ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਵਿੱਚ ਹੋਵੇਗਾ ਨਵ ਊਰਜਾ ਦਾ ਸੰਚਾਰ : ਸੁਨੀਲ ਜਾਖੜ

Sukhjinder Kumar
Last Updated: Dec 16 2017 19:09

ਰਾਹੁਲ ਗਾਂਧੀ ਦੇ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਣ ਨਾਲ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਵਿੱਚ ਨਵੀਂ ਊਰਜਾ ਦਾ ਸੰਚਾਰ ਹੋਵੇਗਾ। ਇੰਨਾ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਮੈਂਬਰ ਲੋਕ ਸਭਾ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦੇ ਅਹੁਦਾ ਸੰਭਾਲਣ ਸਬੰਧੀ ਹੋਏ ਸਮਾਗਮ ਮਗਰੋਂ ਕੀਤਾ।

ਸੁਨੀਲ ਜਾਖੜ ਨੇ ਆਖਿਆ ਕਿ ਕਾਂਗਰਸ ਪਾਰਟੀ ਦੇਸ਼ ਦਾ ਅਤੀਤ ਅਤੇ ਭਵਿੱਖ ਹੈ। ਉਨ੍ਹਾਂ ਆਖਿਆ ਕਿ ਰਾਹੁਲ ਗਾਂਧੀ ਦੀ ਅਗਵਾਈ ਨਾਲ ਪਾਰਟੀ ਵਿੱਚ ਨਵੀਂ ਜਾਨ ਆ ਗਈ ਹੈ ਅਤੇ ਖ਼ਾਸ ਕਰਕੇ ਨੌਜਵਾਨ ਵਰਗ ਰਾਹੁਲ ਗਾਂਧੀ ਦੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਹੋਈ ਚੋਣ ਨਾਲ ਬਹੁਤ ਹੀ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਦੇ ਸਨਮੁੱਖ ਵੱਡੀਆਂ ਚੁਣੌਤੀਆਂ ਹਨ ਅਤੇ ਕਾਂਗਰਸ ਪਾਰਟੀ ਹੀ ਹੈ ਜੋ ਦੇਸ਼ ਨੂੰ ਮੁੜ ਤਰੱਕੀ ਦੀ ਲੀਹ 'ਤੇ ਲਿਆ ਸਕਦੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਦੇ ਅਵਾਮ ਨੇ ਵੇਖ ਲਿਆ ਹੈ ਕਿ ਕਿਸ ਤਰ੍ਹਾਂ ਭਾਜਪਾ ਦੀ ਸਰਕਾਰ ਨੇ ਦੇਸ਼ ਵਿੱਚ ਵਪਾਰ, ਉਦਯੋਗ ਅਤੇ ਖੇਤੀ ਸੈਕਟਰ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ 2019 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਜਿੱਤ ਦਰਜ ਕਰੇਗੀ ਅਤੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ।