ਅੰਡਰ-25 ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਹੋਏ ਸਮਾਪਤ

Maninder Arora
Last Updated: Dec 19 2017 19:44

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅੰਡਰ-25 ਜ਼ਿਲ੍ਹਾ ਪੱਧਰੀ ਲੜਕੇ ਅਤੇ ਲੜਕੀਆਂ ਦੇ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ ਹਨ। ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਕਰਵਾਏ ਗਏ ਇਨ੍ਹਾਂ ਦੋ ਦਿਨਾਂ ਮੁਕਾਬਲਿਆਂ ਦਾ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿੱਚ ਅੱਜ ਸਮਾਪਨ ਹੋਇਆ। ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਖੇਡ ਅਫਸਰ ਕਰਮ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਹੋਏ ਇਹਨਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਦੌਰਾਨ ਖੋ-ਖੋ, ਹਾਕੀ, ਬਾਸਕਿਟਬਾਲ, ਫੁੱਟਬਾਲ ਅਤੇ ਜਿਮਨਾਸਟਿਕ ਆਦਿ ਦੇ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਮੁਕਾਬਲੇ ਹੋਏ ਹਨ। ਅੱਜ ਸਮਾਪਤੀ ਸਮਾਰੋਹ ਦੌਰਾਨ ਜ਼ਿਲ੍ਹਾ ਖੇਡ ਅਫਸਰ ਵੱਲੋਂ ਜਿੱਤਣ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਅਤੇ ਹਾਰਨ ਵਾਲਿਆਂ ਨੂੰ ਹੋਰ ਮਿਹਨਤ ਕਰਨ ਦਾ ਸੰਦੇਸ਼ ਦਿੱਤਾ ਗਿਆ। ਇਸ ਦੌਰਾਨ ਖਿਡਾਰੀਆਂ ਦੇ ਸਮੇਤ ਉਨ੍ਹਾਂ ਦੇ ਟ੍ਰੇਨਰ ਅਤੇ ਕੋਚ ਆਦਿ ਵੀ ਹਾਜਰ ਸਨ।