ਗੁਰਬੀਰ ਸਿੰਘ ਗਰੇਵਾਲ ਨੂੰ ਅਟਾਰਨੀ ਜਨਰਲ ਦੇ ਅਹੁਦੇ ਲਈ ਨਾਮਜ਼ਦ ਹੋਣ 'ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਤੀ ਮੁਬਾਰਕਬਾਦ

Last Updated: Dec 14 2017 14:42

ਅਮਰੀਕੀ ਸੂਬੇ ਨਿਊਜਰਸੀ ਤੋਂ ਅਟਾਰਨੀ ਜਨਰਲ ਦੇ ਅਹੁਦੇ ਲਈ ਨਾਮਜ਼ਦ ਹੋਣ 'ਤੇ ਗੁਰਬੀਰ ਸਿੰਘ ਗਰੇਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਮਿਹਨਤ ਅਤੇ ਲਗਨ ਨਾਲ ਹਾਸਲ ਕੀਤੇ ਜਾ ਰਹੇ ਵਿਸ਼ੇਸ਼ ਅਹੁਦਿਆਂ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ. ਗਰੇਵਾਲ ਵੱਲੋਂ ਕਈ ਸਾਲਾਂ ਤੋਂ ਨਿਊਜਰਸੀ ਵਿਖੇ ਸਰਕਾਰੀ ਵਕੀਲ ਵਜੋਂ ਨਿਭਾਈਆਂ ਜਾ ਰਹੀਆਂ ਲੋਕ ਸੇਵਾਵਾਂ ਸਦਕਾ ਜੋ ਰੁਤਬਾ ਹਾਸਲ ਕੀਤਾ ਗਿਆ ਹੈ, ਉਹ ਸਾਰੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ।

ਸ. ਲੌਂਗੋਵਾਲ ਨੇ ਕਿਹਾ ਕਿ ਘੱਟ ਗਿਣਤੀ ਸਿੱਖ ਕੌਮ ਨੇ ਸਰਬੱਤ ਦੇ ਭਲੇ ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਵਿਦੇਸ਼ੀ ਧਰਤੀ 'ਤੇ ਆਪਣੀ ਵਿਲੱਖਣ ਅਤੇ ਭਰੋਸੇਯੋਗਤਾ ਵਾਲੀ ਪਛਾਣ ਕਾਇਮ ਕੀਤੀ ਹੈ। ਅੱਜ ਵੱਖ-ਵੱਖ ਵਿਕਸਿਤ ਦੇਸ਼ਾਂ ਵਿੱਚ ਸਿੱਖਾਂ ਨੇ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ, ਉਦਯੋਗਾਂ ਵਿੱਚ ਮਾਣਮੱਤੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਵਿਦੇਸ਼ੀ ਸਿੱਖਾਂ ਵੱਲੋਂ ਸਿੱਖੀ ਪ੍ਰਫੁੱਲਤਾ ਲਈ ਵਿਦੇਸ਼ਾਂ ਵਿੱਚ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦੇਸ਼ੀ ਬੱਚਿਆਂ 'ਤੇ ਨੌਜਵਾਨਾਂ ਪਾਸ ਸਿੱਖੀ ਨਾਲ ਜੁੜਨ ਦੇ ਵਸੀਲੇ ਘੱਟ ਹੋਣ ਦੇ ਬਾਵਜੂਦ ਉਹ ਸਿੱਖੀ ਸਰੂਪ ਅਤੇ ਅਸੂਲਾਂ ਪ੍ਰਤੀ ਸੁਚੇਤ ਹਨ। ਉਨ੍ਹਾਂ ਜਿੱਥੇ ਸਿੱਖੀ ਸਰੂਪ ਵਿੱਚ ਰਹਿੰਦਿਆਂ ਗੁਰਬੀਰ ਸਿੰਘ ਗਰੇਵਾਲ ਵੱਲੋਂ ਕੀਤੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ।