉਂਦੀ ਇਹ ਡੋਰ ਪਲਾਸਟਿਕ ਦੀ ਹੋਣ ਕਰਕੇ ਜਿੱਥੇ ਵੱਧ ਤਿੱਖੀ ਹੁੰਦੀ ਹੈ, ਉੱਥੇ ਇਸ ਦੀ ਲਚਕਤਾ ਇਸ ਨੂੰ ਜਲਦੀ ਟੁੱਟਣ ਤੋਂ ਰੋਕਦੀ ਹੈ। ਚੀਨ ਦੀ ਬਣੀ ਇਸ ਡੋਰ ਨੇ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਤੇ ਪਤੰਗ ਉਡਾਉਣ ਵਾਲਿਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਇਹ ਡੋਰ, ਘਰੇਲੂ ਡੋਰ ਨਾਲੋਂ ਸਸਤੀ ਹੋਣ ਕਰਕੇ ਪਤੰਗ ਉਡਾਉਣ ਵਾਲਿਆਂ ਵੱਲੋਂ ਇਸ ਨੂੰ ਵੱਧ ਪਸੰਦ ਕੀਤਾ ਜਾਂਦਾ ਹੈ। 

ਇਸ ਮਾਮਲੇ ਸਬੰਧੀ ਕਾਂਗਰਸੀ ਲੀਡਰ ਹਰਪ੍ਰੀਤ ਸਿੰਘ, ਕਲਦੀਪ ਸਿੰਘ ਅਤੇ ਹਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਦੀ ਕੇਂਦਰ ਵਿੱਚ ਬੀਜੇਪੀ ਸਰਕਾਰ ਆਈ ਹੈ ਤਾਂ ਉਦੋਂ ਤੋਂ ਚੀਨੀ ਡੋਰ ਦੀ ਵਿਕਰੀ ਕਾਫ਼ੀ ਜ਼ਿਆਦਾ ਵਧੀ ਹੈ। ਉਨ੍ਹਾਂ ਨੇ ਆਖਿਆ ਕਿ ਬੀਜੇਪੀ ਦੇ ਉੱਚ ਨੇਤਾ ਚੀਨੀ ਡੋਰ ਦੇ ਵਪਾਰੀਆਂ ਨਾਲ ਮਿਲ ਕੇ ਚੀਨੀ ਡੋਰ ਨੂੰ ਸਰਹੱਦ ਪਾਰ ਕਰਵਾਉਂਦੇ ਹਨ। ਉਨ੍ਹਾਂ ਆਖਿਆ ਕਿ ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਚੀਨੀ ਨਾਲੋਂ ਨਾਤਾ ਤੋੜਨ ਦੀ ਗੱਲ ਕਰਦੇ ਹਨ ਪਰ ਦੂਜੇ ਪਾਸੇ ਮੋਦੀ ਸਰਕਾਰ ਦੇ ਹੀ ਕੁਝ ਨੇਤਾ ਚੀਨੀ ਡੋਰ ਦੀ ਵਿਕਰੀ ਕਰਵਾ ਰਹੇ ਹਨ। ਉਨ੍ਹਾਂ ਆਖਿਆ ਕਿ ਜੇ ਕੇਂਦਰ ਸਰਕਾਰ ਚਾਹੇ ਤਾਂ ਭਾਰਤ ਵਿੱਚ ਚੀਨੀ ਡੋਰ ਬੰਦ ਹੋ ਸਕਦੀ ਹੈ ਪਰ ਕੇਂਦਰ ਸਰਕਾਰ ਨੂੰ ਅਤੇ ਇਸ ਦੇ ਵਪਾਰੀਆਂ ਨੂੰ ਦੇਸ਼ ਨਾਲ ਜਰਾ ਜਿੰਨਾਂ ਵੀ ਪਿਆਰ ਨਹੀਂ, ਇਸ ਕਰਕੇ ਹੀ ਉਹ ਚੀਨ ਦੀ ਬਣੀ ਡੋਰ ਭਾਰਤ ਵਿੱਚ ਲਿਆ ਕੇ ਭਾਰਤੀਆਂ ਦੀਆਂ ਜਾਨਾਂ ਲੈ ਰਹੇ ਹਨ। 

ਇਸ ਚੀਨੀ ਡੋਰ ਦੇ ਮਸਲੇ ਸਬੰਧੀ ਮੈਂ ਕੁਝ ਸਮਾਜ ਸੇਵੀ ਸੰਸਥਾਵਾਂ ਨਾਲ ਗੱਲਬਾਤ ਕੀਤੀ ਤਾਂ ਐਗਰੀਡ ਫਾਊਂਡੇਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਡਾਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਚੀਨ ਦੀ ਬਣੀ ਇਹ ਡੋਰ ਜਿੱਥੇ ਮਨੁੱਖਾਂ ਦੀਆਂ ਕੀਮਤੀ ਜਾਨਾਂ ਲੈ ਰਹੀ ਹੈ ਉੱਥੇ ਹੀ ਬੇਜ਼ਬਾਨ ਪੰਛੀਆਂ ਤੇ ਵੀ ਆਪਣੇ ਵਾਰ ਕਰਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿੱਚ ਪਹੁੰਚਾ ਰਹੀ ਹੈ। ਉਨ੍ਹਾਂ ਆਖਿਆ ਕਿ ਜੇਕਰ ਸਾਡੀਆਂ ਸਰਕਾਰਾਂ ਚਾਹੁਣ ਤਾਂ ਇਸ ਖਤਰਨਾਕ ਚੀਨੀ ਡੋਰ ਦੀ ਵਿਕਰੀ ਭਾਰਤ ਵਿੱਚ ਬੰਦ ਹੋ ਸਕਦੀ ਹੈ। ਡਾਕਟਰ ਸਤਿੰਦਰ ਸਿੰਘ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੀਨੀ ਡੋਰ ਜੋ ਵੀ ਕੋਈ ਵੇਚ ਜਾਂ ਫਿਰ ਖਰੀਦ ਰਿਹਾ ਹੈ ਉਸ 'ਤੇ ਸਖ਼ਤੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਬਿਆਨ ਦੇਣ ਨਾਲ ਇਸ ਦਾ ਹੱਲ ਨਹੀਂ ਹੋ ਸਕਦਾ, ਸਗੋਂ ਦੁਕਾਨਾਂ ਤੇ ਛਾਪੇਮਾਰੀ ਕੀਤੀ ਜਾਵੇ ਅਤੇ ਜਿਸ ਦੁਕਾਨ ਤੇ ਚੀਨੀ ਡੋਰ ਪਾਈ ਜਾਵੇ, ਦੁਕਾਨਦਾਰ ਨੂੰ ਭਾਰੀ ਜੁਰਮਾਨਾ ਕੀਤਾ ਜਾਵੇ, ਤਾਂ ਜੋ ਉਸ ਨੂੰ ਦੇਖ ਕੇ ਹੋਰ ਦੁਕਾਨਦਾਰ ਵੀ ਇਸ ਤੋਂ ਤੌਬਾ ਕਰਨ। ਸਮੂਹ ਲੋਕਾਂ ਦੀ ਮੰਗ ਹੈ ਕਿ ਇਸ ਖਤਰਨਾਕ ਚੀਨੀ ਡੋਰ ਦੀ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਜਾਵੇ। ਜੇਕਰ ਇਸ ਵਰ੍ਹੇ ਇਸ ਤੇ ਸਖ਼ਤੀ ਨਾ ਵਰਤੀ ਗਈ ਤਾਂ ਪਿਛਲੇ ਸਮਿਆਂ ਦੀ ਤਰ੍ਹਾਂ ਇਸ ਵਾਰ ਵੀ ਅਨੇਕਾਂ ਜਾਨਾਂ ਜਾ ਸਕਦੀ ਹਨ।

ਦੋਸਤੋਂ, ਸਰਕਾਰ ਚਾਹੁਣ ਤੇ ਇਸ ਚੀਨੀ ਡੋਰ ਤੇ ਪਾਬੰਦੀ ਲੱਗ ਸਕਦੀ ਹੈ ਪਰ ਪਤਾ ਨਹੀਂ ਕਿਉਂ ਭਾਰਤ ਸਰਕਾਰ ਲੋਕਾਂ ਨੂੰ ਮਰਵਾਉਣ 'ਤੇ ਤੁਰੀ ਹੋਈ ਹੈ। ਜੇ ਡਰੱਗਜ਼ ਬੰਦ ਕਰਨ ਵਾਸਤੇ ਸਰਹੱਦਾਂ ਪੂਰੀ ਤਰ੍ਹਾਂ ਸੀਲ ਕੀਤੀਆਂ ਜਾ ਸਕਦੀਆਂ ਹਨ ਤਾਂ ਇਹ ਖਤਰਨਾਕ ਚੀਨੀ ਡੋਰ ਦੀ ਸਪਲਾਈ ਲਈ ਸਰਹੱਦ ਕਿਉਂ ਨਹੀਂ ਸੀਲ ਕੀਤੀ ਜਾ ਸਕਦੀ.? ਮਿਤਰੋਂ, ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਮੋਦੀ ਸਰਕਾਰ ਇਸ ਵਰ੍ਹੇ ਇਸ ਚੀਨੀ ਡੋਰ ਤੇ ਕਿੰਨੀ ਕੁ ਸਖ਼ਤੀ ਵਰਤਦੀ ਅਤੇ ਪਾਬੰਦੀ ਲਗਾਉਂਦੀ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।